
ਮੁੱਖ ਮੰਤਰੀ ਤੋਂ ਇੱਛਾ ਮੌਤ ਦੀ ਇਜ਼ਾਜਤ ਮੰਗਣ ਤੋਂ ਬਾਅਦ ਸ਼ੁਰੂ ਹੋਈ ਸ਼ਿਕਾਇਤ ’ਤੇ ਕਾਰਵਾਈ
ਮਿਲਕ ਪਲਾਂਟ ਮੁਹਾਲੀ ਦੇ ਦੁੱਧ ਦੀ ਢੋਆ ਢੁਆਈ ਦੇ ਮਾਮਲੇ ਵਿੱਚ ਸ਼ਿਕਾਇਤ ਕਰਤਾ ਨੇ ਲਗਾਏ ਸੀ ਗੰਭੀਰ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਸਤੰਬਰ:
ਜ਼ਿਲ੍ਹਾ ਮੋਗਾ ਦੇ ਪਿੰਡ ਮਸੀਤਾਂ ਦੇ ਵਸਨੀਕ ਨਛੱਤਰ ਸਿੰਘ ਵੱਲੋਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮਿਲਕ ਪਲਾਂਟ ਮੁਹਾਲੀ ਦੇ ਅਧਿਕਾਰੀਆਂ ਵੱਲੋਂ ਪਲਾਂਟ ਵਿੱਚ ਬੰਦ ਕਰਕੇ ਰੱਖੀ ਗਈ ਉਸਦੀ ਗੱਡੀ ਦੇ ਮਾਮਲੇ ਵਿੱਚ ਇਨਸਾਫ਼ ਦੇਣ ਜਾਂ ਉਸ ਨੂੰ ਇੱਛਾ ਅਨੁਸਾਰ ਮਰਨ ਦੀ ਇਜ਼ਾਜਤ ਦੇਣ ਦੀ ਮੰਗ ਕੀਤੀ ਗਈ ਸੀ। ਮੁੱਖ ਮੰਤਰੀ ਦਫ਼ਤਰ ਵੱਲੋਂ ਉਸ ਦੀ ਸ਼ਿਕਾਇਤ ’ਤੇ ਲੋੜੀਂਦੀ ਕਾਰਵਾਈ ਕਰਨ ਲਈ ਰੂਪਨਗਰ ਦੇ ਆਈਜੀ ਨੂੰ ਕਿਹਾ ਗਿਆ ਹੈ। ਇਸ ਮਗਰੋਂ ਹੁਣ ਸ਼ਿਕਾਇਤ ਦੀ ਪੜਤਾਲ ਫੇਜ਼-1 ਥਾਣੇ ਨੂੰ ਸੌਂਪੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਮਨਫੂਲ ਸਿੰਘ ਵੱਲੋਂ ਪੀੜਤ ਨਛੱਤਰ ਸਿੰਘ ਦੇ ਬਿਆਨ ਦਰਜ ਕਰਕੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਛੱਤਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜਣ ਤੋਂ ਬਾਅਦ ਕਾਰਵਾਈ ਸ਼ੁਰੂ ਹੋਣ ਨਾਲ ਉਸ ਨੂੰ ਇਨਸਾਫ਼ ਦੀ ਆਸ ਬੱਝ ਗਈ ਹੈ। ਉਨ੍ਹ੍ਾਂ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਮੁੱਖ ਮੰਤਰੀ ਦਫ਼ਤਰ ਵਿੱਚ ਤਾਇਨਾਤ ਇਕ ਮਹਿਲਾ ਮੁਲਾਜ਼ਮ ਦੇ ਪਤੀ ਨੇ ਉਸ ਦੀ ਗੱਡੀ ਦੀ ਕਥਿਤ ਜਾਅਲੀ ਆਰਸੀ ਅਤੈ ਹੋਰ ਦਸਤਾਵੇਜ਼ ਤਿਆਰ ਕਰਕੇ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵੇਰਕਾ ਮਿਲਕ ਪਲਾਂਟ ਦਾ ਟੈਂਡਰ ਆਪਣੇ ਨਾਮ ਕਰਵਾ ਲਿਆ ਹੈ। ਜਿਸ ਕਾਰਨ ਉਸ ਦਾ ਕਾਰੋਬਾਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਇਸ ਸਬੰਧੀ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਮਾਰਚ 2018 ਤੋੲ ਉਸ ਦਾ ਕਾਰੋਬਾਰ ਬੰਦ ਹੋਣ ਕਾਰਨ ਉਹ ਦਿਹਾੜੀ ਕਰਨ ਲਈ ਮਜਬੂਰ ਹੈ। ਜਿਸ ਕਾਰਨ ਉਸ ਨੇ ਥੱਕ ਹਾਰ ਕੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਇਨਸਾਫ਼ ਦੇਣ ਜਾਂ ਉਸ ਨੂੰ ਆਪਣੀ ਇੇੱਛਾ ਅਨੁਸਾਰ ਮਰਨ ਦੀ ਇਜ਼ਾਜਤ ਦੇਣ ਦੀ ਮੰਗ ਕੀਤੀ ਸੀ।
ਉਧਰ, ਥਾਣਾ ਮੁਖੀ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਅੱਜ ਪੀੜਤ ਨਛੱਤਰ ਸਿੰਘ ਤੋਂ ਉਸ ਦੀ ਸ਼ਿਕਾਇਤ ਦੇ ਵੇਰਵੇ ਹਾਸਲ ਕੀਤੇ ਗਏ ਹਨ ਅਤੇ ਇਸ ਸਬੰਧੀ ਸ਼ਿਕਾਇਤ ਕਰਤਾ ਵੱਲੋਂ ਦਿੱਤੇ ਗਏ ਦਸਤਾਵੇਜ਼ਾਂ ਦੇ ਆਧਾਰ ’ਤੇ ਮਿਲਕ ਪਲਾਟ ਦੇ ਅਧਿਕਾਰੀਆਂ ਸਮੇਤ ਬਾਕੀ ਵਿਅਕਤੀਆਂ ਨੂੰ ਜਾਂਚ ਵਿੱਚ ਸ਼ਾਮਲ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਕੋਈ ਵੀ ਕਸੂਰਵਾਰ ਪਾਇਆ ਗਿਆ। ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।