
ਵਾਧੂ ਕੀਮਤ ਵਸੂਲੀ: ਸੈਕਟਰ-76 ਤੋਂ 80 ਦੇ ਅਲਾਟੀਆਂ ਨੇ ਲਾਲ ਬੱਤੀ ਚੌਕ ’ਤੇ ਦਿੱਤਾ ਧਰਨਾ
ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਕੀਤਾ ਸ਼ਾਂਤ
ਨਬਜ਼-ਏ-ਪੰਜਾਬ, ਮੁਹਾਲੀ, 24 ਅਗਸਤ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਸੈਕਟਰ-76 ਤੋਂ 80 ਅਲਾਟੀਆਂ ਤੋਂ ਵਾਧੂ ਕੀਮਤ ਵਸੂਲਣ ਸਬੰਧੀ ਮਿਲਖ ਅਫ਼ਸਰ ਰਾਹੀਂ ਭੇਜੇ ਡਿਮਾਂਡ ਨੋਟਿਸ ਦਾ ਮਾਮਲਾ ਕਾਫ਼ੀ ਭਖ ਗਿਆ ਹੈ ਅਤੇ ਸੈਕਟਰ ਵਾਸੀ ਅਤੇ ਅਲਾਟੀ ਹੁਣ ਸੜਕਾਂ ’ਤੇ ਉਤਰ ਆਏ ਹਨ। ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਲਫੇਅਰ ਐਸੋਸੀਏਸ਼ਨ ਦੇ ਬੈਨਰ ਹੇਠ ਅੱਜ ਸਮੂਹ ਰੈਜ਼ੀਡੈਂਟ ਵੈਲਫੇਅਰ ਕਮੇਟੀਆਂ ਦੇ ਸਹਿਯੋਗ ਨਾਲ ਪੀੜਤ ਲੋਕਾਂ ਨੇ ਅੱਜ ਆਪਣੇ ਪਰਿਵਾਰਾਂ ਸਮੇਤ ਸੈਕਟਰ-78 ਤੇ ਸੈਕਟਰ-79 ਦੇ ਟਰੈਫ਼ਿਕ ਲਾਈਟ ਪੁਆਇੰਟ ’ਤੇ ਧਰਨਾ ਦਿੱਤਾ ਅਤੇ ਵਾਧੂ ਕੀਮਤ ਵਸੂਲੀ ਦੇ ਨੋਟਿਸ ਰੱਦ ਕਰਨ ਦੀ ਗੁਹਾਰ ਲਗਾਈ।
ਸੰਸਥਾ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ, ਕੌਂਸਲਰ ਹਰਜੀਤ ਸਿੰਘ ਵਿੱਤ ਸਕੱਤਰ ਜੀਐਸ ਪਠਾਣੀਆਂ, ਕਾਨੂੰਨੀ ਸਲਾਹਕਾਰ ਅਸ਼ੋਕ ਕੁਮਾਰ, ਜਨਰਲ ਸਕੱਤਰ ਸੰਤ ਸਿੰਘ, ਪ੍ਰੈਸ ਸਕੱਤਰ ਸਰਦੂਲ ਸਿੰਘ ਪੂਨੀਆ ਨੇ ਕਿਹਾ ਕਿ ਗਮਾਡਾ ਵੱਲੋਂ ਦੁਬਾਰਾ ਨੋਟਿਸ ਭੇਜਣ ਤੋਂ ਲੋਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਗਮਾਡਾ ਨੇ ਸਾਲ 2000 ਵਿੱਚ ਸੈਕਟਰ-76 ਤੋਂ 80 ਵਸਾਉਣ ਦੀ ਸਕੀਮ ਲਾਂਚ ਕੀਤੀ ਸੀ। ਉਸ ਸਮੇਂ ਇਸ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਨਹੀਂ ਕੀਤੀ ਗਈ। ਜਿਸ ਕਾਰਨ ਸਫਲ ਅਲਾਟੀਆਂ ਨੂੰ ਪਲਾਟਾਂ ਦਾ ਕਬਜ਼ਾ ਲੈਣ ਲਈ ਲੰਮੀ ਉਡੀਕ ਕਰਨੀ ਪਈ। ਕਰੀਬ 100 ਸਫਲ ਅਲਾਟੀਆਂ ਨੂੰ ਹਾਲੇ ਤਾਈਂ ਸਬੰਧਤ ਪਲਾਟਾਂ ਦਾ ਕਬਜ਼ਾ ਵੀ ਦਿੱਤਾ ਗਿਆ ਹੈ। ਲੇਕਿਨ ਹੁਣ 23 ਸਾਲ ਬਾਅਦ ਗਮਾਡਾ ਨੇ ਵਾਧੂ ਵਸੂਲੀ ਦੇ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ। ਜਦੋਂਕਿ ਲੈਟਰ ਆਫ਼ ਇੰਟੈਟ ਅਤੇ 25 ਫੀਸਦੀ ਰਾਸ਼ੀ ਵੀ ਜਮ੍ਹਾ ਕਰਵਾਈ ਹੋਈ ਹੈ। ਜਿਸ ਕਾਰਨ ਅਲਾਟੀਆਂ ਨੂੰ ਦੋਹਰੀ ਮਾਰ ਪੈ ਰਹੀ ਹੈ ਕਿਉਂਕਿ ਮੌਜੂਦਾ ਸਮੇਂ ਵਿੱਚ ਮਕਾਨ ਉਸਾਰੀ ਦੇ ਸਮਾਨ ਦੀ ਕੀਮਤ ਅਤੇ ਮਜ਼ਦੂਰੀ ਕਈ ਗੁਣਾ ਵੱਧ ਗਈ ਹੈ।
ਇਸ ਮੌਕੇ ਅਨੋਖ ਸਿੰਘ, ਸੁਰਿੰਦਰ ਸਿੰਘ, ਦਿਆਲ ਚੰਦ, ਜਰਨੈਲ ਸਿੰਘ, ਜਗਜੀਤ ਸਿੰਘ, ਦਲਜਿੰਦਰ ਸਿੰਘ, ਕਾਮਰੇਡ ਮੇਜਰ ਸਿੰਘ, ਕ੍ਰਿਸਨਾ ਮਿੱਤੂ, ਗੁਰਜੀਤ ਸਿੰਘ ਗਿੱਲ, ਹਰਦਿਆਲ ਚੰਦ ਬਡਬਰ, ਨਰਿੰਦਰ ਸਿੰਘ ਮਾਨ, ਸੁਰਜੀਤ ਸਿੰਘ ਬਾਲਾ, ਗੁਰਦੇਵ ਸਿੰਘ ਧਨੋਆ, ਸੁਖਦੇਵ ਪਟਵਾਰੀ ਅਤੇ ਰਾਜੀਵ ਵਸ਼ਿਸ਼ਟ ਨੇ ਵੀ ਸੰਬੋਧਨ ਕੀਤਾ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪ੍ਰਦਰਸ਼ਨਕਾਰੀਆਂ ਦੀ ਨਾਲ ਮੀਟਿੰਗ ਕੀਤੀ। ਜਿਸ ਵਿੱਚ ਉਨ੍ਹਾਂ ਨੇ ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਲਫੇਅਰ ਐਸੋਸੀਏਸ਼ਨ ਦੇ ਮੋਹਰੀ ਆਗੂਆਂ ਦੀ ਜਲਦੀ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਅਲਾਟੀ ਤੋਂ ਨਿਯਮਾਂ ਦੇ ਖ਼ਿਲਾਫ਼ ਵਾਧੂ ਕੀਮਤ ਨਹੀਂ ਵਸੂਲੀ ਜਾਵੇਗੀ। ਇਸ ਮਗਰੋਂ ਪੀੜਤ ਲੋਕ ਧਰਨਾ ਸਮਾਪਤ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ।