
ਏਡੀਸੀ ਆਸ਼ਿਕਾ ਜੈਨ ਨੇ ਮਿਸ਼ਨ ਫਤਿਹ ਮੁਹਿੰਮ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਪੂਰੇ ਜੋਸ਼ ਨਾਲ ਮੁਹਿੰਮ ਦੀ ਨਿਗਰਾਨੀ ਕਰਨ ਦੇ ਆਦੇਸ਼
ਸ੍ਰੀਮਤੀ ਜੈਨ ਨੇ ਆਮ ਲੋਕਾਂ ਨੂੰ ਮਿਸ਼ਨ ਦੀ ਸਫਲਤਾ ਲਈ ਵਫ਼ਾਦਾਰ ਸਿਪਾਈ ਬਣਨ ਲਈ ਪ੍ਰੇਰਿਆ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੂਨ:
ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਦੌਰਾਨ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੁਹਾਲੀ ਜ਼ਿਲ੍ਹੇ ਵਿੱਚ ਮਿਸ਼ਨ ਫਤਿਹ ਸਬੰਧੀ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਮਿਸ਼ਨ ਫਤਿਹ ਮੁਹਿੰਮ ਦੀ ਸਫਲਤਾ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਲੋਕਾਂ ਨੂੰ ਇਸ ਮੁਹਿੰਮ ਦੀ ਸਫਲਤਾ ਲਈ ਇਸ ਦੇ ਵਫ਼ਾਦਾਰ ਸਿਪਾਈ ਬਣਨ ਦਾ ਸੁਝਾਅ ਦਿੱਤਾ ਅਤੇ ਅਧਿਕਾਰੀਆਂ ਨੂੰ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਲਈ ਦਿਆਲਤਾ ਅਤੇ ਸਾਂਝੀਵਾਲਤਾ ਨਾਲ ਮਿਸ਼ਨ ਨੂੰ ਅੱਗੇ ਵਧਾਉਣ ਲਈ ਕਿਹਾ। ਲੋਕਾਂ ਨੂੰ ਮਾਸਕ ਪਹਿਨਣ ਜਾਂ ਲੋੜੀਂਦੀ ਦੂਰੀ ਬਣਾਈ ਰੱਖਣ ਲਈ ਸਖ਼ਤੀ ਵਰਤਣ ਦੀ ਬਜਾਏ ਉਨ੍ਹਾਂ ਦੀ ਅਗਵਾਈ ਕੀਤੀ ਜਾਣੀ ਚਾਹੀਦੀ ਹੈ।
ਏਡੀਸੀ ਸ੍ਰੀਮਤੀ ਜੈਨ ਨੇ ਵੱਖ-ਵੱਖ ਵਿਭਾਗਾਂ ਦੀਆਂ ਮਿਸ਼ਨ ਫਤਿਹ ਨਾਲ ਸਬੰਧਤ ਗਤੀਵਿਧੀਆਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਦੇ ਕੰਮਕਾਜ ‘ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਆਪਣੇ ਅਧੀਨ ਕੰਮ ਕਰਨ ਵਾਲਿਆਂ ਨੂੰ ਮਿਸ਼ਨ ਫਤਿਹ ਸਬੰਧੀ ਕੰਮਕਾਜ ਦੀ ਜ਼ਿੰਮੇਵਾਰੀ ਨਾ ਸੌਂਪਣ ਅਤੇ ਉਨ੍ਹਾਂ ‘ਤੇ ਕੰਮ ਨਾ ਸੁੱਟਣ ਸਗੋਂ ਉਹ ਖ਼ੁਦ ਇਸ ਦੀ ਨਿਗਰਾਨੀ ਕਰਨ ਅਤੇ ਪੂਰੇ ਜੋਸ਼ ਨਾਲ ਕੰਮ ਕਰਨ। ਕਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਬਾਰੇ ਦੱਸਦਿਆਂ ਏਡੀਸੀ ਨੇ ਦੱਸਿਆ ਕਿ ਜਾਗਰੂਕਤਾ ਗਤੀਵਿਧੀਆਂ ਦੀ ਸਥਿਤੀ ਦਾ ਹਰ ਹਫ਼ਤੇ ਨਿੱਜੀ ਤੌਰ ’ਤੇ ਨਿਰੀਖਣ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਵਰਚੂਅਲ ਮੀਟਿੰਗਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮਿਸ਼ਨ ਨਾਲ ਜੋੜਨ ਲਈ ਆਨਲਾਈਨ ਪੋਸਟਰ ਮੇਕਿੰਗ, ਕਵਿਤਾ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਦੇ ਨਾਲ ਨਾਲ ਜੀਓਜੀਜ਼ ਵੱਲੋਂ ਜਾਣਕਾਰੀ ਦੇ ਪ੍ਰਸਾਰ ਲਈ ਵਿਅਕਤੀਗਤ ਅਤੇ ਸਮੂਹਿਕ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ। ਯੂਥ ਕਲੱਬ, ਐਨਐਸਐਸ ਵਾਲੰਟੀਅਰ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਅਤੇ ਪੁਲੀਸ ਇਸ ਮੰਤਵ ਦਾ ਸਮਰਥਨ ਕਰ ਰਹੀਆਂ ਹਨ। ਮੁਹਾਲੀ ਨਗਰ ਨਿਗਮ, ਜ਼ਿਲ੍ਹਾ ਪੇਂਡੂ ਵਿਕਾਸ ਵਿਭਾਗ ਅਤੇ ਨਗਰ ਕੌਂਸਲਾਂ ਦੇ ਕਾਰਜਕਾਰੀ ਅਧਿਕਾਰੀ ਵੀ ਸਰਗਰਮੀ ਨਾਲ ਜਾਣਕਾਰੀ ਦੇ ਪ੍ਰਸਾਰ ਵਿੱਚ ਲੱਗੇ ਹੋਏ ਹਨ।