
ਏਡੀਸੀ ਵਿਰਾਜ ਐਸ ਤਿੜਕੇ ਅਤੇ ਗੀਤਿਕਾ ਸਿੰਘ ਨੇ ਅਹੁਦਾ ਸੰਭਾਲਿਆ
ਨਬਜ਼-ਏ-ਪੰਜਾਬ, ਮੁਹਾਲੀ, 11 ਅਗਸਤ:
ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਕੀ ਸੁਧਾਰਾਂ ਦੇ ਮੱਦੇਨਜ਼ਰ ਮੁਹਾਲੀ ਵਿੱਚ ਦੋ ਨਵੇਂ ਵਧੀਕ ਡਿਪਟੀ ਕਮਿਸ਼ਨਰ ਮਿਸ ਗੀਤਿਕਾ ਸਿੰਘ ਅਤੇ ਵਿਰਾਜ ਐਸ ਤਿਕੜੇ ਨੂੰ ਤਾਇਨਾਤ ਕੀਤਾ ਗਿਆ ਹੈ। ਮਿਸ ਗੀਤਿਕਾ ਸਿੰਘ 2014 ਬੈਚ ਦੇ ਪੀਸੀਐਸ ਅਧਿਕਾਰੀ ਹਨ, ਉਨ੍ਹਾਂ ਨੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਤੇ 2018 ਬੈਚ ਦੇ ਆਈਏਐਸ ਵਿਰਾਜ ਐਸ ਤਿਕੜੇ ਨੇ ਅੱਜ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਆਪੋ ਆਪਣੇ ਅਹੁਦੇ ਦਾ ਸੰਭਾਲ ਲਿਆ ਹੈ। ਦੋਵੇਂ ਏਡੀਸੀਜ਼ ਨੇ ਡਿਊਟੀ ਜੁਆਇਨ ਕਰਨ ਤੋਂ ਪਹਿਲਾਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੂੰ ਰਿਪੋਰਟ ਕੀਤੀ ਅਤੇ ਆਪਣਾ ਚਾਰਜ ਸੰਭਾਲਣ ਦੀਆਂ ਰਿਪੋਰਟਾਂ ਸੌਂਪੀਆਂ।
ਡੀਸੀ ਆਸ਼ਿਕਾ ਜੈਨ ਨੇ ਦੋਵੇਂ ਏਡੀਸੀਜ਼ ਨਾਲ ਰਸਮੀ ਗੱਲਬਾਤ ਦੌਰਾਨ ਉਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਅਨੁਸਾਰ ਸੇਵਾ ਭਾਵਨਾ ਨਾਲ ਆਪੋ ਆਪਣੀਆਂ ਜ਼ਿੰਮੇਵਾਰੀਆਂ ਅਤੇ ਡਿਊਟੀਆਂ ਨਿਭਾਉਣ ਲਈ ਕਿਹਾ ਤਾਂ ਜੋ ਵਿਕਾਸ ਕਾਰਜਾਂ ਦੇ ਨਾਲ-ਨਾਲ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਏਡੀਸੀ (ਜਨਰਲ) ਵਿਰਾਜ ਐਸ ਤਿੜਕੇ ਕੋਲ ਇਸ ਤੋਂ ਪਹਿਲਾਂ ਵਧੀਕ ਕਮਿਸ਼ਨਰ ਟੈਕਸੇਸ਼ਨ-1 ਬੰਗਾ ਅਤੇ ਬਾਬਾ ਬਕਾਲਾ ਵਿੱਚ ਉਪ ਮੰਡਲ ਮੈਜਿਸਟਰੇਟ ਵਜੋਂ ਫੀਲਡ ਅਤੇ ਪ੍ਰਸ਼ਾਸਨਿਕ ਤਾਇਨਾਤੀਆਂ ਦਾ ਵੱਡਾ ਤਜਰਬਾ ਹੈ ਜਦਕਿ ਏਡੀਸੀ (ਪੇਂਡੂ ਵਿਕਾਸ) ਗੀਤਿਕਾ ਸਿੰਘ ਇਸ ਤੋਂ ਪਹਿਲਾਂ ਵਧੀਕ ਮੁੱਖ ਪ੍ਰਸ਼ਾਸਕ (ਨੀਤੀ ਅਤੇ ਹੈੱਡਕੁਆਰਟਰ) ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਟੀ, ਸਹਾਇਕ ਕਮਿਸ਼ਨਰ ਨਵਾਂ ਸ਼ਹਿਰ, ਡਿਪਟੀ ਸਕੱਤਰ ਪ੍ਰਸੋਨਲ ਵਿਭਾਗ, ਐਸਡੀਐਮ ਨਵਾਂ ਸ਼ਹਿਰ, ਨਾਭਾ, ਭਵਾਨੀਗੜ੍ਹ ਅਤੇ ਸਮਰਾਲਾ ਸਬ ਡਵੀਜ਼ਨਾਂ ਵਜੋਂ ਸੇਵਾਵਾਂ ਨਿਭਾਈਆਂ ਜਾ ਚੁੱਕੀਆਂ ਹਨ। ਦੋਵੇਂ ਅਧਿਕਾਰੀਆਂ ਨੇ ਕਿਹਾ ਕਿ ਉਹ ਵਿਕਾਸ ਪ੍ਰਾਜੈਕਟਾਂ, ਨਾਗਰਿਕ ਪੱਖੀ ਸੇਵਾਵਾਂ ਅਤੇ ਭਲਾਈ ਸਕੀਮਾਂ ਨੂੰ ਹਾਂ-ਪੱਖੀ ਹੁਲਾਰਾ ਦੇ ਕੇ ਵਧੀਆ ਨਤੀਜੇ ਦੇਣ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਯੋਗ ਅਗਵਾਈ ਅਨੁਸਾਰ ਕੰਮ ਕਰਨਗੇ।