Nabaz-e-punjab.com

ਕੋਚਿੰਗ ਸੈਂਟਰਾਂ ਤੇ ਆਈਲੈਟਸ ਕੇਂਦਰਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਲੋੜੀਂਦੇ ਪ੍ਰਬੰਧ ਕਰੇ ਪ੍ਰਸ਼ਾਸਨ: ਕਾਹਲੋਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਈ:
ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਬੀਤੇ ਦਿਨੀਂ 4 ਮੰਜ਼ਲਾਂ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਦੌਰਾਨ ਉੱਥੇ ਚਲਦੇ ਕੋਚਿੰਗ ਸੈਂਟਰ ਦੇ ਵਿਦਿਆਰਥੀਆਂ ਸਮੇਤ ਦੋ ਦਰਜਨ ਦੇ ਕਰੀਬ ਵਿਅਕਤੀਆਂ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਜ਼ਿਲ੍ਹਾ ਅਕਾਲੀ ਦਲ ਦੇ ਸਕੱਤਰ ਜਨਰਲ ਪਰਮਜੀਤ ਸਿੰਘ ਕਾਹਲੋਂ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਇਸ ਹਾਦਸੇ ਨੇ ਮੁਹਾਲੀ ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਵਿੱਚ ਚੱਲਦੇ ਕੋਚਿੰਗ ਸੈਂਟਰਾਂ ਦੀ ਸੁਰੱਖਿਆ ਵਿਵਸਥਾ ’ਤੇ ਵੀ ਸਵਾਲੀਆਂ ਨਿਸ਼ਾਨ ਖੜੇ ਕਰ ਦਿੱਤੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਆਈਟੀ ਸਿਟੀ ਅਤੇ ਨਵੇਂ ਸੈਕਟਰਾਂ ਵਿੱਚ ਅਜਿਹੇ ਸਾਰੇ ਕੇਂਦਰਾਂ ਵਿੱਚ ਅੱਗ ਲੱਗਣ ਸਮੇਤ ਹੋਰ ਅਚਾਨਕ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਬਚਾਅ ਲਈ ਲੋੜੀਂਦੇ ਕਦਮ ਚੁੱਕੇ ਜਾਣ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਅਤੇ ਭਾਜਪਾ ਆਗੂਆਂ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਅਤੇ ਸੈਕਟਰਾਂ ਦੀਆਂ ਮਾਰਕੀਟਾਂ ਵਿੱਚ ਵੱਡੀ ਗਿਣਤੀ ਵਿੱਚ ਕੋਚਿੰਗ ਸੈਂਟਰ ਅਤੇ ਆਈਲੈਟਸ ਕਰਾਉਣ ਵਾਲੇ ਇੰਸਟੀਚਿਊਟ ਚੱਲ ਰਹੇ ਹਨ। ਜਿਨ੍ਹਾਂ ਵਿੱਚ ਇਕ-ਇਕ ਸੈਂਟਰ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ ਅਤੇ ਇਨ੍ਹਾਂ ਥਾਵਾਂ ’ਤੇ ਸਾਰਾ ਦਿਨ ਅਤੇ ਦੇਰ ਸ਼ਾਮ ਤੱਕ ਕਲਾਸਾਂ ਲੱਗਦੀਆਂ ਹਨ।
ਉਨ੍ਹਾਂ ਕਿਹਾ ਕਿ ਅਚਾਨਕ ਅੱਗ ਲੱਗਣ ਜਾਂ ਭਗਦੌੜ ਮੱਚਣ ਵਰਗੇ ਹਾਲਾਤ ਪੈਦਾ ਹੋਣ ’ਤੇ ਅਜਿਹੇ ਸੰਸਥਾਨਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਐਮਰਜੈਂਸੀ ਨਿਕਾਸ ਸਬੰਧੀ ਕੋਈ ਢੁਕਵੀਂ ਵਿਵਸਥਾ ਨਹੀਂ ਹੈ ਅਤੇ ਜੇਕਰ ਪੌੜੀਆਂ ਵਿੱਚ (ਜਿੱਥੇ ਆਮ ਤੌਰ ’ਤੇ ਬਿਜਲੀ ਮੀਟਰ ਬਕਸੇ ਲੱਗੇ ਹੁੰਦੇ ਹਨ) ਸ਼ਾਰਟ ਸਰਕਟ ਨਾਲ ਅੱਗ ਲੱਗ ਜਾਵੇ ਤਾਂ ਉੱਪਰਲੀਆਂ ਮੰਜ਼ਲਾਂ ਦੇ ਵਿਦਿਆਰਥੀ ਹੇਠਾਂ ਨਹੀਂ ਆ ਸਕਦੇ ਹਨ।
ਆਗੂਆਂ ਨੇ ਮੁਹਾਲੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਹਾਲੀ ਫਾਇਰ ਬ੍ਰਿਗੇਡ ਨੂੰ ਹਦਾਇਤਾਂ ਜਾਰੀ ਕਰਕੇ ਅਜਿਹੇ ਸਾਰੇ ਕੋਚਿੰਗ ਸੈਂਟਰਾਂ ਅਤੇ ਆਈਲੈਟਸ ਕਰਵਾਉਣ ਵਾਲੇ ਅਦਾਰਿਆਂ ਦੀ ਸੁਰੱਖਿਆ ਅਤੇ ਅੱਗ ਬੁਝਾਊ ਸਿਸਟਮ ਅਤੇ ਹੋਰ ਜ਼ਰੂਰੀ ਪ੍ਰਬੰਧਾਂ ਦੀ ਜਾਂਚ ਕਰਵਾਈ ਜਾਵੇ ਅਤੇ ਕਿਸੇ ਵੀ ਹੰਗਾਮੀ ਹਾਲਤ ਵਿੱਚ ਲੋਕਾਂ ਦੀ ਸੁਰੱਖਿਅਤ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਅਜਿਹੇ ਕਿਸੇ ਹਾਦਸੇ ਦੌਰਾਨ ਨੌਜਵਾਨਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ। ਇਸ ਮੌਕੇ ਭਾਜਪਾ ਆਗੂ ਅਰੁਣ ਸ਼ਰਮਾ, ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਆਰਪੀ ਸ਼ਰਮਾ, ਅਕਾਲੀ ਆਗੂ ਕਰਮ ਸਿੰਘ ਬਬਰਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ ਜ਼ਿਲ੍ਹਾ ਪੱਧਰ ਕਨਵੈਨਸ਼ਨਾਂ…