Nabaz-e-punjab.com

ਸੈਕਟਰ-71 ਦੇ ਵਸਨੀਕਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਨੂੰ ਤੁਰੰਤ ਹੱਲ ਕਰੇ ਪ੍ਰਸ਼ਾਸਨ: ਕਰਨਲ ਸੋਹੀ

ਸਬਜੀ ਮੰਡੀ ਵਿੱਚ ਫੈਲਦੀ ਗੰਦਗੀ ਅਤੇ ਆਵਾਰਾ ਪਸ਼ੂਆਂ ਦੀ ਸਮੱਸਿਆਵਾ ਦੇ ਹੱਲ ਲਈ ਕਾਰਵਾਈ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਇੱਥੋਂ ਦੇ ਸੈਕਟਰ-71 ਦੇ ਵਸਨੀਕ ਪਿਛਲੇ ਲੰਮੇ ਸਮੇਂ ਤੋਂ ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਸਬੰਧੀ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਨਹੀਂ ਕੀਤੀ ਜਾਂਦੀ। ਇਹ ਕਹਿਣਾ ਹੈ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈੱਲ ਦੇ ਪ੍ਰਧਾਨ ਅਤੇ ਕੰਜਿਊਮਰ ਪ੍ਰੋਟੈਕਸ਼ਨ ਫੈਡਰਸ਼ਨ ਦੇ ਚੇਅਰਮੈਨ ਕਰਨਲ ਐਸ਼ਐਸ ਸੋਹੀ ਦਾ, ਜਿਹਨਾਂ ਵਲੋੱ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਸੈਕਟਰ-71 ਦੀ ਮਾੜੀ ਹਾਲਤ ਵਿੱਚ ਸੁਧਾਰ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਆਪਣੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਸੈਕਟਰ-71 ਵਿੱਚ ਕਈ ਥਾਵਾਂ ਤੇ ਗੰਦਗੀ ਦੀ ਭਰਮਾਰ ਹੈ ਅਤੇ ਇਸ ਕਾਰਨ ਉਥੋੱ ਦੇ ਨਿਵਾਸੀਆਂ ਦੀ ਸਿਹਤ, ਸਫਾਈ ਅਤੇ ਸੁਰੱਖਿਆ ਖਤਰੇ ਵਿੱਚ ਹੈ।
ਸ੍ਰੀ ਸੋਹੀ ਨੇ ਦੱਸਿਆ ਕਿ ਸੈਕਟਰ-71 ਵਿੱਚ ਕਮਿਊਨਿਟੀ ਸੈਂਟਰ ਦੇ ਸਾਮ੍ਹਣੇ ਪੈਂਦੀ ਖਾਲੀ ਥਾਂ ਵਿੱਚ ਸਬਜੀ ਮੰਡੀ ਲਗਵਾਈ ਜਾਂਦੀ ਹੈ ਪਰੰਤੂ ਇਸ ਥਾਂ ਤੇ ਭਾਰੀ ਗੰਦਗੀ ਹੋਣ ਕਾਰਨ ਇਹ ਵਸਨੀਕਾਂ ਦੀ ਸਿਹਤ ਲਈ ਖਤਰਾ ਹੈ। ਨਗਰ ਨਿਗਮ ਦੇ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ ਹੈ ਕਿ ਇੱਥੇ ਕੂੜੇ ਦਾ ਡੰਪ ਹੋਣ ਕਾਰਨ ਪੂਰੇ ਸੈਕਟਰ ਦਾ ਕੂੜਾ ਇੱਥੇ ਇਕੱਤਰ ਹੁੰਦਾ ਹੈ ਅਤੇ ਹੁਣ ਸਬਜੀ ਮੰਡੀ ਲਗਣ ਤੋਂ ਬਾਅਦ ਇਕੱਠਾ ਹੋਣਾ ਵਾਲਾ ਕੂੜਾ ਹੋਰ ਵੀ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਥਾਂ ਤੇ ਹਰ ਪਾਸੇ ਮਲਬਾ ਅਤੇ ਕੂੜਾ ਖਿਲਰਿਆ ਹੋਇਆ ਹੈ ਜਿਸ ’ਚੋਂ ਬਹੁਤ ਬਦਬੂ ਆਉਂਦੀ ਹੈ ਅਤੇ ਉਥੇ ਆਉਣ-ਜਾਣ ਵਾਲਿਆਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਇਸ ਥਾਂ ਤੇ ਵੱਡੀ ਗਿਣਤੀ ਵਿੱਚ ਆਵਾਰਾ ਪਸ਼ੂ ਘੁੰਮਦੇ ਹਨ ਜਿਹਨਾਂ ਕਾਰਨ ਸਾਮਾਨ ਖਰੀਦਣ ਵਾਲੇ ਬਜ਼ੁਰਗਾਂ ਅਤੇ ਅੌਰਤਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ। ਮੰਡੀ ਵਿੱਚ ਸਬਜੀ ਖਰੀਦਣ ਆਉਣ ਵਾਲਿਆਂ ਦੇ ਵਾਹਨਾਂ ਦੀ ਪਾਰਕਿੰਗ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਇਸ ਥਾਂ ਤੇ ਗੰਦਗੀ ਦੀ ਭਰਮਾਰ ਹੋਣ ਕਾਰਨ ਲੋਕ ਮਜਬੂਰੀ ਵਿੱਚ ਇਸ ਥਾਂ ਤੇ ਸਬਜੀ ਅਤੇ ਹੋਰ ਸਾਮਾਨ ਖਰੀਦਦੇ ਹਨ ਅਤੇ ਮੰਡੀ ਦੀ ਸਫਾਈ ਲਈ ਤੁਰੰਤ ਲੋੜੀਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਆਪਣੇ ਪੱਤਰ ਵਿੱਚ ਸ੍ਰੀ ਸੋਹੀ ਨੇ ਲਿਖਿਆ ਹੈ ਕਿ ਕੋਠੀ ਨੰਬਰ -1112 ਤੋਂ 1121 ਅਤੇ 1126 ਦੇ ਸਾਹਮਣੇ ਬਣੇ ਪਾਰਕ ਵਿੱਚ ਕੂੜੇਦਾਨ ਨਹੀਂ ਹਨ ਜਿਸ ਕਾਰਨ ਪਾਰਕ ਵਿੱਚ ਸੈਰ ਕਰਨ ਆਉਣ ਵਾਲੇ ਲੋਕ ਪਾਰਕ ਵਿੱਚ ਹੀ ਗੰਦਗੀ ਸੁੱਟਦੇ ਹਨ ਅਤੇ ਉੱਥੇ ਕੂੜੇਦਾਨ ਰਖਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਪਾਰਕ ਵਿੱਚ ਲੱਗੇ ਕੁੱਝ ਦਰਖਤ ਅਜਿਹੇ ਹਨ ਜਿਹੜੇ ਬਹੁਤ ਜਿਆਦਾ ਉੱਚੇ ਹੋ ਚੁੱਕੇ ਹਨ ਅਤੇ ਉਹਨਾਂ ਦੀ ਤੁਰੰਤ ਛੰਗਾਈ ਕੀਤੇੇ ਜਾਣ ਦੀ ਲੋੜ ਹੈ। ਜੇਕਰ ਇਹਨਾਂ ਵਿੱਚੋੱ ਕੋਈ ਦਰਖਤ ਕਿਸੇ ਕਾਰਨ ਡਿੱਗ ਪਿਆ ਤਾਂ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਇਨ੍ਹਾਂ ਕਾਰਨ ਕਾਰਾਂ, ਬਿਜਲੀ ਦੇ ਖੰਭਿਆਂ, ਤਾਰਾ ਖਤਰੇ ਵਿੱਚ ਹਨ ਇਸ ਲਈ ਇਨ੍ਹਾਂ ਦਰੱਖਤਾ ਦੀ ਤੁਰੰਤ ਛੰਗਾਈ ਕਰਵਾਈ ਜਾਣੀ ਚਾਹੀਦੀ ਹੈ।
ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਸੈਕਟਰ-71 ਦੀਆਂ ਬੀ ਅਤੇ ਸੀ ਸੜਕਾਂ ਦੇ ਕਿਨਾਰੇ ਆਮ ਲੋਕਾਂ ਦੇ ਤੁਰਨ ਲਈ ਟਰੈਕ ਨਾ ਹੋਣ ਕਾਰਨ ਪੈਦਲ ਆਉਣ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ। ਉੱਪਰੋੱ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂ ਉਹਨਾਂ ਲੋਕਾਂ ਲਈ ਭਾਰੀ ਪਰੇਸ਼ਾਨੀ ਦਾ ਕਾਰਨ ਬਣਦੇ ਹਨ। ਉਹਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਪਿਛਲੇ ਸਾਲਾਂ ਦੌਰਾਨ ਗਊ ਸੈੱਸ ਦੇ ਨਾਂ ’ਤੇ ਕਰੋੜਾਂ ਰੁਪਏ ਇਕੱਠੇ ਕੀਤੇ ਗਏ ਹਨ ਪਰ ਉਨ੍ਹਾਂ ਦਾ ਇਸਤੇਮਾਲ ਇਨਾਂ ਪਸ਼ੂਆਂ ਦੀ ਸਾਂਭ-ਸੰਭਾਲ ਲਈ ਨਹੀਂ ਕੀਤਾ ਗਿਆ। ਜਿਸ ਕਾਰਨ ਇਹ ਆਵਾਰਾ ਪਸ਼ੂ ਲੋਕਾਂ ਲਈ ਬਹੁਤ ਵੱਡਾ ਖਤਰਾ ਬਣੇ ਹੋਏ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਸੈਕਟਰ-71 ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …