ਕੁਰਾਲੀ ਵਿੱਚ ਠੱਗ ਗਰੋਹ ਸਰਗਰਮ, ਤਰਸ ਦੇ ਆਧਾਰ ’ਤੇ ਮੰਗਦੇ ਨੇ ਲੋਕਾਂ ਤੋਂ ਪੈਸੇ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਮਈ:
ਸ਼ਹਿਰ ਵਿਚ ਦਿਨੋ-ਦਿਨ ਵਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਬਾਅਦ ਹੁਣ ਸ਼ਹਿਰ ਵਿਚ ਠੱਗਾਂ ਦਾ ਇਕ ਗਰੋਹ ਸਰਗਰਮ ਹੈ। ਇਸ ਬਾਰੇ ਬੀਤੀ ਰਾਤ ਉਦੋਂ ਪਤਾ ਲੱਗਾ ਜਦੋ ਸ਼ਹਿਰ ਦੇ ਮੋਰਿੰਡਾ ਰੋਡ ਤੇ ਸਥਿਤ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਲਾਗੇ 5 ਆਦਮੀ, 6 ਅੌਰਤਾਂ ਕੁਝ ਬੱਚੇ ਸ਼ੱਕੀ ਹਾਲਤ ਵਿਚ ਘੁੰਮਦੇ ਮਿਲੇ ਜੋ ਆਪਣੇ ਆਪ ਨੂੰ ਨਾਂਦੇੜ ਸਾਹਿਬ ਤੋਂ ਆਏ ਦੱਸ ਕੇ ਲੋਕਾਂ ਤੋਂ ਪੈਸੇ ਮੰਗਦੇ ਸਨ। ਇਨ੍ਹਾਂ ਠੱਗ ਕਿਸਮ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਨਾਂਦੇੜ ਸਾਹਿਬ ਤੋਂ ਰੇਲ ਗੱਡੀ ਰਾਂਹੀ ਪੰਜਾਬ ਵਿੱਚ ਮਿਹਨਤ ਮਜਦੂਰੀ ਕਰਨ ਲਈ ਆਏ ਸਨ। ਉਨ੍ਹਾਂ ਨੂੰ ਇਥੇ ਉਨ੍ਹਾਂ ਦੇ ਪਿੰਡ ਦਾ ਹੀ ਇਕ ਬੰਦਾ ਜੋ ਆਪਣੇ ਆਪ ਨੂੰ ਠੇਕੇਦਾਰ ਕਹਿੰਦਾ ਸੀ, ਲੈ ਕੇ ਆਇਆ ਸੀ।ਉਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਉਕਤ ਠੇਕੇਦਾਰ ਨੇ ਉਨ੍ਹਾਂ ਤੋਂ ਆਉਂਦੇ ਵੇਲੇ ਰੇਲ ਗੱਡੀ ਵਿਚ ਸਾਰੇ ਪੈਸੇ ਇਹ ਕਹਿ ਕੇ ਲੈ ਲਏ ਕਿ ਗੱਡੀ ਵਿੱਚ ਚੋਰੀ ਚਕਾਰੀ ਬਹੁਤ ਹੁੰਦੀ ਹੈ ਤੇ ਸਫਰ ਲਈ ਟਿਕਟਾਂ ਵੀ ਲੈਣੀਆਂ ਹਨ। ਅਸੀਂ ਸਾਰਿਆਂ ਨੇ ਪੈਸੇ ਉਸ ਨੂੰ ਦੇ ਦਿੱਤੇ ਤੇ ਉਹ ਸਾਨੂੰ ਝਾਂਸਾ ਦੇ ਕੇ ਸਾਡੇ ਕੋਲੋਂ ਪੈਸੇ ਲੈ ਕੇ ਫਰਾਰ ਹੋ ਗਿਆ।
ਹੁਣ ਸਾਡੇ ਕੋਲ ਵਾਪਿਸ ਘਰ ਜਾਣ ਲਈ ਪੈਸੇ ਨਹੀਂ ਹਨ। ਇਥੇ ਜ਼ਿਕਰਯੋਗ ਹੈ, ਕੋਈ 2 ਕੁ ਮਹੀਨੇ ਪਹਿਲਾਂ ਵੀ ਇਹ ਗਿਰੋਹ ਅਜਿਹੇ ਬਹਾਨੇ ਬਣਾ ਕੇ ਲੋਕਾਂ ਤੋਂ ਸ਼ਹਿਰ ਵਿੱਚ ਪੈਸੇ ਇਕੱਠੇ ਕਰਦਾ ਪਹਿਰੇਦਾਰ ਦੇ ਪੱਤਰਕਾਰ ਨੂੰ ਮਿਲਿਆ ਸੀ ਤੇ ਪੱਤਰਕਾਰ ਵਲੋਂ ਇਨ੍ਹਾਂ ਦੀ ਮਾਲੀ ਮਦਦ ਕੀਤੀ ਸੀ। ਪਰ ਹੁਣ ਜਦੋਂ ਇਹ ਠੱਗ ਗਿਰੋਹ ਦੇ ਮੈਂਬਰ ਦੁਬਾਰਾ ਉਸੇ ਤਰੀਕੇ ਨਾਲ ਪੈਸੇ ਇਕੱਠੇ ਕਰਦੇ ਮਿਲੇ ਤਾਂ ਸ਼ੱਕ ਪੈਣ ਤੇ ਪੱਤਰਕਾਰ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪਰ ਜਦੋਂ ਤੱਕ ਪੁਲਿਸ ਮੌਕੇ ਤੇ ਪਹੁੰਚੀ ਤਦ ਤੱਕ ਇਸ ਠੱਗ ਗਿਰੋਹ ਦੇ ਲੋਕ ਹਨੇਰੇ ਦਾ ਫਾਇਦਾ ਚੁੱਕਦਿਆਂ ਗਲੀਆਂ ਵਿੱਚ ਲੁੱਕ ਛਿੱਪ ਗਏ ਤੇ ਮੋਕੇ ਤੋਂ ਫਰਾਰ ਹੋ ਗਏ। ਪੁਲਿਸ ਵਲੋਂ ਇਹਨਾਂ ਠੱਗਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ ਕੀਤੀ ਗਈ ਪਰ ਕਾਮਯਾਬੀ ਨਹੀ ਮਿਲੀ। ਇਸ ਸਬੰਧੀ ਸਮਾਜ ਸੇਵੀ ਹਰੀਸ਼ ਕੌਸ਼ਲ ਨੇ ਕਿਹਾ ਸ਼ਹਿਰ ਵਿੱਚ ਅਜਿਹੀਆਂ ਘਟਨਾਵਾਂ ਦਾ ਹੋਣਾ ਚਿੰਤਾ ਦਾ ਵਿਸ਼ਾ ਹੈ। ਅਕਸਰ ਅਸੀਂ ਦੇਖਦੇ ਹਾਂ, ਬੱਸ ਅੱਡੇ, ਰੇਲਵੇ ਸਟੇਸ਼ਨ ਜਾਂ ਚੌਕਾਂ ਤੇ ਜੋ ਲੋਕ ਭੀਖ ਮੰਗਦੇ ਹਨ ਉਨ੍ਹਾਂ ਦੇ ਨਾਲ ਗੋਦ ਚੁੱਕੇ ਬੱਚੇ ਹੁੰਦੇ ਹਨ। ਕਿ ਇਹ ਬੱਚੇ ਇਹਨਾਂ ਦੇ ਹੀ ਹੁੰਦੇ ਹਨ ਜਾਂ ਇਹ ਕਿਤੋਂ ਚੋਰੀ ਜਾਂ ਅਗਵਾ ਕਰਕੇ ਲਿਆਂਦੇ ਹੋਏ ਹੁੰਦੇ ਹਨ। ਇਹ ਸੋਚਣ ਵਾਲੀ ਗੱਲ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿਚ ਵਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਅਜਿਹੇ ਲੋਕਾਂ ਦੀ ਪਛਾਣ ਕਰਕੇ, ਉਨ੍ਹਾਂ ਵਿਰੁਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …