Share on Facebook Share on Twitter Share on Google+ Share on Pinterest Share on Linkedin ਏਡੀਜੀਪੀ ਚੌਹਾਨ ਨੇ ਪੁਲੀਸ ਬੀਟ ਪੈਟਰੋਲਿੰਗ ਲਈ 100 ਨਵੇਂ ਮੋਟਰ ਸਾਈਕਲਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਸੜਕ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕਰਨ ਲਈ ਮੁਹਾਲੀ ਵਿੱਚ ਦੋ ਡਰੋਨ ਲਗਾਏ ਜਾਣਗੇ: ਚੌਹਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ: ਪੰਜਾਬ ਪੁਲੀਸ ਦੇ ਏਡੀਜੀਪੀ (ਟਰੈਫ਼ਿਕ) ਡਾ. ਐਸਐਸ ਚੌਹਾਨ ਨੇ ਪੁਲੀਸ ਬੀਟ ਪੈਟਰੋਲਿੰਗ ਲਈ 100 ਮੋਟਰ ਸਾਈਕਲਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਸਬੰਧੀ ‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਇੱਥੋਂ ਦੇ ਖੇਡ ਸਟੇਡੀਅਮ ਸੈਕਟਰ-78 ਵਿੱਚ ਇਕ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ਗਿਆ। ਪੁਲੀਸ ਗਸ਼ਤ ਲਈ ਇਹ ਮੋਟਰ ਸਾਈਕਲ ਹਾਂਡਾ ਕੰਪਨੀ ਵੱਲੋਂ ਮੁਹੱਈਆ ਕਰਵਾਏ ਗਏ ਹਨ। ਕੰਪਨੀ ਦੇ ਡਾਇਰੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਜਲਦੀ ਹੀ 25 ਹੋਰ ਮੋਟਰ ਸਾਈਕਲ ਪੁਲੀਸ ਨੂੰ ਪ੍ਰਦਾਨ ਕੀਤੇ ਜਾਣਗੇ। ਇਨ੍ਹਾਂ ਮੋਟਰ ਸਾਈਕਲਾਂ ’ਤੇ ਪਬਲਿਕ ਅਨਾਊਂਸਮੈਂਟ ਸਿਸਟਮ, ਫਲੈਸ਼ ਲਾਈਟਾਂ ਤੇ ਸਾਈਰਨ ਤੋਂ ਇਲਾਵਾ ਅਜਿਹੇ ਉਪਕਰਨ ਲੱਗੇ ਹੋਏ ਹਨ, ਜਿਨ੍ਹਾਂ ਦੀ ਪੁਲੀਸ ਨੂੰ ਪੈਟਰੋਲਿੰਗ ਦੌਰਾਨ ਲੋੜ ਪੈਂਦੀ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਏਡੀਜੀਪੀ ਸ੍ਰੀ ਚੌਹਾਨ ਨੇ ਕਿਹਾ ਕਿ ਟਰੈਫ਼ਿਕ ਪੁਲੀਸ ਵੱਲੋਂ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਸੜਕ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕਰਨ ਦਾ ਫੈਸਲਾ ਕੀਤਾ ਹੈ। ਜਿਸ ਦੇ ਤਹਿਤ ਮੁਹਾਲੀ ਸ਼ਹਿਰ ਲਈ ਦੋ ਡਰੋਨ ਲਗਾਏ ਜਾਣਗੇ। ਇਸ ਸਬੰਧੀ ਪ੍ਰਾਈਵੇਟ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੋਟਰ ਸਾਈਕਲਾਂ ਦੀ ਮਦਦ ਨਾਲ ਜਿੱਥੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਵਧੇਗੀ, ਉੱਥੇ ਇਨ੍ਹਾਂ ਦੀ ਮਦਦ ਨਾਲ ਪੁਲੀਸ ਭੀੜ-ਭੜੱਕੇ ਵਾਲੀਆਂ ਉਨ੍ਹਾਂ ਥਾਵਾਂ ’ਤੇ ਵੀ ਜਲਦੀ ਨਾਲ ਪੁੱਜ ਸਕੇਗੀ, ਜਿੱਥੇ ਗੱਡੀ ਰਾਹੀਂ ਪਹੁੰਚਣ ਵਿੱਚ ਦੇਰੀ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੀ ਤਰਜ਼ ’ਤੇ ਮੁਹਾਲੀ ਸਮੇਤ ਸੂਬੇ ਦੇ ਵੱਖ ਵੱਖ ਵੱਡੇ ਸ਼ਹਿਰਾਂ ਵਿੱਚ ਟਰੈਫ਼ਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਵਿੱਚ ਪੁਲੀਸ ਗਸ਼ਤ ਤੇਜ਼ ਕਰਨ ਲਈ ਪੰਜ ਨਵੇਂ ਮੋਟਰ ਸਾਈਕਲ ਮਿਲੇ ਹਨ ਅਤੇ ਜਲਦੀ ਹੀ ਕਰੀਬ 10 ਹੋਰ ਮੋਟਰ ਸਾਈਕਲ ਮਿਲ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੜਕ ਹਾਦਸਿਆਂ ਦੀ ਦਰ ਘਟਾਉਣ ਲਈ ਟਰੈਫ਼ਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਆਈਜੀ (ਟਰੈਫ਼ਿਕ) ਐਸਕੇ ਸਿੰਘ, ਐਸਪੀ (ਐੱਚ) ਗੁਰਸੇਵਕ ਸਿੰਘ ਬਰਾੜ, ਐਸਪੀ (ਡੀ) ਵਰੁਣ ਸ਼ਰਮਾ, ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ, ਡੀਐਸਪੀ ਨਵਰੀਤ ਸਿੰਘ ਵਿਰਕ ਤੇ ਰਮਨਦੀਪ ਸਿੰਘ ਅਤੇ ਜੋਬਨ ਸਿੰਘ, ਐਸਐਚਓ ਖ਼ੁਸ਼ਪ੍ਰੀਤ ਕੌਰ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ