
ਸੈਕਟਰ-68 ਦੇ ਸਕੂਲ ਦੇ ਮੈਦਾਨ ਵਿੱਚ ਪਸ਼ੂ ਬੰਨਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ: ਬੌਬੀ ਕੰਬੋਜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਮਿਉਂਸਪਲ ਕੌਂਸਲਰ ਬੌਬੀ ਕੰਬੋਜ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੈਕਟਰ-68 ਦੇ ਸਕੂਲ ਦੇ ਮੈਦਾਨ ਵਿੱਚ ਪਸ਼ੂ ਬੰਨ ਕੇ ਗੰਦਗੀ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਅੱਜ ਇੱਕ ਬਿਆਨ ਵਿੱਚ ਕੌਂਸਲਰ ਬੌਬੀ ਕੰਬੋਜ ਨੇ ਕਿਹਾ ਕਿ ਸੈਕਟਰ-68 ਵਿੱਚ ਪੈਂਦੇ ਪਿੰਡ ਕੁੰਭੜਾ ਵਿੱਚ 4-5 ਘਰ ਅਜਿਹੇ ਹਨ। ਜਿਹਨਾਂ ਦੇ ਵਸਨੀਕਾਂ ਵੱਲੋਂ ਸੈਕਟਰ-68 ਦੇ ਸਕੂਲ ਦੇ ਮੈਦਾਨ ਵਿੱਚ ਆਪਣੇ ਪਸ਼ੂ ਬੰਨੇ ਜਾਂਦੇ ਹਨ।
ਉਹਨਾਂ ਪਸ਼ੂਆਂ ਕਾਰਨ ਉੱਥੇ ਕਾਫੀ ਗੰਦਗੀ ਫੈਲਦੀ ਹੈ। ਉਹਨਾਂ ਕਿਹਾ ਕਿ ਉਹ ਖ਼ੁਦ ਇਸ ਸਕੂਲ ਦੇ ਮੈਦਾਨ ਦੀ ਕਈ ਵਾਰ ਸਫਾਈ ਕਰਵਾ ਚੁੱਕੇ ਹਨ ਪਰ ਇੱਥੇ ਬੰਨੇ ਜਾਂਦੇ ਪਸ਼ੂਆਂ ਕਾਰਨ ਮੁੜ ਗੰਦਗੀ ਫੈਲ ਜਾਂਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਦੀ ਸ਼ਿਕਾਇਤ ਕਈ ਵਾਰ ਨਗਰ ਨਿਗਮ ਨੂੰ ਕੀਤੀ ਹੈ ਜਦੋਂ ਨਗਰ ਨਿਗਮ ਦੇ ਕਰਮਚਾਰੀ ਇਹਨਾਂ ਪਸ਼ੂਆਂ ਨੂੰ ਫੜਦੇ ਹਨ ਤਾਂ ਇਹ ਲੋਕ ਕਰਮਚਾਰੀਆਂ ਉੱਪਰ ਹਮਲਾ ਕਰਕੇ ਆਪਣੇ ਪਸ਼ੂ ਛੁਡਵਾ ਲੈਂਦੇ ਹਨ। ਪੁਲੀਸ ਵੱਲੋਂ ਵੀ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਹਨਾਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਇਸ ਸਕੂਲ ਦੇ ਮੈਦਾਨ ਵਿਚ ਪਸ਼ੂ ਬੰਨਣੇ ਬੰਦ ਨਾ ਕਰਵਾਏ ਤਾਂ ਉਹ ਪੁਲੀਸ ਅਤੇ ਪ੍ਰਸ਼ਾਸ਼ਨ ਵਿਰੁੱਧ ਧਰਨਾ ਦੇਣਗੇ।