nabaz-e-punjab.com

ਮੁਹਾਲੀ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ: ਬਲਬੀਰ ਸਿੱਧੂ

ਪਾਣੀ ਦੀ ਨਿਕਾਸੀ ਲਈ ਡਰੇਨਜ਼ ਸਿਸਟਮ ਬਣਾਉਣ ਦੀ ਯੋਜਨਾ ਤਿਆਰ ਕਰਨ ਦੀਆਂ ਹਦਾਇਤਾਂ

ਰੋਡ ਗਲੀਆਂ ਦੀ ਸਫ਼ਾਈ ਤੁਰੰਤ ਕਰਾਉਣ ਲਈ ਆਖਿਆ, ਪਿਛਲੇ 10 ਸਾਲਾਂ ਦੌਰਾਨ ਸੜਕਾਂ ਉੱਚੀਆਂ ਕਰਨ ਨਾਲ ਵੜਿਆ ਘਰਾਂ ’ਚ ਪਾਣੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ:
ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਅਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ ਧੀਮਾਨ, ਐਸ.ਡੀ.ਐਮ. ਡਾ: ਆਰ ਪੀ ਸਿੰਘ ਅਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਪਿਛਲੇ ਦਿਨੀ ਭਾਰੀ ਬਰਸਾਤ ਹੋਣ ਕਾਰਨ ਸ਼ਹਿਰ ਦੇ ਹੋਏ ਪ੍ਰਭਾਵਿਤ ਇਲਾਕੇ ਫੇਜ਼-7, ਫੇਜ਼-3ਬੀ1, ਫੇਜ਼-5, ਸੈਕਟਰ-71 ਸਮੇਤ ਹੋਰਨਾਂ ਥਾਵਾਂ ਦਾ ਦੌਰਾ ਕਰਕੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਹੋਏ ਨੁਕਸਾਨ ਦਾ ਜਾਇਜਾ ਵੀ ਲਿਆ। ਉਨ੍ਹਾਂ ਇਸ ਮੌਕੇ ਘਰਾਂ ਵਿਚ ਦਾਖਲ ਹੋਏ ਬਰਸਾਤੀ ਪਾਣੀ ਸਬੰਧੀ ਸ਼ਹਿਰ ਨਿਵਾਸੀਆਂ ਦੀਆਂ ਮੁਸ਼ਿਕਲਾਂ ਵੀ ਸੁਣੀਆਂ। ਸ੍ਰੀ ਸਿੱਧੂ ਨੇ ਇਸ ਮੌਕੇ ਕਿਹਾ ਕਿ ਐਸ.ਏ.ਐਸ. ਨਗਰ ਸ਼ਹਿਰ ’ਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਇਸ ਮੌਕੇ ਤੇ ਮੌਜੂਦ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਡਰੇਨਜ਼ ਸ਼ਿਸਟਮ ਬਣਾਉਣ ਲਈ ਇੱਕ ਯੋਜਨਾ ਤਿਆਰ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਤਾਂ ਜੋ ਬਰਸਾਤੀ ਪਾਣੀ ਦੇ ਨਿਕਾਸੀ ਦਾ ਪੱਕਾ ਪ੍ਰਬੰਧ ਹੋ ਸਕੇ।
ਉਨ੍ਹਾਂ ਇਸ ਮੌਕੇ ਅਕਾਲੀ-ਭਾਜਪਾ ਸਰਕਾਰ ਤੇ ਦੋਸ਼ ਲਗਾਉਦਿਆਂ ਕਿਹਾ ਕਿ ਇਸ ਸਰਕਾਰ ਵੱਲੋਂ ਲੁੱਟਣ ਤੋਂ ਬਿਨ੍ਹਾਂ ਕੁੱਝ ਨਹੀ ਕੀਤਾ ਗਿਆ ਅਤੇ ਸ਼ਹਿਰ ਦੀਆਂ ਸੜ੍ਹਕਾਂ ਨੂੰ ਬਿਨ੍ਹਾਂ ਯੋਜਨਾ ਤੋਂ ਉੱਚੀਆਂ ਕਰਕੇ ਲੋਕਾਂ ਲਈ ਮੁਸੀਬਤ ਦਾ ਘਰ ਬਣਾ ਦਿੱਤੀਆਂ ਜਿਨ੍ਹਾਂ ਕਾਰਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਘਰਾਂ ਵਿਚ ਪਾਣੀ ਦਾਖਲ ਹੋਇਆ, ਜਿਸ ਨਾਲ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਉਸ ਸਮੇਂ ਵਾਰ-ਵਾਰ ਜਾਣੂ ਕਰਾਉਣ ਤੋਂ ਬਾਅਦ ਵੀ ਉਨ੍ਹਾਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਅਤੇ ਉਹ ਗਲਤ ਕੰਮਾਂ ਨੂੰ ਅੰਜਾਮ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਗਲਤ ਕੰਮਾਂ ਦੀ ਜਾਂਚ ਕਰਾਈ ਜਾਵੇਗੀ ਅਤੇ ਦੋਸ਼ੀਆਂ ਨੁੰ ਬਖਸ਼ਿਆ ਨਹੀਂ ਜਾਵੇਗਾ। ਸ੍ਰੀ ਸਿੱਧੂ ਨੇ ਇਸ ਮੌਕੇ ਪਾਣੀ ਦੀ ਨਿਕਾਸੀ ਲਈ ਬਣਾਈਆਂ ਗਈਆਂ ਰੋਡ ਗਲੀਆਂ ਦਾ ਜਾਇਜਾ ਵੀ ਲਿਆ ਜਿਨ੍ਹਾਂ ਤੇ ਬੰਦ ਹੋਣ ਕਾਰਨ ਬਰਸਾਤੀ ਪਾਣੀ ਦਾ ਨਿਕਾਸ ਨਹੀ ਹੋ ਸਕਿਆ।
ਉਨ੍ਹਾਂ ਮੌਕੇ ਤੇ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਰੋਡ ਗਲੀਆਂ ਦੀ ਤੁਰੰਤ ਸਫਾਈ ਕਰਨ ਲਈ ਆਖਿਆ ਤਾਂ ਜੋ ਬਰਸਾਤੀ ਪਾਣੀ ਦੇ ਨਿਕਾਸ ਵਿਚ ਕੋੲਂੀ ਰੁਕਾਵਟ ਨਾਂ ਆਵੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕਮਿਸ਼ਨਰ ਨਗਰ ਨਿਗਮ ਨੂੰ ਸ਼ਹਿਰ ਦੇ ਬਰਸਾਤੀ ਪਾਣੀ ਤੋਂ ਪ੍ਰਭਾਵਿਤ ਹੋਏ ਇਲਾਕੇ ਵਿਚ ਫੌਗਿੰਗ ਕਰਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਇਸ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਡਿਪਟੀ ਕਮਿਸ਼ਨਰ ਨਾਲ ਨੇਚਰ ਪਾਰਕ ਨੇੜਿਓ ਲੰਘਦੇ ਚੋਅ ਦਾ ਜਾਇਜਾ ਵੀ ਲਿਆ ਅਤੇ ਦੱਸਿਆ ਕਿ ਇਸ ਵਿਚ ਖੜ੍ਹੇ ਘਾਹ ਫੂਸ ਦੀ ਸਫਾਈ ਕਰਵਾਈ ਜਾਵੇਗੀ ਤਾਂ ਜੋ ਪਾਣੀ ਦੀ ਨਿਕਾਸੀ ਵਿਚ ਰੁਕਾਵਟ ਨਾ ਆਵੇ। ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸਵ ਜੈਨ,ਐਸ.ਡੀ.ਐਮ. ਡਾ: ਆਰ.ਪੀ.ਸਿੰਘ, ਸ੍ਰ: ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ, ਗੁਰਚਰਨ ਸਿੰਘ ਭਮਰਾ, ਕੌਸਲਰ ਅਮਰੀਕ ਸਿੰਘ ਸੋਮਲ, ਐਸ.ਡੀ.ਓ. ਸੁਖਵਿੰਦਰ ਸਿੰਘ ਸਮੇਤ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…