ਢੱਡਰੀਆਂਵਾਲਾ ਵਿਵਾਦ: ਤੀਜੀ ਵਾਰ ਅਕਾਲ ਤਖ਼ਤ ’ਤੇ ਪੇਸ਼ ਨਾ ਹੋਣ ’ਤੇ ਹੋਵੇਗੀ ਕਾਰਵਾਈ: ਜਥੇਦਾਰ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਢੱਡਰੀਆਂ ਵਾਲੇ ਦੇ ਸੂਰਜ ਪ੍ਰਕਾਸ਼ ਗ੍ਰੰਥ ’ਤੇ ਚੁੱਕੇ ਸਵਾਲ ਬੇਬੁਨਿਆਦ

ਦੋਵਾਂ ਧਿਰਾਂ ਦੇ ਇਕੱਠੇ ਬੈਠਣ ਤੇ ਆਪਸੀ ਗੱਲਬਾਤ ਰਾਹੀਂ ਹੋ ਸਕਦਾ ਹੈ ਵਿਵਾਦ ਦਾ ਹੱਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਫਰਵਰੀ:
ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪ੍ਰਚਾਰ ਤੋਂ ਬਾਅਦ ਪੈਦਾ ਹੋਇਆਂ ਧਾਰਮਿਕ ਵਿਵਾਦ ਦਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ। ਅੱਜ ਇੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਆਖਿਆ ਕਿ ਜੇਕਰ ਹੁਣ ਤੀਜੀ ਵਾਰ ਵੀ ਢੱਡਰੀਆਂ ਵਾਲਾ ਅਕਾਲ ਤਖ਼ਤ ’ਤੇ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਖ਼ਿਲਾਫ਼ ਐਕਸ਼ਨ ਲਿਆ ਜਾਵੇਗਾ। ਉਂਜ ਜਥੇਦਾਰ ਨੇ ਇਹ ਵੀ ਕਿਹਾ ਕਿ ਜੇਕਰ ਢੱਡਰੀਆਂ ਵਾਲਾ ਗੱਲਬਾਤ ਲਈ ਰਾਜ਼ੀ ਹੋਵੇ ਤਾਂ ਇਸ ਬੇਲੋੜੇ ਵਿਵਾਦ ਦਾ ਢੁਕਵਾਂ ਹੱਲ ਹੋ ਸਕਦਾ ਹੈ। ਗਿਆਨੀ ਹਰਪ੍ਰੀਤ ਸਿੰਘ ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਤਿੰਨ ਰੋਜ਼ਾ ਜੋੜ ਮੇਲ ਦੇ ਅਖੀਰਲੇ ਦਿਨ ਗੁਰਮਤਿ ਸਮਾਗਮ ਵਿੱਚ ਸ਼ਾਮਲ ਹੋਣ ਪਹੁੰਚੇ ਸੀ।
ਜਥੇਦਾਰ ਨੇ ਕਿਹਾ ਕਿ ਢੱਡਰੀਆਂ ਵਾਲੇ ਦੇ ਸੂਰਜ ਪ੍ਰਕਾਸ਼ ਗ੍ਰੰਥ ਤੇ ਸਵਾਲ ਬਿਲਕੁਲ ਬੇਬੁਨਿਆਦ ਹਨ। ਇਸ ਸਬੰਧੀ ਉਨ੍ਹਾਂ (ਢੱਡਰੀਆਂ ਵਾਲਾ) ਦੇ ਪ੍ਰਚਾਰ ਤੋਂ ਪੈਦਾ ਹੋਏ ਵਿਵਾਦ ਨੂੰ ਠੱਲ੍ਹਣ ਲਈ ਦੋ ਵਾਰ ਆਪਣਾ ਪੱਖ ਰੱਖਣ ਲਈ ਸੱਦਿਆ ਜਾ ਗਿਆ ਹੈ ਲੇਕਿਨ ਉਹ ਨਹੀਂ ਆਏ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਕੋਈ ਵੀ ਮਸਲਾ ਨਹੀਂ ਹੈ, ਜੋ ਆਪਸੀ ਗੱਲਬਾਤ ਰਾਹੀਂ ਹੱਲ ਨਾ ਹੋ ਸਕਦਾ ਹੋਵੇ। ਬੱਸ, ਇਸ ਧਿਰ ਨੂੰ ਪਹਿਲ ਕਰਨ ਦੀ ਲੋੜ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਜੇਕਰ ਹੁਣ ਤੀਜੀ ਵਾਰ ਵੀ ਬੁਲਾਏ ਜਾਣ ’ਤੇ ਢੱਡਰੀਆਂ ਵਾਲਾ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਨਹੀਂ ਹੁੰਦੇ ਹਨ ਤਾਂ ਇਸ ਸਬੰਧੀ ਪੰਥਕ ਧਿਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ (ਢੱਡਰੀਆਂ ਵਾਲਾ) ਖ਼ਿਲਾਫ਼ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
ਉਧਰ, ਇਸ ਵਿਵਾਦ ਦੇ ਨਿਪਟਾਰੇ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਵੀ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਨੂੰ ਕਿਹਾ ਗਿਆ ਹੈ ਕਿ ਉਹ (ਢੱਡਰੀਆਂ ਵਾਲਾ) ਖ਼ੁਦ ਤਰੀਕ, ਸਮਾਂ ਅਤੇ ਥਾਂ ਨਿਸ਼ਚਿਤ ਕਰਦੇ ਹਨ ਤਾਂ ਜੋ ਗੱਲਬਾਤ ਰਾਹੀਂ ਪੈਦਾ ਹੋਏ ਵਿਵਾਦ ਨੂੰ ਹੱਲ ਕੀਤਾ ਜਾ ਸਕੇ , ਪ੍ਰੰਤੂ ਢੱਡਰੀਆਂ ਵਾਲਾ ਕੋਈ ਵੀ ਗੱਲ ਮੰਨਣ ਜਾਂ ਸੁਣਨ ਨੂੰ ਤਿਆਰ ਨਹੀਂ ਹਨ। ਅਖੀਰ ਵਿੱਚ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਤੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਚਰਨਜੀਤ ਸਿੰਘ ਕਾਲੇਵਾਲ ਅਤੇ ਐਸਜੀਪੀਸੀ ਮੈਨੇਜਰ ਰਜਿੰਦਰ ਸਿੰਘ ਟੌਹੜਾ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …