
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਜਥੇਬੰਦੀ ਦੀਆਂ ਸਾਲਾਨਾ ਚੋਣਾਂ ਲਈ ਸਰਗਰਮੀਆਂ ਤੇਜ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀਆਂ ਦੀਆਂ ਸਾਲਾਨਾ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅੱਜ ਖੰਗੂੜਾ-ਗਰੁੱਪ ਨੂੰ ਉਸ ਸਮੇਂ ਹੋਰ ਬਲ ਮਿਲਿਆਂ ਜਦੋਂ ਮੌਜੂਦਾ ਜਥੇਬੰਦੀ ਦੇ ਮੈਂਬਰ ਵੱਲੋਂ ਅਸਤੀਫਾ ਦਿੰਦਿਆਂ ਖੰਗੂੜਾ-ਗਰੁੱਪ ਵਿੱਚ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਪਰਵਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਅੱਜ ਖੰਗੂੜਾ-ਗਰੁੱਪ ਦੀ ਹੋਈ ਮੀਟਿੰਗ ਵਿੱਚ ਪਿਛਲੇ ਕਈ ਸਾਲਾਂ ਤੋਂ ਜਥੇਬੰਦੀ ਵਿੱਚ ਸਰਗਰਮ ਰਹੇ ਆਗੂ ਗੁਰਜੀਤ ਸਿੰਘ ਬੀਦੋਵਾਲੀ ਅਤੇ ਹਰਦੀਪ ਸਿੰਘ ਗਿੱਲ ਵੱਲੋਂ ਖੰਗੂੜਾ ਗਰੁੱਪ ਵਿੱਚ ਸ਼ਮੂਲੀਅਤ ਕੀਤੀ। ਸ੍ਰੀ ਖੰਗੂੜਾ ਨੇ ਦੱਸਿਆ ਕਿ ਸ੍ਰੀ ਬੀਦੋਵਾਲੀ ਪਿਛਲੇ ਕਾਫੀ ਸਮੇਂ ਤੋਂ ਮੁਲਾਜ਼ਮਾਂ ਮਸਲਿਆਂ ਲਈ ਜਥੇਬੰਦੀ ਦੇ ਵੱਖ-ਵੱਖ ਅਹੁਦਿਆਂ ਦੇ ਰਹਿ ਕੇ ਕੰਮ ਕਰਦੇ ਆ ਰਹੇ ਹਨ। ਇਸੇ ਤਰ੍ਹਾਂ ਸ੍ਰੀ ਹਰਦੀਪ ਸਿੰਘ ਗਿੱਲ ਅਨੁਸੂਚਿਤ ਜਾਤੀ ਭਲਾਈ ਕਰਮਚਾਰੀ ਐਸੋਸੀਏਸ਼ਨ ਦੇ ਪਿਛਲੇ ਕਾਫੀ ਸਮੇਂ ਤੋਂ ਪ੍ਰਧਾਨ ਰਹੇ ਹਨ। ਉਨ੍ਹਾਂ ਦੀ ਵੀ ਮੁਲਾਜ਼ਮਾਂ ਵਿੱਚ ਕਾਫੀ ਅਧਾਰ ਹੈ। ਇਨ੍ਹਾਂ ਆਗੂਆਂ ਦੇ ਖੰਗੂੜਾ ਗਰੁੱਪ ’ਚ ਸ਼ਾਮਲ ਹੋਣ ਨਾਲ ਕਾਫ਼ੀ ਬਲ ਮਿਲਿਆ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰਜੀਤ ਸਿੰਘ ਬੀਦੋਵਾਲੀ ਨੇ ਕਿਹਾ ਕਿ ਮੌਜੂਦਾ ਜਥੇਬੰਦੀ ਵਿੱਚ ਗੁੱਟਬੰਦੀ ਕਾਫੀ ਭਾਰੂ ਹੋਣ ਕਾਰਨ, ਮੁਲਾਜ਼ਮ ਮਸਲਿਆਂ ਤੇ ਸਹਿਮਤੀ ਨਹੀਂ ਬਣਦੀ ਜਿਸ ਨਾਲ ਮੁਲਾਜ਼ਮ ਮਸਲੇ ਲਮਕ ਵਿੱਚ ਚੱਲ ਰਹੇ ਹਨ। ਮੌਜੂਦਾ ਜਥੇਬੰਦੀ ਦੇ ਆਗੂ ਆਪੋ-ਆਪਣੀਆਂ ਨਿੱਜੀ ਵੋਟਾਂ ਜੋੜਨ ਦੇ ਚੱਕਰ ਵਿੱਚ ਮੁਲਾਜ਼ਮਾਂ ਦੇ ਮਸਲਿਆਂ ਤੇ ਪਹਿਰਾ ਨਹੀਂ ਦੇ ਰਹੇ। ਮੇਰੇ ਵੱਲੋਂ ਮੁਲਾਜ਼ਮਾਂ ਦੇ ਮਸਲਿਆਂ ਨੂੰ ਨੇਪਰੇ ਚਾੜ੍ਹਨ ਲਈ ਕਈ ਵਾਰ ਜਥੇਬੰਦੀ ਵਿੱਚ ਗੱਲ ਰੱਖੀ ਪਰੰਤੂ ਗੁੱਟਬੰਦੀ ਭਾਰੂ ਹੋਣ ਕਾਰਨ ਮੁਲਾਜਮਾਂ ਦੇ ਮਸਲੇ ਨੂੰ ਮੁੱਖ ਨਹੀਂ ਰੱਖਿਆ। ਇਨ੍ਹਾਂ ਸਾਰੀਆਂ ਗੱਲਾਂ ਦੇ ਚੱਲਦਿਆਂ ਮੇਰੇ ਵੱਲੋਂ ਆਪਣੇ ਸਾਥੀਆਂ ਸਮੇਤ ਖੰਗੂੜਾ ਗਰੁੱਪ ਨੂੰ ਸ਼ਮੂਲੀਅਤ ਕੀਤਾ ਗਈ।
ਇਸੇ ਤਰ੍ਹਾਂ ਖੰਗੂੜਾ ਗਰੁੱਪ ਵਿੱਚ ਸ਼ਾਮਲ ਹੋਏ ਸ੍ਰੀ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਮੈਂ ਪਿਛਲੇ ਲੰਮੇ ਸਮੇਂ ਤੋਂ ਅਨੂਸੂਚਿਤ ਜਾਤੀ ਭਲਾਈ ਕਰਮਚਾਰੀ ਐਸੋਸੀਏਸ਼ਨ ਵਿੱਚ ਪ੍ਰਧਾਨਗੀ ਦੇ ਅਹੁਦੇ ਤੇ ਸੇਵਾ ਨਿਭਾ ਰਿਹਾ ਹਾਂ। ਆਉਣ ਵਾਲੇ ਸਮੇਂ ਵਿੱਚ ਮੇਰੇ ਵੱਲੋਂ ਮੁਲਾਜ਼ਮਾਂ ਦੀ ਬੇਹਤਰੀ ਲਈ ਆਉਣ ਵਾਲੀਆਂ ਚੋਣਾਂ ਵਿੱਚ ਖੰਗੂੜਾ ਗਰੁੱਪ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਜਾਵੇਗਾ।
ਸ੍ਰੀ ਪਰਵਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਖੰਗੂੜਾ ਗਰੁੱਪ ਵੱਲੋਂ ਜਥੇਬੰਦੀ ਦੀਆਂ ਚੋਣਾਂ ਸੰਵਿਧਾਨ ਅਨੁਸਾਰ ਸਮੇਂ ਸਿਰ ਕਰਵਾਉਣ ਲਈ ਜਥੇਬੰਦੀ ਦੇ ਪ੍ਰਧਾਨ/ਜਨਰਲ ਸਕੱਤਰ ਦੇ ਨਾਮ ਮਿਤੀ: 22-12-2022 ਨੂੰ ਪੱਤਰ ਲਿਖਿਆ ਸੀ। ਜਾਰੀ ਪੱਤਰ ਵਿੱਚ ਲਿਖਿਆ ਸੀ ਕਿ 22 ਨਵੰਬਰ 2022 ਨੂੰ ਜਥੇਬੰਦੀ ਦੇ ਕਾਰਜਕਾਲ ਨੂੰ 11 ਮਹੀਨੇ ਪੂਰੇ ਹੋ ਚੁੱਕੇ ਹਨ। ਜਥੇਬੰਦੀ ਦੀ ਪੁਰਾਣੀ ਪ੍ਰਥਾ ਅਨੁਸਾਰ ਅਗਲੀਆਂ ਸਾਲਾਨਾ ਚੋਣਾਂ ਦੀ ਮਿਤੀ ਦਾ ਐਲਾਨ ਮੁਲਾਜ਼ਮਾਂ ਦਾ ਜਨਰਲ ਇਜਲਾਸ ਬੁਲਾ ਕੇ ਕੀਤਾ ਜਾਂਦਾ ਰਿਹਾ ਹੈ ਪਰੰਤੂ ਜਥੇਬੰਦੀ ਵੱਲੋਂ ਅਗਲੀਆਂ ਸਾਲਾਨਾ ਚੋਣਾਂ ਕਰਵਾਉਣ ਸਬੰਧੀ ਹੁਣ ਤੱਕ ਕੋਈ ਐਲਾਨ ਨਹੀਂ ਕੀਤਾ ਜਾ ਰਿਹਾ ਹੈ। ਜੇਕਰ ਚੋਣਾਂ ਦਾ ਸਮੇਂ ਸਿਰ ਐਲਾਨ ਨਹੀਂ ਕੀਤਾ ਗਿਆ ਤਾਂ ਮੁਲਾਜ਼ਮਾਂ ਦਾ ਜਨਰਲ ਇਜਲਾਸ ਬੁਲਾ ਕੇ ਮੁਲਾਜ਼ਮਾਂ ਦੀ ਇੱਛਾ ਅਨੁਸਾਰ ਸਾਲ 2023 ਦੀਆਂ ਚੋਣਾਂ ਕਰਵਾਉਣ ਸਬੰਧੀ ਮਿਤੀ ਦਾ ਐਲਾਨ ਕਰ ਦਿੱਤਾ ਜਾਵੇਗਾ।
ਮੀਟਿੰਗ ਦੇ ਅੰਤ ਵਿੱਚ ਗਰੁੱਪ ਦੇ ਜਨਰਲ ਸਕੱਤਰ ਸ੍ਰੀ ਪਰਮਜੀਤ ਸਿੰਘ ਬੈਨੀਪਾਲ ਨੇ ਖੰਗੂੜਾ ਗਰੁੱਪ ਦੇ ਸਾਥੀਆਂ ਨੂੰ ਅਪੀਲ ਕੀਤੀ ਕਿ ਬੋਰਡ ਦੇ ਸੁਨਹਿਰੀ ਭਵਿੱਖ ਲਈ ਆਉਣ ਵਾਲੇ ਦਿਨਾਂ ਵਿੱਚ ਵੱਧ ਚੜਕੇ ਪੂਰੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਜਾ ਸਕੇ। ਮੀਟਿੰਗ ਨੂੰ ਗੁਰਚਰਨ ਸਿੰਘ ਤਰਮਾਲਾ, ਸਤਨਾਮ ਸਿੰਘ ਸੱਤਾ, ਲਖਵਿੰਦਰ ਸਿੰਘ ਘੜੂੰਆ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਕੁਲਵਿੰਦਰ ਸਿੰਘ ਸ਼ੇਰਗਿੱਲ, ਗੁਰਪ੍ਰੀਤ ਸਿੰਘ ਚਾਓਮਾਜਰਾ, ਮਲਕੀਤ ਸਿੰਘ ਗੱਗੜ, ਕੁਲਦੀਪ ਸਿੰਘ ਮੰਡੇਰ, ਹਰਦੀਪ ਸਿੰਘ, ਜਸਵਿੰਦਰ ਸਿੰਘ ਕਲੌੜ, ਜਸਪ੍ਰੀਤ ਸਿੰਘ ਗਿੱਲ, ਜਸਪਾਲ ਸਿੰਘ ਟਹਿਣਾ, ਮਨਜਿੰਦਰ ਸਿੰਘ, ਅਸ਼ਵਨੀ ਕੁਮਾਰ, ਸੰਦੀਪ ਕੁਮਾਰ, ਸੁਰਿੰਦਰ ਸਿੰਘ, ਸਵਰਨ ਸਿੰਘ ਤਿਊੜ, ਸਰਬਜੀਤ ਸਿੰਘ, ਪ੍ਰਵੀਨ ਕੁਮਾਰ, ਰਾਜ ਕੁਮਾਰ ਗਾਂਧੀ, ਰੁਪਿੰਦਰ ਸਿੰਘ, ਅਵਤਾਰ ਸਿੰਘ ਖਰੜ, ਲਖਵਿੰਦਰ ਸਿੰਘ, ਬਲਕਾਰ ਸਿੰਘ, ਸੁਖਵਿੰਦਰ ਸਿੰਘ ਹਾਜ਼ਰ ਸਨ।