ਏਡੀਜੀਪੀ ਗੁਰਪ੍ਰੀਤ ਦਿਓ ਵੱਲੋਂ ਸੋਹਾਣਾ ਦਾ ‘ਬਾਲ ਮਿੱਤਰ ਪੁਲੀਸ ਸਟੇਸ਼ਨ’ ਲੋਕਾਂ ਨੂੰ ਸਮਰਪਿਤ

ਬਾਲ ਮਿੱਤਰ ਪੁਲੀਸ ਸਟੇਸ਼ਨ ਵਿੱਚ ਬੱਚਿਆਂ ਨੂੰ ਮਿਲੇਗਾ ਸੁਖਾਵਾਂ ਮਾਹੌਲ: ਏਡੀਜੀਪੀ ਗੁਰਪ੍ਰੀਤ ਦਿਓ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਬਾਲ ਮਿੱਤਰ ਪੁਲੀਸ ਸਟੇਸ਼ਨ ਬਣਾਉਣ ਦਾ ਮੁੱਖ ਮਕਸਦ ਬੱਚਿਆਂ ਦੇ ਅੰਦਰੋਂ ਪੁਲੀਸ ਲਈ ਝਿਜਕ ਨੂੰ ਦੂਰ ਕਰ ਕੇ ਇਕ ਸੁਖਾਵੇਂ ਮਾਹੌਲ ਵਿੱਚ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਹੈ ਤੇ ਅਜਿਹੇ ਪੁਲੀਸ ਸਟੇਸ਼ਨ ਬੱਚਿਆਂ ਸਬੰਧੀ ਮੁਸ਼ਕਲਾਂ ਦੇ ਹੱਲ ਵਿੱਚ ਸਹਾਈ ਸਿੱਧ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੀ ਏਡੀਜੀਪੀ ਗੁਰਪ੍ਰੀਤ ਦਿਓ ਨੇ ਸ਼ੁੱਕਰਵਾਰ ਨੂੰ ਸੋਹਾਣਾ ਥਾਣੇ ਵਿੱਚ ਸਥਾਪਿਤ ਕੀਤਾ ‘ਬਾਲ ਮਿੱਤਰ ਪੁਲੀਸ ਸਟੇਸ਼ਨ’ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਥੇ ਬੱਚਿਆਂ ਨੂੰ ਘਰ ਵਰਗਾ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਬੱਚਾ ਆਪਣੇ ਨਾਲ ਹੋਈ ਵਧੀਕੀ ਜਾਂ ਦੁੱਖ ਤਕਲੀਫ਼ ਬਿਨਾਂ ਕਿਸੇ ਸਹਿਮ ਤੋਂ ਦੱਸ ਸਕੇ ਤੇ ਇੱਥੇ ਬੱਚਿਆਂ ਸਬੰਧੀ ਮੁਸ਼ਕਲਾਂ ਦਾ ਪੂਰਨ ਹੱਲ ਕੀਤਾ ਜਾਵੇਗਾ।
ਏਡੀਜੀਪੀ ਗੁਰਪ੍ਰੀਤ ਦਿਓ ਨੇ ਦੱਸਿਆ ਕਿ ਬਚਪਨ ਬਚਾਓ ਅੰਦੋਲਨ ਤਹਿਤ ਇਹ ਪੁਲੀਸ ਸਟੇਸ਼ਨ ਤਿਆਰ ਕੀਤੇ ਜਾ ਰਹੇ ਹਨ। ਤਿਆਰ ਕੀਤੇ ਬਾਲ ਮਿੱਤਰ ਪੁਲੀਸ ਸਟੇਸ਼ਨ ਵਿਖੇ ਕੰਧਾਂ ਨੂੰ ਉਚੇਚੇ ਤੌਰ ’ਤੇ ਸਜਾਇਆ ਗਿਆ ਹੈ ਤੇ ਇੱਥੇ ਬੱਚਿਆਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣ ਲਈ ਲੋੜੀਂਦੀਆਂ ਸਾਰੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਦੇ ਨਾਲ ਨਾਲ ਬੱਚਿਆਂ ਲਈ ਖਿਡੌਣਿਆਂ, ਕਿਤਾਬਾਂ ਅਤੇ ਹੋਰ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਪੁਲੀਸ ਸਟੇਸ਼ਨ ਰਾਹੀਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਬੱਚਿਆਂ ਨੂੰ ਤੈਅ ਸਮੇਂ ’ਚ ਇਨਸਾਫ਼ ਮਿਲੇ।
ਇਸ ਮੌਕੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਪੁਲੀਸ ਸਟੇਸ਼ਨ ਵਿਖੇ ਬੱਚਿਆਂ ਸਬੰਧੀ ਦੋ ਕੈਟਾਗਰੀਜ਼, ਚਿਲਡਰਨ ਕਨਫਲਿਕਟ ਵਿਦ ਲਾਅ ਅਤੇ ਚਿਲਡਰਨ ਨੀਡ ਕੇਅਰ ਐਂਡ ਪ੍ਰੋਟੈਕਸ਼ਨ ਦੇ ਆਧਾਰ ਉੱਤੇ ਜੁਵੇਨਾਇਲ ਜਸਟਿਸ ਕਮੇਟੀ ਅਤੇ ਬਾਲ ਭਲਾਈ ਕਮੇਟੀ (ਸੀ ਡਬਲਿਊ ਸੀ) ਦੇ ਨਾਲ ਤਾਲਮੇਲ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਚਿਲਡਰਨ ਕਨਫਲਿਕਟ ਵਿਦ ਲਾਅ ਵਿੱਚ ਅਪਰਾਧਾਂ ਨਾਲ ਸਬੰਧਤ ਬੱਚੇ ਸ਼ਾਮਲ ਹੋਣਗੇ ਅਤੇ ਚਿਲਡਰਨ ਨੀਡ ਕੇਅਰ ਐਂਡ ਪ੍ਰੋਟੈਕਸ਼ਨ ਵਿੱਚ ਬਾਲ ਮਜ਼ਦੂਰੀ, ਬਾਲ ਵਿਆਹ, ਬੱਚਿਆਂ ਨਾਲ ਹਿੰਸਾ ਆਦਿ ਸਬੰਧੀ ਬੱਚੇ ਸ਼ਾਮਲ ਹੋਣਗੇ। ਇਸ ਪੁਲੀਸ ਸਟੇਸ਼ਨ ਵਿਖੇ ਬੱਚਿਆਂ ਦੇ ਬਿਆਨ ਦਰਜ ਕਰਵਾਉਣ ਸਬੰਧੀ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਾਲ ਮਿੱਤਰ ਪੁਲੀਸ ਸਟੇਸ਼ਨ ਸਰਕਾਰ ਦਾ ਅਹਿਮ ਉਪਰਾਲਾ ਹੈ, ਜਿਸ ਸਦਕਾ ਬੱਚਿਆਂ ਨੂੰ ਸੁਖਾਵੇਂ ਮਾਹੌਲ ਵਿੱਚ ਢੁਕਵਾਂ ਤੇ ਸਮਾਂਬੱਧ ਇਨਸਾਫ਼ ਦਿਵਾਉਣ ਵਿੱਚ ਮਦਦ ਮਿਲੇਗੀ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…