ਏਡੀਸੀ ਸ੍ਰੀਮਤੀ ਜੈਨ ਨੇ ਘਰ ਇਕਾਂਤਵਾਸ ਰਹਿ ਕੇ ਠੀਕ ਹੋਏ ਲੋਕਾਂ ਨਾਲ ਕੀਤੀ ਖੁੱਲ੍ਹ ਕੇ ਗੱਲਬਾਤ

ਘਰ ਵਿੱਚ ਇਕਾਂਤਵਾਸ ਕਰੋਨਾ ਮਰੀਜ਼ਾਂ ਨੂੰ 10 ਹਜ਼ਾਰ ਕਰੋਨਾ ਫਤਿਹ ਕਿੱਟਾਂ ਵੰਡੀਆਂ

ਮਰੀਜ਼ਾਂ ਤੱਕ ਕਰੋਨਾ ਫਤਿਹ ਕਿੱਟਾਂ ਪੁੱਜਦੀਆਂ ਕਰਨ ਲਈ ਐਸਪੀ ਰਵਜੋਤ ਗਰੇਵਾਲ ਨੂੰ ਨੋਡਲ ਅਫ਼ਸਰ ਲਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਬਹੁਤ ਹੀ ਛੋਟੀ ਉਮਰ ਵਿੱਚ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਕੇ ਹੁਣ ਮੁਹਾਲੀ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਸੇਵਾਵਾਂ ਨਿਭਾਅ ਰਹੇ ਸ੍ਰੀਮਤੀ ਆਸ਼ਿਕਾ ਜੈਨ ਨੇ ਕਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੇ ਮਿਸ਼ਨ ਫਤਿਹ ਤਹਿਤ ਰੈਪਿਡ ਰਿਸਪਾਂਸ ਟੀਮਾਂ ਨਾਲ ਜਾ ਕੇ ਘਰਾਂ ਵਿੱਚ ਇਕਾਂਤਵਾਸ ਕਰੋਨਾ ਪੀੜਤ ਮਰੀਜ਼ਾਂ ਨੂੰ ਕਰੋਨਾ ਫਤਹਿ ਕਿੱਟਾਂ ਮੁਹੱਈਆ ਕਰਵਾਈਆਂ ਅਤੇ ਆਪਣੇ ਘਰਾਂ ਵਿੱਚ ਇਕਾਂਤਵਾਸ ਰਹਿ ਕੇ ਕਰੋਨਾ ਨੂੰ ਮਾਤ ਦੇਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਦੇਖਭਾਲ ਲਈ ਕੀਤੇ ਯਤਨਾਂ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਤੱਕ ਕਰੋਨਾ ਫਤਿਹ ਕਿੱਟਾਂ ਪੁੱਜਦੀਆਂ ਕਰਨ ਲਈ ਐਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ ਨੂੰ ਨੋਡਲ ਅਫ਼ਸਰ ਲਗਾਇਆ ਹੈ।
ਏਡੀਸੀ ਸ੍ਰੀਮਤੀ ਜੈਨ ਨੇ ਜੁਝਾਰ ਨਗਰ, ਨਵਾਂ ਗਾਉਂ ਸਮੇਤ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਕਰੋਨਾ ਪੀੜਤਾਂ ਦੇ ਬੂਹੇ ’ਤੇ ਦਸਤਕ ਦਿੱਤੀ। ਇਸ ਮੌਕੇ ਲੋਕਾਂ ਨੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਉੱਥੇ ਉਨ੍ਹਾਂ ਨੇ ਸ੍ਰੀਮਤੀ ਜੈਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ ਕਿ ਕੋਈ ਉੱਚ ਅਧਿਕਾਰੀ ਨੇ ਖ਼ੁਦ ਆ ਕੇ ਉਨ੍ਹਾਂ ਦੀ ਸਾਰ ਲਈ ਹੈ। ਇਸ ਨਾਲ ਉਨ੍ਹਾਂ ਨੂੰ ਇੱਕ ਸਕਾਰਾਤਮਿਕ ਊਰਜਾ ਮਿਲੀ ਹੈ ਅਤੇ ਹੌਸਲਾ ਵਧਿਆ ਹੈ। ਉਨ੍ਹਾਂ ਕਿਹਾ ਕਿ ਕਰੋਨਾ ਨੂੰ ਮਾਤ ਦੇਣ ਵਿੱਚ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਕਰੋਨਾ ਫਤਿਹ ਕਿੱਟ ਅਹਿਮ ਭੂਮਿਕਾ ਨਿਭਾ ਰਹੀ ਹੈ ਤੇ ਜ਼ਿਲ੍ਹੇ ਵਿੱਚ ਹੁਣ ਤੱਕ ਘਰਾਂ ਵਿੱਚ ਇਕਾਂਤਵਾਸ ਕਰੋਨਾ ਮਰੀਜ਼ਾਂ ਨੂੰ ਕਰੀਬ 10 ਹਜ਼ਾਰ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ, ਜੋ ਕਿ ਮਰੀਜ਼ਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਈਆਂ ਹਨ।
ਸ੍ਰੀਮਤੀ ਜੈਨ ਨੇ ਦੱਸਿਆ ਕਿ ਇੱਕ ਕਰੋਨਾ ਫਤਿਹ ਕਿੱਟ ਵਿੱਚ 18 ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਪਲਸ ਆਕਸੀਮੀਟਰ, ਡਿਜੀਟਲ ਥਰਮਾਮੀਟਰ, ਦਵਾਈਆਂ ਅਤੇ ਕਾੜ੍ਹਾ, ਸਿੱਖਿਆ ਅਤੇ ਜਾਣਕਾਰੀ ਸਬੰਧੀ ਸਮੱਗਰੀ, ਦਵਾਈਆਂ ਵਰਤਣ ਦੀਆਂ ਹਦਾਇਤਾਂ, ਮਰੀਜ਼ ਅਤੇ ਮਰੀਜ਼ ਦੀ ਸਾਭ ਸੰਭਾਲ ਕਰਨ ਵਾਲਿਆਂ ਸਬੰਧੀ ਹਦਾਇਤਾਂ ਅਤੇ ਸੈਲਫ਼ ਮੋਨੀਟਰਿੰਗ ਲਾਗ ਚਾਰਟ ਸ਼ਾਮਲ ਹਨ। ਇਸ ਕਿੱਟ ਵਿੱਚ ਜਿੱਥੇ ਸਿਹਤਯਾਬ ਹੋਣ ਲਈ ਦਵਾਈਆਂ ਮੁਹੱਈਆ ਕਾਰਵਾਈਆਂ ਗਈਆਂ ਹਨ, ਉੱਥੇ ਸਿਹਤ ਦੀ ਨਿਗਰਾਨੀ ਲਈ ਵੀ ਚੀਜ਼ਾਂ ਸ਼ਾਮਲ ਹਨ। ਜਿਵੇਂ ਕਿ ਪਲਸ ਆਕਸੀਮੀਟਰ ਅਤੇ ਡਿਜੀਟਲ ਥਰਮਾਮੀਟਰ ਦੀ ਮਦਦ ਨਾਲ ਮਰੀਜ਼ ਨੂੰ ਆਪਣੀ ਸਿਹਤ ਵਿਗੜਨ ਬਾਰੇ ਫੌਰੀ ਪਤਾ ਲੱਗ ਜਾਂਦਾ ਹੈ ਤੇ ਸਿਹਤ ਖ਼ਰਾਬ ਹੋਣ ਉੱਤੇ ਉਹ ਫੌਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਅਗਲਾ ਇਲਾਜ ਕਰਵਾ ਸਕਦਾ ਹੈ।
ਸ੍ਰੀਮਤੀ ਜੈਨ ਨੇ ਦੱਸਿਆ ਕਿ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਘਰਾਂ ਵਿੱਚ ਇਕਾਂਤਵਾਸ ਕਰੋਨਾ ਮਰੀਜ਼ਾਂ ਨਾਲ ਸੰਪਰਕ ਵਿੱਚ ਰਹਿੰਦੀਆਂ ਹਨ, ਉੱਥੇ ਜਦੋਂ ਵੀ ਕਿਸੇ ਕਰੋਨਾ ਮਰੀਜ਼ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਜਾਂਦਾ ਹੈ ਤਾਂ ਰੈਪਿਡ ਰਿਸਪੌਂਸ ਟੀਮ ਵੱਲੋਂ ਮਰੀਜ਼ ਨਾਲ ਸੰਪਰਕ ਕਰ ਕੇ ਛੇਤੀ ਤੋਂ ਛੇਤੀ ਉਸ ਨੂੰ ਕਰੋਨਾ ਫਤਿਹ ਕਿੱਟ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ। ਸ਼ੁਰੂਆਤੀ ਪੜਾਅ ਉੱਤੇ ਕਰੋਨਾਂ ਦਾ ਪਤਾ ਲੱਗਣ ’ਤੇ ਸੌਖਿਆਂ ਹੀ ਘਰ ਵਿੱਚ ਇਕਾਂਤਵਾਸ ਰਹਿੰਦਿਆਂ ਇਲਾਜ ਹੋ ਸਕਦਾ ਹੈ ਅਤੇ ਮਰੀਜ਼ਾਂ ਨੂੰ ਹਸਪਤਾਲਾ ਵਿੱਚ ਦਾਖ਼ਲ ਹੋਣ ਦੀ ਲੋੜ ਨਹੀ ਪੈਂਦੀ। ਇਸ ਨਾਲ ਇੱਕ ਫਾਇਦਾ ਇਹ ਵੀ ਹੁੰਦਾ ਹੈ ਕਿ ਹਸਪਤਾਲ ਪੁੱਜਣ ਵਾਲੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਨਹੀਂ ਵਧਦੀ ਅਤੇ ਪਹਿਲੇ ਪੜਾਅ ਤੋਂ ਅਗਲੇ ਪੜਾਅ ਵਾਲੇ ਮਰੀਜ਼ਾਂ ਦਾ ਹਸਪਤਾਲਾਂ ਵਿੱਚ ਇਲਾਜ ਸੌਖਾ ਹੋ ਜਾਂਦਾ ਹੈ।
ਇਸ ਮੌਕੇ ਐਸਪੀ-ਕਮ-ਨੋਡਲ ਅਫ਼ਸਰ (ਦਿਹਾਤੀ) ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਉਪਰੋਕਤ ਸੇਵਾ ਦੇ ਨਾਲ ਨਾਲ ਲੋੜਵੰਦਾਂ ਨੂੰ ਰਾਸ਼ਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਕਾਂਤਵਾਸ ਹੋਏ ਮਰੀਜ਼ ਜਾਂ ਉਸਦੇ ਪਰਿਵਾਰ ਨੂੰ ਰਾਸ਼ਨ ਸਬੰਧੀ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਉਹ 112 ਹੈਲਪਲਾਈਨ ਉੱਤੇ ਕਾਲ ਕਰ ਸਕਦੇ ਹਨ, ਉਨ੍ਹਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…