
ਏਡੀਜੀਪੀ ਅਤੇ ਐਸਐਸਪੀ ਨੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ ਲਿਆ ਜਾਇਜ਼ਾ
ਪੰਜਾਬ ਪੁਲੀਸ ਦੀ ਪਹਿਲਕਦਮੀ: ਨਵੀਂ ਮੁਹਿੰਮ ‘ਇੱਕ ਧਾਰਮਿਕ ਸਥਾਨ ਇੱਕ ਪੁਲੀਸ ਕਰਮਚਾਰੀ’ ਦੀ ਸ਼ੁਰੂਆਤ
ਧਾਰਮਿਕ ਅਸਥਾਨਾਂ ਵਿੱਚ ਸੀਸੀਟੀਵੀ ਕੈਮਰੇ, ਸਟਾਫ਼ ਦੀ ਵੈਰੀਫਿਕੇਸ਼ਨ ਤੇ ਚੌਕੀਦਾਰ ਵਿਵਸਥਾ ਦੀ ਕੀਤੀ ਸਮੀਖਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਸਤੰਬਰ:
ਪੰਜਾਬ ਵਿੱਚ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਮੌਜੂਦਾ ਹਾਲਾਤਾਂ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਪੁਲੀਸ ਹਰਕਤ ਵਿੱਚ ਆ ਗਈ ਹੈ। ਪੰਜਾਬ ਦੇ ਏਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਅੱਜ ਮੁਹਾਲੀ ਦੇ ਚਾਰ ਧਾਰਮਿਕ ਅਸਥਾਨਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਗੁਰਦੁਆਰਾ ਸਾਹਿਬ, ਮੰਦਰ ਅਤੇ ਚਰਚ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ। ਇਸ ਮੌਕੇ ਐੱਸਐੱਸਪੀ ਵਿਵੇਕਸ਼ੀਲ ਸੋਨੀ, ਡੀਐਸਪੀ ਨਰਿੰਦਰਪਾਲ ਚੌਧਰੀ ਅਤੇ ਹਰਸਿਮਰਨ ਸਿੰਘ ਬੱਲ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਏਡੀਜੀਪੀ ਅਰਪਿਤ ਸ਼ੁਕਲਾ ਸਭ ਤੋਂ ਪਹਿਲਾਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਪਹੁੰਚੇ। ਇਸ ਮਗਰੋਂ ਸੈਕਟਰ-78 ਸਥਿਤ ਸੀਐਨਆਈ ਚਰਚ ਅਤੇ ਸ੍ਰੀ ਬੱਧਰੀਨਾਥ ਮੰਦਰ ਸੈਕਟਰ-78, ਜਾਮਾ ਮਸਜਿਦ ਫੇਜ਼-11 ਦਾ ਦੌਰਾ ਕੀਤਾ ਅਤੇ ਇਨ੍ਹਾਂ ਪਵਿੱਤਰ ਅਸਥਾਨਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਕੰਮ ਕਰਨ, ਉੱਥੇ ਤਾਇਨਾਤ ਸਟਾਫ਼\ਸੇਵਾਦਾਰਾਂ ਆਦਿ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਲੀਸ ਨੂੰ ਸਹਿਯੋਗ ਦੇਣ ਅਤੇ ਖ਼ੁਦ ਵੀ ਚੌਕਸ ਰਹਿਣ।
ਮੁਹਾਲੀ ਜ਼ਿਲ੍ਹੇ ਵਿੱਚ 697 ਗੁਰਦੁਆਰਾ ਸਾਹਿਬ, 254 ਮੰਦਰ, 79 ਮਸਜਿਦਾਂ ਅਤੇ 20 ਚਰਚ ਹਨ। ਇੱਕ ਨਿਵੇਕਲੀ ਪਹਿਲਕਦਮੀ ਵਜੋਂ ਮੁਹਾਲੀ ਪੁਲੀਸ ਵੱਲੋਂ ਵੱਖ-ਵੱਖ ਧਾਰਮਿਕ ਅਸਥਾਨਾਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਚੈਕਿੰਗ ਨੂੰ ਯਕੀਨੀ ਬਣਾਉਣ ਲਈ ਇੱਕ ਨਵੀ ਮੁਹਿੰਮ ‘ਇੱਕ ਧਾਰਮਿਕ ਸਥਾਨ ਇੱਕ ਪੁਲੀਸ ਕਰਮਚਾਰੀ ’ ਸ਼ੁਰੂ ਕੀਤੀ ਜਾ ਰਹੀ ਹੈ। ਹਰੇਕ ਧਾਰਮਿਕ ਸਥਾਨ ’ਤੇ ਇੱਕ ਪੁਲੀਸ ਅਧਿਕਾਰੀ ਨਿਰਧਾਰਿਤ ਕੀਤਾ ਜਾਵੇਗਾ। ਜੋ ਹਰ 15 ਦਿਨਾਂ ਬਾਅਦ ਧਾਰਮਿਕ ਸਥਾਨ ਦਾ ਦੌਰਾ ਕਰੇਗਾ ਅਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰੇਗਾ। ਇਸ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਸੀਸੀਟੀਵੀ ਕੈਮਰੇ ਕੰਮ ਕਰ ਰਹੇ ਹਨ, ਰਿਕਾਰਡਿੰਗ ਹੋ ਰਹੀ ਹੈ ਜਾਂ ਨਹੀਂ, ਪਾਵਰ ਬੈਕ-ਅਪ ਨਾਲ ਜੁੜਿਆ ਹੈ ਜਾਂ ਨਹੀਂ, ਹਰੇਕ ਅਹਿਮ ਪੁਆਇੰਟ ਨੂੰ ਕਵਰ ਕੀਤਾ ਜਾ ਰਿਹਾ ਹੈ ਜਾਂ ਨਹੀਂ?
ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਕਈ ਮਹੱਤਵਪੂਰਨ ਪੁਆਇੰਟਾਂ ’ਤੇ ਐਸਪੀ\ਡੀਐਸਪੀ ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਐਸਐਚਓ\ ਯੂਨਿਟ ਇੰਚਾਰਜ ਦੀ ਅਗਵਾਈ ਹੇਠ 26 ਨਾਕੇ ਲਗਾਏ ਗਏ ਹਨ। ਇਸ ਦੌਰਾਨ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਦੇ 72 ਚਲਾਨ ਅਤੇ 17 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 963 ਸ਼ੱਕੀ ਵਿਅਕਤੀਆਂ ਨੂੰ ਰਾਊਡਅੱਪ ਕਰਕੇ ਤਸਦੀਕ ਕੀਤਾ ਗਿਆ ਹੈ। ਐੱਸਐੱਸਪੀ ਨੇ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਨੂੰ ਧਾਰਮਿਕ ਸਥਾਨਾਂ ’ਤੇ ਸੀਸੀਟੀਵੀ ਕੈਮਰੇ ਲਗਾਉਣ ਲਈ ਸਹਿਯੋਗ ਦੀ ਅਪੀਲ ਵੀ ਕੀਤੀ। ਧਾਰਮਿਕ ਸਥਾਨਾਂ ਨੂੰ ਸੀਸੀਟੀਵੀ ਕੈਮਰਿਆਂ ਨਾਲ 100 ਫੀਸਦੀ ਕਵਰੇਜ ਕਰਨ ਲਈ ਸਬੰਧਤ ਏਰੀਆ ਦੇ ਡੀਐਸਪੀਜ਼ ਅਤੇ ਥਾਣਾ ਮੁਖੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪੀਸੀਆਰ ਅਤੇ ਪੁਲੀਸ ਗਸ਼ਤ ਵਧਾਉਣ ਲਈ ਵੀ ਕਿਹਾ ਗਿਆ ਹੈ।

ਤਰਨਤਾਰਨ ਸਥਿਤ ਚਰਚ ਵਿੱਚ ਵਾਪਰੀ ਬੇਅਦਬੀ ਅਤੇ ਅਗਜ਼ਨੀ ਦੀ ਘਟਨਾ ਬਾਰੇ ਪੰਜਾਬ ਦੇ ਏਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ। ਇਸ ਸਬੰਧੀ ਮੁੱਖ ਮੰਤਰੀ ਅਤੇ ਡੀਜੀਪੀ ਦੇ ਹੁਕਮਾਂ ’ਤੇ 6 ਟੀਮਾਂ ਦਾ ਗਠਨ ਕੀਤਾ ਗਿਆ ਹੈ। ਮੁਲਜ਼ਮਾਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਪਸੀ ਭਾਈਚਾਰਕ ਸਾਂਝ ਤੋੜਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।