ਛੁੱਟੀਆਂ ਦੇ ਬਾਵਜੂਦ ਸਕੂਲ ਖੋਲ੍ਹਣ ਵਾਲਿਆਂ ਦੇ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ: ਵਿਨੀਤ ਵਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਨਵੰਬਰ:
ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਵਿਨੀਤ ਵਰਮਾ ਨੇ ਜ਼ਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਇੱਕ ਲਿਖਤੀ ਸ਼ਿਕਾਇਤ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਬੀਤੀ 9 ਨਵੰਬਰ ਤੋਂ 11 ਨਵੰਬਰ ਤੱਕ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਸਨ ਪ੍ਰੰਤੂ ਇਸ ਦੌਰਾਨ ਮੁਹਾਲੀ ਸ਼ਹਿਰ ਵਿੱਚ ਕੁੱਝ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਹੁਕਮਾਂ ਨੂੰ ਛਿੱਕੇ ’ਤੇ ਟੰਗ ਕੇ ਆਪਣੇ ਸਕੂਲ ਆਮ ਦਿਨਾਂ ਵਾਂਗ ਖੁੱਲ੍ਹੇ ਗਏ ਹਨ। ਇਸ ਸਬੰਧੀ ਉਨ੍ਹਾਂ ਨੇ ਸਬੂਤ ਵਜੋਂ ਕੁੱਝ ਖੁੱਲ੍ਹੇ ਹੋਏ ਸਕੂਲਾਂ ਦੀਆਂ ਤਸਵੀਰਾਂ ਵੀ ਅਧਿਕਾਰੀਆਂ ਅਤੇ ਮੀਡੀਆ ਨੂੰ ਭੇਜੀਆਂ ਹਨ। ਉਨ੍ਹਾਂ ਸਬੰਧਤ ਸਕੂਲਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਆਪਣੇ ਪੱਤਰ ਵਿਚ ਸ੍ਰੀ ਵਿਨੀਤ ਵਰਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਧੁੰਦ ਅਤੇ ਧੂੰਏ ਕਾਰਨ ਗੰਧਲੇ ਹੋਏ ਵਾਤਾਵਰਨ ਨੂੰ ਦੇਖਦਿਆਂ ਪੰਜਾਬ ਦੇ ਸਕੂਲ ਤਿੰਨ ਦਿਨ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਸਨ ਤਾਂ ਕਿ ਸਕੂਲਾਂ ਵਿੱਚ ਪੜਦੇ ਬੱਚੇ ਇਸ ਵਾਤਾਵਰਨ ਕਾਰਨ ਬਿਮਾਰ ਨਾ ਹੋ ਸਕਣ ਪਰ ਵੇਖਣ ਵਿੱਚ ਆਇਆ ਹੈ ਕਿ ਮੁਹਾਲੀ ਸ਼ਹਿਰ ਦੇ ਕਈ ਸਕੂਲਾਂ ਨੇ ਸਰਕਾਰ ਨੇ ਇਹਨਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਸਰਕਾਰ ਵੱਲੋਂ ਕੀਤੀਆਂ ਛੁੱਟੀਆਂ ਦੇ ਬਾਵਜੂਦ ਇਹ ਸਕੂਲ ਖੋਲੇ ਗਏ ਅਤੇ ਵਿਦਿਆਰਥੀਆਂ ਨੂੰ ਧੁੰਦ ਅਤੇ ਧੂੰਏ ਭਰੇ ਵਾਤਾਵਰਨ ਵਿੱਚ ਹੀ ਸਕੂਲ ਆਉਣ ਲਈ ਮਜਬੂਰ ਕੀਤਾ ਗਿਆ ਹੈ। ਉਹਨਾਂ ਨੇ ਆਪਣੀ ਸ਼ਿਕਾਇਤ ਵਿੱਚ ਦੂਨ ਇੰਟਰਨੈਸ਼ਨਲ ਸਕੂਲ ਅਤੇ ਗੁਰਕੂਲ ਸਕੂਲ ਦੇ ਨਾਮ ਸਮੇਤ ਹੋਰਨਾਂ ਕਈ ਸਕੂਲਾਂ ਦਾ ਜ਼ਿਕਰ ਕੀਤਾ ਹੈ। ਉਹਨਾਂ ਕਿਹਾ ਕਿ ਛੁੱਟੀਆਂ ਵਾਲੇ ਦਿਨਾਂ ਦੌਰਾਨ ਸਕੂਲ ਵਿੱਚ ਆਉਣ ਵਾਲੇ ਬੱਚੇ ਜੇ ਬਿਮਾਰ ਹੋ ਗਏ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ। ਉਹਨਾਂ ਇਸ ਦੌਰਾਨ ਖੁੱਲ੍ਹਣ ਵਾਲੇ ਸਕੂਲਾਂ ਦੀਆਂ ਤਸਵੀਰਾਂ ਵੀ ਡਿਪਟੀ ਕਮਿਸ਼ਨਰ ਨੂੰ ਭੇਜੀਆਂ। ਉਹਨਾਂ ਪੱਤਰ ਦੇ ਅੰਤ ਵਿਚ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਕੀਤੀਆਂ ਛੁੱਟੀਆਂ ਵਾਲੇ ਦਿਨਾਂ ਵਿਚ ਸਕੂਲ ਖੋਲ੍ਹਣ ਵਾਲੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੁਹਾਲੀ ਸ੍ਰੀਮਤੀ ਰਵਿੰਦਰ ਕੌਰ ਨੇ ਕਿਹਾ ਕਿ ਸ਼ਿਕਾਇਤ ਕਰਤਾ ਨੂੰ ਭੇਜੇ ਸੁਨੇਹੇ ਵਿੱਚ ਭਰੋਸਾ ਦਿੱਤਾ ਕਿ ਸਬੰਧਤ ਸਕੂਲਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਲਈ ਸੂਬਾ ਸਰਕਾਰ ਅਤੇ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਭੇਜੀ ਜਾਵੇ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਪ੍ਰਾਈਵੇਟ ਸਕੂਲ ਖੁੱਲ੍ਹੇ ਹੋਣ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਨੇ ਤੁਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਰਿਪੋਰਟ ਤਲਬ ਕਰ ਲਈ ਹੈ ਅਤੇ ਰਿਪੋਰਟ ਮਿਲਣ ਤੋਂ ਬਾਅਦ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਗੁਰਮੇਜ ਸਿੰਘ ਕੈਂਥ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਸਕੂਲ ਖੁੱਲ੍ਹੇ ਰੱਖਣਾ ਪ੍ਰਬੰਧਕਾਂ ਦੀ ਬਹੁਤ ਵੱਡੀ ਗਿਣਤੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਤੇ ਧੱਕਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਕਿਉਂਕਿ ਸਰਕਾਰ ਨੇ ਕੁਝ ਸੋਚ ਸਮਝ ਕੇ ਸਕੂਲਾਂ ਵਿੱਚ ਛੁੱਟੀਆਂ ਦਾ ਫੈਸਲਾ ਲਿਆ ਹੋਵੇਗਾ।
(ਬਾਕਸ)
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਦੂਨ ਇੰਟਰਨੈਸ਼ਨਲ ਸਕੂਲ ਸੈਕਟਰ 69 ਦੀ ਪ੍ਰਿੰਸੀਪਲ ਮਨਜੀਤ ਕੌਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਸਾਰੀਆਂ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਜਦੋਂ ਉਨ੍ਹਾਂ ਨੂੰ ਛੁੱਟੀਆਂ ਦੇ ਬਾਵਜੂਦ ਸਕੂਲ ਖੋ੍ਹਲਣ ਬਾਰੇ ਪੁੱਛਿਆਂ ਦਾ ਉਨ੍ਹਾਂ ਕਹਿਣਾ ਸੀ ਕਿ ਕੁਝ ਦਿਨਾਂ ਬਾਅਦ ਸਕੂਲ ਦਾ ਸਾਲਾਨਾ ਸਮਾਰੋਹ ਹੋਣਾ ਹੈ। ਸਮਾਗਮ ਦੀਆਂ ਤਿਆਰੀਆਂ ਸਬੰਧੀ ਸਮਾਰੋਹ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਵੇਰੇ 10 ਵਜੇ ਤੋਂ ਲੈ ਕੇ 3-4 ਘੰਟੇ ਲਈ ਸਕੂਲ ਬੁਲਾਇਆ ਜਾਂਦਾ ਹੈ।

Load More Related Articles

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…