
ਏਡੀਸੀ ਗੁਪਤਾ ਵੱਲੋਂ ਮੁਹਾਲੀ ਲਈ ਪੋਟੈਂਸ਼ੀਅਲ ਲਿੰਕਡ ਕਰੈਡਿਟ ਪਲਾਨ 2021-22 ਜਾਰੀ
ਤਰਜ਼ੀਹੀ ਖੇਤਰ ਅਧੀਨ ਕੁੱਲ ਕਰਜ਼ ਸੰਭਾਵਨਾ 7314.53 ਕਰੋੜ ਰੁਪਏ ਹੋਵੇਗਾ, ਪਿਛਲੇ ਸਾਲ ਦੇ ਮੁਕਾਬਲੇ 6 ਫੀਸਦੀ ਵਾਧਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜੀਵ ਗੁਪਤਾ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਐਸ.ਏ.ਐੱਸ.ਨਗਰ ਲਈ ਪੋਟੈਂਸ਼ੀਅਲ ਲਿੰਕਡ ਕ੍ਰੈਡਿਟ ਪਲਾਨ (ਪੀਐਲਪੀ) ਜਾਰੀ ਕੀਤਾ ਗਿਆ। ਇਸ ਮੌਕੇ ਲੀਡ ਡਿਸਟ੍ਰਿਕਟ ਆਫ਼ਿਸ ਆਰ.ਬੀ.ਆਈ. ਦੇ ਏਜੀਐਮ ਕ੍ਰਿਸ਼ਨ ਬਿਸਵਾਸ, ਜ਼ਿਲ੍ਹਾ ਵਿਕਾਸ ਮੈਨੇਜਰ, ਨਾਬਾਰਡ ਸੰਜੀਵ ਕੁਮਾਰ ਸ਼ਰਮਾ, ਚੀਫ ਲੀਡ ਡਿਸਟ੍ਰਿਕਟ ਮੈਨੇਜਰ, ਪੀਐਨਬੀ ਉਪਕਾਰ ਸਿੰਘ, ਡਾਇਰੈਕਟਰ ਪੀਐਨਬੀ-ਆਰ-ਐਸਈਟੀਆਈ ਰਵੀ ਕਾਂਤ ਬਜਾਜ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਜ਼ਿਲ੍ਹਾ ਸੰਭਾਵੀ ਕਰਜ਼ ਯੋਜਨਾ ਹਰ ਸਾਲ ਨਾਬਾਰਡ ਵਲੋਂ ਤਿਆਰ ਕੀਤੀ ਜਾਂਦੀ ਹੈ। ਵਿੱਤੀ ਵਰ੍ਹੇ 2021-22 ਲਈ ਤਰਜੀਹੀ ਖੇਤਰ ਅਧੀਨ ਕੁੱਲ ਕਰਜ਼ ਸੰਭਾਵਨਾ ਲਈ 7314.53 ਕਰੋੜ ਰੁਪਏ ਦਾ ਅਨੁਮਾਨ ਲਗਾਇਆ ਗਿਆ ਹੈ ਜਿਸ ਵਿਚ ਪਿਛਲੇ ਸਾਲ 2020-21 ਦੇ ਮੁਕਾਬਲੇ 6 ਫੀਸਦੀ ਵਾਧਾ ਕੀਤਾ ਗਿਆ ਹੈ। ਪੀਐਲਪੀ 2021-22 ਦਾ ਵਿਸ਼ਾ ‘‘ਕਿਸਾਨਾਂ ਦੀ ਆਮਦਨੀ ਵਧਾਉਣ ਲਈ ਖੇਤੀ ਉਪਜ ਦਾ ਸਮੂਹੀਕਰਨ’’ ਹੈ। ਫਾਰਮਰ ਪ੍ਰੋਡਿਊਸਰਸ ਆਰਗੇਨਾਈਜ਼ੇਸ਼ਨਜ਼ (ਐੱਫ ਪੀ ਓ) ਜ਼ਰੀਏ ਇਹ ਪਲੇਟਫਾਰਮ ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਲਈ ਵਧੇਰੇ ਮੁਨਾਫਾ ਪ੍ਰਾਪਤ ਕਰਨ ਲਈ ਅਰਥ ਵਿਵਸਥਾ ਦੇ ਪੈਮਾਨੇ, ਮਾਰਕੀਟਿੰਗ ਸੰਪਰਕ ਅਤੇ ਵੈਲਯੂ ਚੇਨ ਸਬੰਧੀ ਸਹਾਇਤਾ ਪ੍ਰਦਾਨ ਕਰੇਗਾ ਜਿਸ ਦੇ ਸਿੱਟੇ ਵਜੋਂ ਟਿਕਾਊ ਖੇਤੀ ਦਾ ਵਿਕਾਸ ਅਤੇ ਖਾਸ ਕਰਕੇ ਛੋਟੇ ਅਤੇ ਸੀਮਾਂਤ ਕਿਸਾਨਾਂ ਦਾ ਸਰਵਪੱਖੀ ਵਿਕਾਸ ਹੋਵੇਗਾ।
ਵਿੱਤੀ ਵਰ੍ਹੇ 2021-22 ਲਈ ਨਾਬਾਰਡ ਦੇ ਪੀਐਲਪੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਤਰਜੀਹੀ ਸੈਕਟਰ ਅਧੀਨ ਕੁੱਲ ਸੰਭਾਵੀ ਕਰਜ਼ਾ 7314.53 ਕਰੋੜ ਰੁਪਏ, ਖੇਤੀਬਾੜੀ ਅਤੇ ਇਸ ਨਾਲ ਸਬੰਧਤ ਗਤੀਵਿਧੀਆਂ ਵਿੱਚ 40 ਫੀਸਦੀ ਭਾਵ 3589.80 ਕਰੋੜ ਰੁਪਏ, ਐਮਐਸਐਮਈ ਵਿਚ 40 ਫੀਸਦੀ (ਗੈਰ ਖੇਤੀ ਸੈਕਟਰ) ਭਾਵ 2458.68 ਕਰੋੜ ਰੁਪਏ ਅਤੇ ਹੋਰ ਤਰਜੀਹੀ ਸੈਕਟਰ ਲਈ 20 ਫੀਸਦੀ ਭਾਵ 1266.55 ਕਰੋੜ ਰੁਪਏ ਦੇ ਕਰਜ਼ੇ ਮੁਹਈਆ ਕਰਵਾਉਣਾ ਸ਼ਾਮਲ ਹਨ।