Share on Facebook Share on Twitter Share on Google+ Share on Pinterest Share on Linkedin ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸਕੂਲ ਵੀ ਬਣਨਗੇ ਹੁਣ ਮਾਡਲ ਸਕੂਲ ਆਦਰਸ਼ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਯੋਗ ਪੈਰਵੀ ਕੀਤੀ ਜਾਵੇਗੀ: ਕਲੋਹੀਆ ਵਧੀਆ ਨਤੀਜਿਆਂ ਲਈ ਸਾਰੇ ਪ੍ਰਿੰਸੀਪਲ ਖ਼ੁਦ ਵੀ ਕਲਾਸ ਵਿੱਚ ਜਾ ਕੇ ਬੱਚਿਆਂ ਨੂੰ ਪੜ੍ਹਾਉਣ: ਬਲਦੇਵ ਸਚਦੇਵਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਪਿਛਲੇ ਚਾਰ ਦਹਾਕਿਆਂ ਤੋਂ 6 ਜ਼ਿਲ੍ਹਿਆਂ ਵਿੱਚ ਚਲਾਏ ਜਾ ਰਹੇ 11 ਆਦਰਸ਼ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਅਜਿਹੀ ਸੁਹਿਰਦਤਾ ਨਾਲ ਚਲਾਇਆ ਜਾਵੇ ਕਿ ਉਹ ਸੂਬੇ ਵਿੱਚ ਨਮੂਨੇ ਦੇ ਅਦਾਰੇ ਬਣ ਸਕਣ ਅਤੇ ਭਵਿੱਖ ਵਿੱਚ ਹੋਰ ਵੀ ਚੰਗੇ ਨਤੀਜੇ ਸਾਹਮਣੇ ਆਉਣ। ਸ੍ਰੀ ਕਲੋਹੀਆ ਨੇ ਬੁੱਧਵਾਰ ਨੂੰ ਸਿੱਖਿਆ ਭਵਨ ਵਿੱਚ ਆਦਰਸ਼ ਸਕੂਲਾਂ ਦੇ ਨਤੀਜਿਆਂ ਸਬੰਧੀ ਸਮੀਖਿਆ ਕਰਨ ਲਈ ਸਕੂਲ ਮੁਖੀਆਂ ਅਤੇ ਬੋਰਡ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕੀਤੀ। ਉਨ੍ਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਮੋਗਾ, ਫਿਰੋਜ਼ਪੁਰ, ਬਠਿੰਡਾ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਨਵਾਂ ਸ਼ਹਿਰ ਵਿੱਚ ਸਥਿਤ ਬੋਰਡ ਦੇ ਆਦਰਸ਼ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਮੁਖ਼ਾਤਿਬ ਹੁੰਦਿਆਂ ਸਕੂਲਾਂ ਵਿੱਚ ਵਿੱਦਿਅਕ ਸਰਗਰਮੀਆਂ ਦੇ ਨਾਲ-ਨਾਲ ਸਹਿ-ਵਿੱਦਿਅਕ ਗਤੀਵਿਧੀਆਂ ਕਰਵਾਏ ਜਾਣ ’ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਬੋਰਡ ਦੇ ਵਾਈਸ ਚੇਅਰਮੈਨ ਪ੍ਰੋ. ਬਲਦੇਵ ਸਚਦੇਵਾ, ਡੀਜੀਐਸਈ ਕਮ ਸਕੱਤਰ ਮੁਹੰਮਦ ਤਈਅਬ, ਡਾਇਰੈਕਟਰ (ਅਕਾਦਮਿਕ) ਸ੍ਰੀਮਤੀ ਮਨਜੀਤ ਕੌਰ, ਸੰਯੁਕਤ ਸਕੱਤਰ ਜਨਕ ਰਾਜ ਮਹਿਰੋਕ ਸਮੇਤ ਵੱਖੋ ਵੱਖ ਵਿਭਾਗਾਂ ਦੇ ਨੁਮਾਇੰਦੇ ਵੀ ਮੌਜੂਦ ਸਨ। ਸ੍ਰੀ ਕਲੋਹੀਆ ਨੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟ ਭਾਈ ਦੇ ਦਸਵੀਂ ਸ਼੍ਰੇਣੀ ਦੇ ਵਿਦਿਆਰਥੀ ਬਾਜਕਰਨ ਸਿੰਘ ਵੱਲੋਂ ਮੈਰਿਟ ਵਿੱਚ 10ਵਾਂ ਸਥਾਨ ਹਾਸਲ ਕੀਤੇ ਜਾਣ ’ਤੇ ਸਕੂਲ ਪ੍ਰਿੰਸੀਪਲ ਨੂੰ ਸ਼ਾਬਾਸ਼ ਦਿੱਤੀ। ਆਦਰਸ਼ ਸਕੂਲਾਂ ਦੇ ਨਤੀਜਿਆਂ ਵਿੱਚ ਦਸਵੀਂ ਪੱਧਰ ’ਤੇ 87.88 ਫੀਸਦੀ ਅਤੇ ਸੀਨੀਅਰ ਸੈਕੰਡਰੀ ਪੱਧਰ ਉੱਤੇ 90.16 ਫੀਸਦੀ ਅੰਕਾਂ ਦੀ ਪ੍ਰਾਪਤ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਬੋਰਡ ਮੁਖੀ ਨੇ ਕਿਹਾ ਕਿ ਸਾਡਾ ਟੀਚਾ ਆਦਰਸ਼ ਆਦਰਸ਼ ਸਕੂਲਾਂ ਦੇ 100 ਫੀਸਦੀ ਨਤੀਜੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਕਮਜ਼ੋਰ ਵਿਦਿਆਰਥੀਆਂ ਵੱਲ ਉਚੇਚਾ ਧਿਆਨ ਦੇਣ ਤੋਂ ਇਲਾਵਾ ਅਕਾਦਮਿਕ ਕਾਰਜ ਸਾਲ ਭਰ ਉਤਸ਼ਾਹ ਨਾਲ ਜਾਰੀ ਰੱਖੇ ਜਾਣ। ਮੀਟਿੰਗ ਦੌਰਾਨ ਉਨ੍ਹਾਂ ਸਕੂਲ ਮੁਖੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ’ਤੇ ਹੀ ਉਨ੍ਹਾਂ ਦੇ ਸਥਾਈ ਹੱਲ ਕੱਢਣ ਦੇ ਹੁਕਮ ਦਿੱਤੇ। ਉਨ੍ਹਾਂ ਭਰੋਸਾ ਦਿੱਤਾ ਕਿ ਚਾਲੂ ਅਕਾਦਮਿਕ ਸਾਲ ਦੌਰਾਨ ਆਦਰਸ਼ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਯੋਗ ਪੈਰਵੀ ਕੀਤੀ ਜਾਵੇਗੀ। ਵਾਈਸ ਚੇਅਰਮੈਨ ਪ੍ਰੋ. ਬਲਦੇਵ ਸਚਦੇਵਾ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਵਧੀਆ ਮਾਹੌਲ ਸਿਰਜਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਰੇ ਪ੍ਰਿੰਸੀਪਲ ਨੂੰ ਖ਼ੁਦ ਵੀ ਕਲਾਸ ਵਿੱਚ ਜਾ ਕੇ ਪੜ੍ਹਾਉਣਾ ਚਾਹੀਦਾ ਹੈ ਤਾਂ ਜੋ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਹੋਇਆ ਜਾ ਸਕੇ। ਉਨ੍ਹਾਂ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਦਾ ਹੋਕਾ ਦਿੰਦਿਆਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੌਦੇ ਲਗਾਉਣ ਅਤੇ ਸਵੱਛਤਾ ਦੀਆਂ ਮੁਹਿੰਮਾਂ ਨਾਲ ਜੋੜਨ ਨਾਲ ਭਵਿੱਖ ਅਕਾਦਮਿਕ ਪੱਖ ਵਿੱਚ ਨਿਖਾਰ ਆਵੇਗਾ। ਜਾਣਕਾਰੀ ਅਨੁਸਾਰ ਜਵਾਹਰ ਸਿੰਘ ਵਾਲਾ ਤੇ ਰਾਣੀ ਵਾਲਾ ਸਥਿਤ ਆਦਰਸ਼ ਸਕੂਲਾਂ ਦੇ ਨਤੀਜੇ 100 ਫੀਸਦੀ ਰਹੇ ਹਨ ਜਦੋਂਕਿ ਧਰਦਿਓ ਬੁੱਟਰ ਦਾ 98.6 ਫੀਸਦੀ, ਈਨਾਖੇੜਾ 98.4 ਫੀਸਦੀ, ਖਟਕੜ ਕਲਾਂ 97.5 ਫੀਸਦੀ, ਕੋਟ ਭਾਈ 96.97 ਫੀਸਦੀ, ਨੰਦਗੜ੍ਹ ਸਕੂਲ ਦਾ 94.23 ਫੀਸਦੀ ਅਤੇ ਭਾਗੂ ਸਕੂਲ ਦਾ 88.8 ਫੀਸਦੀ ਨਤੀਜਾ ਆਇਆ ਹੈ। ਪ੍ਰਿੰਸੀਪਲਾਂ ਨੇ ਸਮੱਸਿਆਵਾਂ ਬਾਰੇ ਦੱਸਦਿਆਂ ਮੁੱਖ ਤੌਰ ’ਤੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਅਤੇ ਸਕੂਲਾਂ ਨੂੰ ਆਰਥਿਕ ਪੱਖੋਂ ਪੈਰਾਂ ਸਿਰ ਕੀਤੇ ਦੀ ਲੋੜ ’ਤੇ ਜ਼ੋਰ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ