Nabaz-e-punjab.com

ਅਮਰੀਕਾ ਵਿੱਚ ਬੈਠੇ ਗੈਂਗਸਟਰ ਪਵਿੱਤਰ ਸਿੰਘ ਤੇ ਹੁਸਨਦੀਪ ਨੂੰ ਲਿਆਉਣ ਲਈ ਕਾਰਵਾਈ ਸ਼ੁਰੂ

ਮੁਲਜ਼ਮਾਂ ਨੂੰ ਫੜਨ ਲਈ ਲੁੱਕ ਆਊਟ ਸਰਕੁਲਰ ਜਾਰੀ ਕਰਵਾਉਣ ਦੀ ਲਈ ਯਤਨ ਤੇਜ਼

ਗੈਂਗਸਟਰ ਸੁਖਪ੍ਰੀਤ ਬੁੱਢਾ ਦੀ ਗ੍ਰਿਫ਼ਤਾਰੀ ਨਾਲ ਕਤਲ ਤੇ ਫਿਰੌਤੀ ਮਾਮਲਿਆਂ ਤੋਂ ਉੱਠੇਗਾ ਪਰਦਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਨਵੰਬਰ:
ਪੰਜਾਬ ਪੁਲੀਸ ਨੇ ਅਰਮੀਨੀਆ ਤੋਂ ਗ੍ਰਿਫ਼ਤਾਰ ਖੂੰਖਾਰ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੋ ਹੋਰ ਫਰਾਰ ਗੈਂਗਸਟਰਾਂ ਪਵਿੱਤਰ ਸਿੰਘ ਅਤੇ ਹੁਸਨਦੀਪ ਸਿੰਘ ਦੀ ਪੈੜ ਨੱਪਣ ਲਈ ਕਾਰਵਾਈ ਆਰੰਭ ਦਿੱਤੀ ਹੈ। ਇਹ ਦੋਵੇਂ ਬਦਮਾਸ਼ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਅਮਰੀਕਾ ਵਿੱਚ ਛੁਪੇ ਹੋਣ ਬਾਰੇ ਕਿਹਾ ਜਾ ਰਿਹਾ ਹੈ। ਪੁਲੀਸ ਨੇ ਇੰਟਰਪੋਲ ਦੀ ਮਦਦ ਨਾਲ ਦੋਵਾਂ ਖ਼ਿਲਾਫ਼ ‘ਰੈੱਡ ਕਾਰਨਰ’ ਨੋਟਿਸ ਜਾਰੀ ਕਰਵਾਉਣ ਦੀ ਮੁੱਢਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੰਜਾਬੀ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਦੱਸਿਆ ਕਿ ਹੋਰ ਵੀ ਕਈ ਗੈਂਗਸਟਰ ਜਿਹੜੇ ਵਿਦੇਸ਼ਾਂ ਵਿੱਚ ਛੁਪੇ ਹੋਏ ਹਨ। ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰਿਆਂ ਦੇ ਵੀ ‘ਰੈੱਡ ਕਾਰਨਰ’ ਨੋਟਿਸ ਜਾਰੀ ਕਰਵਾਉਣ ਲਈ ਇੰਟਰਪੋਲ ਦੀ ਮਦਦ ਲਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪਵਿੱਤਰ ਸਿੰਘ ਅਤੇ ਹੁਸਨਦੀਪ ਪਿਛਲੇ ਕੁਝ ਹੀ ਸਮੇਂ ਤੋਂ ਜੱਗੂ ਭਗਵਾਨਪੁਰੀਆ ਨਾਲ ਜੁੜੇ ਰਹੇ ਹਨ ਅਤੇ ਕਤਲ, ਇਰਾਦਾ-ਏ-ਕਤਲ ਅਤੇ ਫਿਰੌਤੀ ਮਾਮਲਿਆਂ ਵਿੱਚ ਪੁਲੀਸ ਨੂੰ ਲੋੜੀਂਦੇ ਹਨ। ਵਿਦੇਸ਼ੀ ਮੁਲਕ ਉਹ ਗਰਮ ਖਿਆਲੀਆਂ ਦੇ ਸੰਪਰਕ ਵਿੱਚ ਦੱਸੇ ਜਾ ਰਹੇ ਹਨ। ਇੰਝ ਹੀ ਗੈਂਗਸਟਰ ਬੁੱਢਾ ਵੀ ਹਾਲ ਹੀ ਵਿੱਚ ਗਰਮਖਿਆਲੀ ਬੰਦਿਆਂ ਨਾਲ ਨੇੜਤਾ ਰੱਖਣ ਕਰਕੇ ਸੁਰਖੀਆ ਵਿੱਚ ਆਇਆ ਸੀ। ਉਸ ਦੇ ਰਾਹੀਂ ਪੰਜਾਬ ਵਿੱਚ ਖਾਲਿਸਤਾਨ ਪੱਖੀ ਮੁਹਿੰਮ ਚਲਾਉਣ ਦੀ ਯੋਜਨਾ ਉਲੀਕੀ ਜਾ ਰਹੀ ਸੀ, ਪ੍ਰੰਤੂ ਪਹਿਲਾਂ ਹੀ ਪੁਲੀਸ ਦੇ ਧੱਕੇ ਚੜ੍ਹ ਗਿਆ।
ਹਾਲਾਂਕਿ ਬੇਅਦਬੀ ਮਾਮਲੇ ਵਿੱਚ ਡੇਰਾ ਸਿਰਸਾ ਦੇ ਕਾਰਕੁਨ ਮਹਿੰਦਰਪਾਲ ਬਿੱਟੂ ਨੂੰ ਨਾਭਾ ਜੇਲ੍ਹ ਵਿੱਚ ਦੋ ਸਿੱਖ ਕੈਦੀਆਂ ਨੇ ਮੌਤ ਦੇ ਘਾਟ ਉਤਾਰਿਆ ਸੀ ਪ੍ਰੰਤੂ ਬਿੱਟੂ ਦੇ ਕਤਲ ਬਾਰੇ ਬੁੱਢਾ ਨੇ ਆਪਣੇ ਫੇਸਬੁੱਕ ਅਕਾਉਂਟ ’ਤੇ ਜ਼ਿੰਮੇਵਾਰੀ ਲਈ ਸੀ। ਪਤਾ ਲੱਗਾ ਹੈ ਕਿ ਪਵਿੱਤਰ ਅਤੇ ਹੁਸਨਦੀਪ ਨੂੰ ਵੀ ਪੁਲੀਸ ਨੇ ਅਮਰੀਕਾ ਤੋਂ ਵਾਪਸ ਲਿਆਉਣ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਿੰਡ ਪੰਡੋਰੀ ਵਿੱਚ ਮਨਦੀਪ ਸਿੰਘ ਨਾਂ ਦੇ ਨੌਜਵਾਨ ਦੀ ਬੇਰਹਿਮ ਹੱਤਿਆ ਤੋਂ ਬਾਅਦ ਇਨ੍ਹਾਂ ਦੋਵੇਂ ਬਦਮਾਸ਼ਾਂ ਦਾ ਨਾਂ ਸਾਹਮਣੇ ਆਇਆ ਹੈ। ਪਵਿੱਤਰ ਗਰੋਹ ਦੇ ਇਕ ਮੈਂਬਰ ਹਰਵਿੰਦਰ ਸਿੰਘ ਸੰਧੂ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਅਪਲੋਡ ਕਰਕੇ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਇਲਾਵਾ ਸੰਧੂ ਨੇ ਅੰਮ੍ਰਿਤਸਰ ਦੇ ਵਸਨੀਕ ਤ੍ਰਿਪਤਪਾਲ ਸਿੰਘ ਉੱਤੇ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲਈ ਸੀ।
ਦੱਸਿਆ ਗਿਆ ਹੈ ਕਿ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਗੈਂਗਸਟਰ ਸੰਧੂ ਨੇ ਕਿਹਾ ਕਿ ਪੰਡੋਰੀ ਵਿੱਚ ਮਨਦੀਪ ਦਾ ਉਨ੍ਹਾਂ ਨੇ ਆਪਣੀ ਅਖ਼ਣ ਖ਼ਾਤਰ ਕਤਲ ਕਰਵਾਇਆ ਸੀ। ਉਨ੍ਹਾਂ ਮਨਦੀਪ ਨਾਲ ਪੁਰਾਣੀ ਦੁਸ਼ਮਣੀ ਸੀ। ਟਿੱਪਣੀ ਦੀ ਸ਼ਬਦਾਵਲੀ ਮੁਤਾਬਕ ਜੇਕਰ ਭਵਿੱਖ ਵਿੱਚ ਕੋਈ ਹੋਰ ਵੀ ਅਜਿਹੀ ਗਲਤੀ ਕਰੇਗਾ ਤਾਂ ਉਸ ਦਾ ਵੀ ਇਹੋ ਹਸ਼ਰ ਹੋਵੇਗਾ।
ਉਧਰ, ਗੈਂਗਸਟਰ ਸੁਖਪ੍ਰੀਤ ਬੁੱਢਾ ਤੋਂ ਪੁਲੀਸ ਨੇ ਗਾਇਕ ਪਰਮੀਸ਼ ਵਰਮਾ ’ਤੇ ਮੁਹਾਲੀ ਵਿੱਚ ਹੋਏ ਜਾਨਲੇਵਾ ਹਮਲੇ ਸਮੇਤ ਗਾਇਕ ਅਤੇ ਗਿੱਪੀ ਗਰੇਵਾਲ ਸਮੇਤ ਹੋਰਨਾਂ ਗਾਇਕਾਂ ਅਤੇ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਉਨ੍ਹਾਂ ਤੋਂ ਫਿਰੌਤੀ ਮੰਗਣ ਬਾਰੇ ਪੁੱਛਗਿੱਛ ਕੀਤੀ ਗਈ। ਉਸ ਤੋਂ ਗਾਇਕ ਕਰਨ ਅੌਜਲਾ ’ਤੇ ਹੋਏ ਹਮਲੇ ਬਾਰੇ ਪੁੱਛਿਆ ਗਿਆ ਹੈ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਫਿਰੌਤੀਆਂ ਮੰਗਦੇ ਹਨ। ਉਨ੍ਹਾਂ ਤੋਂ ਫਿਰੌਤੀ ਦੀ ਰਾਸ਼ੀ ਵਸੂਲਣ ਲਈ ਕੌਣ ਕੌਣ ਲੋਕ ਉਸ ਲਈ ਕੰਮ ਕਰਦੇ ਹਨ। ਸੂਤਰ ਦੱਸਦੇ ਹਨ ਕਿ ਪੁਲੀਸ ਨੇ ਕਤਲ, ਇਰਾਦਾ-ਏ-ਕਤਲ ਅਤੇ ਫਿਰੌਤੀ ਮਾਮਲਿਆਂ ਵਿੱਚ ਪੁਲੀਸ ਦੀ ਜਾਂਚ ਨੂੰ ਕਾਫੀ ਜਾਣਕਾਰੀ ਮਿਲੀ ਹੈ ਪ੍ਰੰਤੂ ਜਾਂਚ ਪ੍ਰਭਾਵਿਤ ਹੋਣ ਦੀ ਦੁਹਾਈ ਦੇ ਕੇ ਕੋਈ ਵੀ ਉੱਚ ਅਧਿਕਾਰੀ ਜਾਂ ਸਥਾਨਕ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…