ਏਡੀਸੀ ਸ੍ਰੀਮਤੀ ਜੈਨ ਵੱਲੋਂ ਪੰਜਾਬ ਰਾਈਟ ਟੂ ਬਿਜ਼ਨਸ ਐਕਟ ਤਹਿਤ ਜ਼ਿਲ੍ਹੇ ਦਾ ਪਹਿਲਾ ਸਰਟੀਫਿਕੇਟ ਜਾਰੀ

‘ਬਿਜ਼ਨਸ ਫ਼ਸਟ ਪੋਰਟਲ’ ਨਵੇਂ ਵਪਾਰ/ਕਾਰੋਬਾਰ ਸ਼ੁਰੂਆਤ ਲਈ ਪੰਜਾਬ ਦੀ ਨਿਵੇਕਲੀ ਪਹਿਲਕਦਮੀ

10 ਦਿਨਾਂ ਵਿੱਚ ਸਾਰੀਆਂ ਮਨਜ਼ੂਰੀਆਂ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਪਹਿਲਾ ਉੱਦਮੀ ਬਣਿਆ ਸ਼ਮਸ਼ੇਰ ਸਿੰਘ ਸੰਧੂ

ਖੇਤੀ ਨਾਲ ਸਬੰਧਤ ਉਤਪਾਦਨ ਦੀ ਸਟੋਰਜ਼ ਬਣਾਉਣ ਲਈ ਨਿਰਧਾਰਿਤ ਸਮੇਂ ’ਚ ਮਿਲੀ ਪ੍ਰਵਾਨਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਨਵੰਬਰ:
ਪੰਜਾਬ ਰਾਈਟ ਟੂ ਬਿਜ਼ਨਸ ਐਕਟ-2020 ਤਹਿਤ ਅੱਜ ਮੁਹਾਲੀ ਜ਼ਿਲ੍ਹੇ ਦਾ ਪਹਿਲਾ ਸਰਟੀਫਿਕੇਟ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਕਾਰੋਬਾਰੀ ਸ਼ਮਸ਼ੇਰ ਸਿੰਘ ਸੰਧੂ ਨੂੰ ਖੇਤੀ ਆਧਾਰਿਤ ਉਤਪਾਦਨ ਦੀ ਸਟੋਰਜ਼ ਬਣਾਉਣ ਲਈ ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਅਧਿਕਾਰੀਆਂ ਅਤੇ ਉੱਦਮੀਆਂ ਨਾਲ ਮੀਟਿੰਗ ਕਰਦਿਆਂ ਪੰਜਾਬ ਰਾਈਟ ਟੂ ਬਿਜ਼ਨਸ ਐਕਟ ਦੀ ਵਿਸ਼ੇਸ਼ਤਾ ਦੱਸਦਿਆਂ ਕਿਹਾ ਕਿ ਇਸ ਐਕਟ ਤਹਿਤ ‘ਬਿਜ਼ਨਸ ਫ਼ਸਟ ਪੋਰਟਲ’ ’ਤੇ ਰਾਜ ਵਿੱਚ ਨਵਾਂ ਵਪਾਰ/ਕਾਰੋਬਾਰ ਸ਼ੁਰੂ ਕਰਨ ਵਾਲੇ ਨੂੰ ਇੱਕ ਥਾਂ ’ਤੇ ਹੀ ਅਰਜ਼ੀ ਦੇਣ ਤੋਂ ਬਾਅਦ ਰਿਕਾਰਡ ਸਮੇਂ ਵਿੱਚ ਸਾਰੀਆਂ ਐਨਓਸੀਜ ਤੇ ਲੋੜੀਂਦੀਆਂ ਪ੍ਰਵਾਨਗੀਆਂ ਦੇ ਕੇ ਸਰਟੀਫਿਕੇਟ ਜਾਰੀ ਕਰਨ ਦੀ ਪਹਿਲਕਦਮੀ ਲਿਆਂਦੀ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਜਲਾਲਪੁਰ ਵਿਖੇ ਖੇਤੀ ਆਧਾਰਿਤ ਉਤਪਾਦਕਾਂ ਦੀ ਸਟੋਰਜ਼ ਬਣਾਉਣ ਲਈ ਸਬੰਧਤ ਵਿਭਾਗਾਂ ਤੋਂ ਲੋੜੀਂਦੀਆਂ ਮਨਜ਼ੂਰੀਆਂ ਸਿੰਗਲ ਵਿੰਡੋ ਰਾਹੀਂ 10 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਪ੍ਰਾਪਤ ਕਰਕੇ ਲੋਰਡ ਸਟੋਨ ਡਿਪੈਲਪਰ ਐਂਡ ਇਨਫਰਾ ਦਾ ਮਾਲਕ ਸਮਸ਼ੇਰ ਸਿੰਘ ਸੰਧੂ ਜ਼ਿਲ੍ਹੇ ਦਾ ਅਜਿਹਾ ਪਹਿਲਾ ਉੱਦਮੀ ਬਣ ਗਿਆ ਹੈ, ਜਿਸ ਨੂੰ ਆਨਲਾਈਨ ਅਰਜ਼ੀ ਦੇਣ ਦੇ ਨਿਰਧਾਰਿਤ ਸਮੇਂ ਤੋਂ ਪਹਿਲਾਂ 10 ਵੇਂ ਦਿਨ ਸਾਰੀਆਂ ਪ੍ਰਵਾਨਗੀਆਂ ਹਾਸਲ ਹੋ ਗਈਆਂ ਹਨ।
ਸਿੰਗਲ ਵਿੰਡੋ ਪ੍ਰਣਾਲੀ ‘ਬਿਜ਼ਨਸ ਫਰਸਟ ਪੋਰਟਲ’ ਰਾਹੀਂ ਪ੍ਰਾਪਤ ਪ੍ਰਵਾਨਗੀਆਂ ਦਾ ਪੱਤਰ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਕੋਲੋਂ ਹਾਸਲ ਕਰਨ ਉਪਰੰਤ ਉੱਦਮੀ ਸ਼ਮਸ਼ੇਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਪ੍ਰਵਾਨਗੀਆਂ ਸਮੇਂ ਸਿਰ ਨਾ ਮਿਲਣ ਕਰਕੇ ਨਵੇਂ ਉੱਦਮੀ ਦਾ ਉਤਸ਼ਾਹ ਸ਼ੁਰੂਆਤੀ ਸਮੇਂ ਵਿੱਚ ਹੀ ਮੱਠਾ ਪੈ ਜਾਂਦਾ ਸੀ ਪਰ ਹੁਣ ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ ਵਿਭਾਗ ਵੱਲੋਂ ਲਾਗੂ ਕੀਤੇ ਗਏ ‘ਪੰਜਾਬ ਰਾਈਟ ਟੂ ਬਿਜ਼ਨਸ ਐਕਟ-2020’ ਦਾ ਲਾਭ ਨਵੇਂ ਉੱਦਮੀਆਂ ਨੂੰ ਜ਼ਰੂਰ ਮਿਲੇਗਾ।
ਏਡੀਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਅੰਦਰ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਘੜੀਆਂ ਹਾਂ-ਪੱਖੀ ਨੀਤੀਆਂ ਅਤੇ ਨਵੇਂ ਕਾਰੋਬਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਸਦਕਾ ਨਵੇਂ ਉੱਦਮੀ ਖ਼ੁਸ਼ ਹਨ। ਪੰਜਾਬ ਸਰਕਾਰ ਨੇ ਸੂਬੇ ਵਿੱਚ ਉਦਯੋਗ ਪੱਖੀ ਮਾਹੌਲ ਸਿਰਜਿਆ ਹੈ ਅਤੇ ਹੁਣ ਉਦਯੋਗਿਕ ਕ੍ਰਾਂਤੀ ਨੂੰ ਸਿਖਰ ’ਤੇ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਈਟ ਟੂ ਬਿਜ਼ਨਸ ਐਕਟ 2020 ਤਹਿਤ ਨਵੇਂ ਉੱਦਮੀਆਂ ਵੱਲੋਂ ਪੰਜਾਬ ਬਿਜ਼ਨਸ ਫ਼ਸਟ ਪੋਰਟਲ ’ਤੇ ਅਰਜ਼ੀ ਅਪਲੋਡ ਕਰਨ ਦੇ 13 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਜਾਰੀ ਕੀਤੀਆਂ ਜਾਂਦੀ ਹਨ। ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਗੁਰਚਰਨ ਸਿੰਘ ਦਿਓਲ, ਫੰਕਸ਼ਨਲ ਮੈਨੇਜਰ ਦੀਪ ਸਿੰਘ ਗਿੱਲ, ਬਲਬੀਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…