Share on Facebook Share on Twitter Share on Google+ Share on Pinterest Share on Linkedin ਏਡੀਸੀ ਸ੍ਰੀਮਤੀ ਆਸ਼ਿਕਾ ਜੈਨ ਨੇ ਪ੍ਰਾਈਵੇਟ ਹਸਪਤਾਲਾਂ ਨਾਲ ਕੀਤੀ ਮੀਟਿੰਗ, ਹਦਾਇਤਾਂ ਜਾਰੀ ਕੋਵਿਡ-19: ਮਰੀਜ਼ਾਂ ਤੋਂ ਵਾਧੂ ਖਰਚਾ ਨਾ ਲੈਣ, ਰੋਜ਼ਾਨਾ ਗੰਭੀਰ ਮਰੀਜ਼ਾਂ ਦੀ ਸਥਿਤੀ ਅਪਡੇਟ ਕਰਨ ਦੇ ਆਦੇਸ਼ ਹਸਪਤਾਲਾਂ ਨੂੰ ਐਲ 2, ਐਲ 3 ਬੈੱਡਾਂ ਦੀ ਸਮਰੱਥਾ ਵਧਾਉਣ ਦੇ ਦਿੱਤੇ ਨਿਰਦੇਸ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ਤੋਂ ਪੀੜਤ ਮਰੀਜ਼ਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣ ਦੇ ਉਦੇਸ਼ ਨਾਲ ਅੱਜ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ ਨੇ ਮੁਹਾਲੀ ਜ਼ਿਲੇ੍ਹ ਦੇ ਸਮੂਹ ਪ੍ਰਮੁੱਖ ਪ੍ਰਾਈਵੇਟ ਹਸਪਤਾਲਾਂ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ। ਜਿਸ ਵਿੱਚ ਫੋਰਟਿਸ ਹਸਪਤਾਲ, ਮੈਕਸ ਹਸਪਤਾਲ, ਇੰਡਸ ਹਸਪਤਾਲ, ਆਈਵੀਵਾਈ ਹਸਪਤਾਲ, ਮਾਇਓ ਹਸਪਤਾਲ, ਗਰੇਸੀਅਨ ਹਸਪਤਾਲ, ਅਮਰ ਹਸਪਤਾਲ, ਐਮਕੇਅਰ ਹਸਪਤਾਲ, ਮੇਹਰ ਹਸਪਤਾਲ, ਸ਼ੈੱਲਬੀ ਹਸਪਤਾਲ, ਏਸ ਹਾਰਟ ਐਂਡ ਵੈਸਕੁਲਰ ਇੰਸਟੀਚਿਊਟ ਅਤੇ ਸੋਹਾਣਾ ਹਸਪਤਾਲ ਸਮੇਤ ਹੋਰ ਹਸਪਤਾਲਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਸ੍ਰੀਮਤੀ ਜੈਨ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੀੜਤ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਰਣਨੀਤੀ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਮਿਲ ਕੇ ਕੰਮ ਕਰਨਗੇ। ਹਸਪਤਾਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਲੈਵਲ 2 ਅਤੇ ਲੈਵਲ 3 ਬੈੱਡਾਂ ਦੀ ਸਮਰੱਥਾ ਵਧਾਉਣ ਅਤੇ ਚੋਣਵੀਂਆਂ ਸਰਜਰੀਆਂ ਤੋਂ ਜਿੱਥੋਂ ਤੱਕ ਸੰਭਵ ਹੋ ਸਕੇ ਗੁਰੇਜ਼ ਕੀਤਾ ਜਾਵੇ ਅਤੇ ਲੋੜੀਂਦੇ ਸਰੋਤ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਲਗਾਉਣ। ਹਸਪਤਾਲ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਨਾਜ਼ੁਕ ਮਰੀਜ਼ਾਂ ਦੀ ਸਿਹਤ ਸਬੰਧੀ ਸਥਿਤੀ ਨੂੰ ਰੋਜ਼ਾਨਾ ਅਪਡੇਟ ਕਰਨ ਤਾਂ ਜੋ ਕਰੋਨਾ ਦੀ ਮੌਤ ਦਰ ਨੂੰ ਘਟਾਉਣ ਲਈ ਸਾਰੇ ਉਪਲਬਧ ਸਰੋਤ ਜੁਟਾਏ ਜਾ ਸਕਣ। ਉਨ੍ਹਾਂ ਨੇ ਲੋੜ ਪੈਣ ’ਤੇ ਸਲਾਹਕਾਰ ਸਿਹਤ ਡਾ. ਕੇ.ਕੇ ਤਲਵਾੜ ਤੋਂ ਸਹਾਇਤਾ ਅਤੇ ਸਲਾਹ ਲੈਣ ਦਾ ਸੁਝਾਅ ਵੀ ਦਿੱਤਾ। ਇਸ ਮੰਤਵ ਲਈ ਉਹ ਰੋਜ਼ਾਨਾ ਸ਼ਾਮ 7:30 ਵਜੇ ਵੀਡੀਓ ਕਾਨਫਰੰਸ ਰਾਹੀਂ ਡਾ. ਕੇ.ਕੇ. ਤਲਵਾੜ ਨਾਲ ਜੁੜ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮਰੀਜ਼ਾਂ ਤੋਂ ਵਾਧੂ ਖਰਚਾ ਲੈਣ ਤੋਂ ਗੁਰੇਜ਼ ਕਰਨ ਅਤੇ ਨਿਰਧਾਰਿਤ ਰੇਟਾਂ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਹਦਾਇਤ ਕੀਤੀ ਗਈ। ਉਨ੍ਹਾਂ ਨੂੰ ਰੋਜ਼ਾਨਾ ਆਈਸੀਯੂ ਅਤੇ ਵੈਂਟੀਲੇਟਰਾਂ ਸਮੇਤ ਖਾਲੀ ਅਤੇ ਮਰੀਜ਼ਾਂ ਵੱਲੋਂ ਵਰਤੇ ਜਾ ਰਹੇ ਐਲ 2 ਅਤੇ ਐਲ 3 ਬੈੱਡਾਂ ਬਾਰੇ ਜ਼ਿਲ੍ਹਾ ਨੋਡਲ ਅਫ਼ਸਰ ਨੂੰ ਅਪਡੇਟ ਕਰਨ ਲਈ ਵੀ ਕਿਹਾ ਗਿਆ। ਇਸ ਦੌਰਾਨ ਜ਼ਿਲ੍ਹਾ ਅਤੇ ਸਬ-ਡਵੀਜ਼ਨਲ ਸਰਕਾਰੀ ਹਸਪਤਾਲਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਨੂੰ ਵੀ ਐਲ 2 ਮਰੀਜ਼ਾਂ ਲਈ ਬੈੱਡ ਖਾਲੀ ਰੱਖਣ ਦੇ ਨਿਰਦੇਸ਼ ਦਿੱਤੇ ਗਏ। ਸ੍ਰੀਮਤੀ ਅਸ਼ਿਕਾ ਜੈਨ ਨੇ ਦੱਸਿਆ ਕਿ ਮਹਾਮਾਰੀ ਦੇ ਫੈਲਾਅ ਦੌਰਾਨ ਘੜੂੰਆਂ ਵਿਖੇ ਬਣਾਈ ਗਈ ਐੱਲ 1 ਸਹੂਲਤ ਵੀ ਉਨ੍ਹਾਂ ਮਰੀਜ਼ਾਂ ਨੂੰ ਕੋਆਰੰਟੀਨ ਕਰਨ ਲਈ ਵਰਤੀ ਜਾਵੇਗੀ, ਜਿਨ੍ਹਾਂ ਕੋਲ ਘਰੇਲੂ ਇਕਾਂਤਵਾਸ ਲਈ ਲੋੜੀਂਦੀ ਜਗ੍ਹਾ ਨਹੀਂ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ