
ਏਡੀਸੀ ਨੇ ਲੰਬਿਤ ਸ਼ਿਕਾਇਤਾਂ, ਈ-ਨਕਸ਼ਾ ਪੋਰਟਲ, ਅਦਾਲਤ ਕੇਸਾਂ ਦੇ ਸਮੇਂ ਸਿਰ ਨਿਪਟਾਰਾ ਤੇ ਕਾਰਜਾਂ ਦਾ ਜਾਇਜ਼ਾ ਲਿਆ
ਸੀਵਰੇਜ/ਐਸਟੀਪੀ, ਲਾਇਬਰੇਰੀ, ਸਵੱਛ ਭਾਰਤ ਮਿਸ਼ਨ, ਪ੍ਰਮੋਟਰਾਂ/ਬਿਲਡਰਾਂ ਨਾਲ ਸਬੰਧਤ ਸ਼ਿਕਾਇਤਾਂ ਬਾਰੇ ਕੀਤੀ ਚਰਚਾ
ਨਬਜ਼-ਏ-ਪੰਜਾਬ, ਮੁਹਾਲੀ, 18 ਅਪਰੈਲ:
ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੇ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ, ਮਿਉਂਸਪਲ ਇੰਜੀਨੀਅਰਾਂ, ਸੀਵਰੇਜ ਤੇ ਜਲ ਸਪਲਾਈ ਬੋਰਡ, ਡਰੇਨੇਜ ਅਧਿਕਾਰੀਆਂ ਤੇ ਸਹਾਇਕ ਟਾਊਨ ਪਲਾਨਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਲੰਬਿਤ ਸ਼ਿਕਾਇਤਾਂ, ਈ-ਨਕਸ਼ਾ ਪੋਰਟਲ ਮਾਮਲਿਆਂ, ਕੋਰਟ ਕੇਸਾਂ ਦੇ ਸਮੇਂ ਸਿਰ ਨਿਪਟਾਰਾ, ਸੀਵਰੇਜ/ਐਸਟੀਪੀ, ਲਾਇਬਰੇਰੀ, ਸਵੱਛ ਭਾਰਤ ਮਿਸ਼ਨ, ਪ੍ਰਮੋਟਰਾਂ/ਬਿਲਡਰਾਂ ਨਾਲ ਸਬੰਧਤ ਸ਼ਿਕਾਇਤਾਂ, ਪੀਐਮਏਵਾਈ ਦਾ ਜਾਇਜ਼ਾ ਲਿਆ।
ਏਡੀਸੀ ਧਾਲੀਵਾਲ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਾਰੀਆਂ ਸ਼ਹਿਰੀ ਸੰਸਥਾ ਆਪਣੇ ਅਧਿਕਾਰ ਖੇਤਰ ਵਿੱਚ ਨਾਗਰਿਕਾਂ ਦੀ ਸਹੂਲਤਾਂ ਦਾ ਖਿਆਲ ਰੱਖਿਆ ਜਾਵੇ। ਉਨ੍ਹਾਂ ਨੇ ਪੈਡਿੰਗ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਜਾਇਜ਼ਾ ਲੈਂਦੇ ਹੋਏ ਸਹਾਇਕ ਮਿਉਂਸਪਲ ਇੰਜੀਨੀਅਰਾਂ ਨੂੰ ਕਿਹਾ ਕਿ ਨਗਰ ਕੌਂਸਲ/ਨਗਰ ਪੰਚਾਇਤ ਨਾਲ ਸਬੰਧਤ ਗੂਗਗ-ਸ਼ੀਟਾਂ ਅਤੇ ਪੈਡਿੰਗ ਸ਼ਿਕਾਇਤਾਂ ਦਾ ਫੌਰਾ ਨਿਪਟਾਰਾ ਕੀਤਾ ਜਾਣਾ ਯਕੀਨੀ ਬਣਾਇਆ ਅਤੇ ਇਸ ਸਬੰਧੀ ਰਿਪੋਰਟ ਡੀਸੀ ਦਫ਼ਤਰ ਨੂੰ ਭੇਜੀ ਜਾਵੇ। ਈ-ਨਕਸ਼ਾ ਪੋਰਟਲ ਦੀ ਪੈਂਡੇਂਸੀ ਸਬੰਧੀ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਈ-ਨਕਸ਼ਾ ਪੋਰਟਲ ’ਤੇ ਰੋਜ਼ਾਨਾ ਪੈਂਡੇਂਸੀ ਦੇਖੀ ਜਾਵੇ ਅਤੇ ਪੈਂਡੇਂਸੀ ਨੂੰ ਤੁਰੰਤ ਖ਼ਤਮ ਕਰਨ ਲਈ ਠੋਸ ਕਦਮ ਚੁੱਕੇ ਜਾਣ।
ਪੈਂਡਿੰਗ ਕੋਰਟ ਕੇਸਾਂ ਦਾ ਜਾਇਜ਼ਾ ਲੈਂਦਿਆਂ ਏਡੀਸੀ ਧਾਲੀਵਾਲ ਨੇ ਕਾਰਜਸਾਧਕ ਅਫ਼ਸਰਾਂ ਨੂੰ ਕਿਹਾ ਕਿ ਹਾਈ ਕੋਰਟ ਵਿੱਚ ਚੱਲ ਰਹੇ ਕੋਰਟ ਕੇਸਾਂ ਸਬੰਧੀ ਰਿਪੋਰਟਾਂ ਸਮੇਂ ਸਿਰ ਜ਼ਿਲ੍ਹਾ ਦਫ਼ਤਰ ਨੂੰ ਭੇਜੀਆ ਜਾਣ ਤਾਂ ਜੋ ਜਵਾਬ-ਦਾਅਵਾ ਦਾਇਰ ਕਰਨ ਵਿਚ ਮੁਸ਼ਕਲ ਪੇਸ਼ ਨਾ ਆਵੇ। ਸੀਵਰੇਜ/ਐਸਟੀਪੀ ਸਬੰਧੀ ਕਾਰਜਕਾਰੀ ਇੰਜੀਨੀਅਰ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਰੂਪਨਗਰ ਨੂੰ ਹਦਾਇਤ ਕੀਤੀ ਕਿ ਉਹ ਨਗਰ ਕੌਂਸਲ ਜ਼ੀਰਕਪੁਰ ਵਿਖੇ ਚੱਲ ਰਹੇ ਸੀਵਰੇਜ ਦੇ ਕੰਮਾਂ ਨੂੰ ਤੁਰੰਤ ਮੁਕੰਮਲ ਕਰਨ। ਇਹ ਵੀ ਹਦਾਇਤ ਕੀਤੀ ਕਿ ਸਨੋਲੀ ਵਿੱਚ ਸੀਵਰੇਜ ਦੇ ਕੰਮ ਸਬੰਧੀ ਈਓ ਅਤੇ ਐਕਸੀਅਨ ਸਾਂਝਾ ਦੌਰਾ ਕਰਕੇ ਕੰਮ ਛੇਤੀ ਮੁਕੰਮਲ ਕਰਨ। ਨਵਾਂ ਗਰਾਓਂ ਵਿੱਚ ਚੱਲ ਰਹੇ ਐਸਟੀਪੀ ਦੇ ਕੰਮ ਨੂੰ ਵੀ ਛੇਤੀ ਮੁਕੰਮਲ ਕਰਨ ਲਈ ਕਿਹਾ।
ਏਡੀਸੀ ਨੇ ਹਦਾਇਤ ਕੀਤੀ ਕਿ ਡੇਰਾਬੱਸੀ ਅਤੇ ਖਰੜ ਵਿੱਚ ਲਾਇਬਰੇਰੀਆਂ ਦੀ ਡਿਜੀਟਲਲਾਈਜੇਸ਼ਨ ਕੀਤੀ ਜਾਵੇ। ਸਵੱਛ ਭਾਰਤ ਮਿਸ਼ਨ ਦਾ ਮੁਲਾਂਕਣ ਕਰਦਿਆਂ ਈਓਜ਼ ਨੂੰ ਹਦਾਇਤ ਕੀਤੀ ਕਿ ਓਡੀਐਫ਼ ਅਤੇ ਜੀਐਫ਼ਸੀ ਸਬੰਧੀ ਟੀਮਾਂ ਦੀ ਚੈਕਿੰਗ ਦੇ ਮੱਦੇਨਜ਼ਰ ਲੰਬਿਤ ਕੰਮਾਂ ਨੂੰ ਮੁਕੰਮਲ ਕੀਤਾ ਜਾਵੇ ਤਾਂ ਜੋ ਮੁਹਾਲੀ ਜ਼ਿਲ੍ਹੇ ਦੀ ਰੈਕਿੰਗ ਉੱਪਰ ਜਾ ਸਕੇ।