ਲਾਪਰਵਾਹ ਪ੍ਰਸ਼ਾਸਨ: ਨਵੀਂ ਸੀਵਰੇਜ ਲਾਈਨ ਲਈ ਪੁੱਟੀ ਖਾਈ ਵਿੱਚ ਡੁਬਕੀਆਂ ਲਗਾ ਰਹੇ ਨੇ ਛੋਟੇ ਬੱਚੇ

ਛੋਟੇ ਬੱਚਿਆਂ ਨੂੰ ਪਾਣੀ ਵਿੱਚ ਡੁਬਕੀਆਂ ਲਗਾਉਣ ਤੋਂ ਸਖ਼ਤੀ ਨਾਲ ਰੋਕਿਆ ਜਾਵੇਗਾ: ਐਕਸੀਅਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ:
ਮੁਹਾਲੀ ਨਗਰ ਨਿਗਮ ਵੱਲੋਂ 22 ਕਰੋੜ ਦੀ ਲਾਗਤ ਨਾਲ ਸ਼ਹਿਰ ਵਿੱਚ ਨਵੀਂ ਸੀਵਰੇਜ ਲਾਈਨ ਵਿਛਾਈ ਜਾ ਰਹੀ ਹੈ। ਹਾਲਾਂਕਿ ਪਹਿਲਾਂ ਕਰੋਨਾ ਮਹਾਮਾਰੀ ਦੇ ਚੱਲਦਿਆਂ ਕਰਫਿਊ\ਲੌਕਡਾਊਨ ਲੱਗਣ ਕਾਰਨ ਇਸ ਵੱਕਾਰੀ ਪ੍ਰਾਜੈਕਟ ਦੇ ਨਿਰਮਾਣ ਵਿੱਚ ਖੜੋਤ ਆ ਗਈ ਸੀ ਲੇਕਿਨ ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਦੀ ਅਪੀਲ ਤੋਂ ਬਾਅਦ ਸ਼ੁਰੂ ਹੋਏ ਸੀਵਰੇਜ ਲਾਈਨ ਪਾਉਣ ਦੇ ਕੰਮ ਵਿੱਚ ਤੇਜ਼ੀ ਫੜ ਲਈ ਹੈ, ਪ੍ਰੰਤੂ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਾਰਸ ਦਾ ਪਾਣੀ ਡੂੰਘੇ ਖੱਡਿਆਂ ਵਿੱਚ ਭਰ ਗਿਆ ਹੈ। ਹੁਣ ਡੂੰਘੀ ਖਾਈ ਵਿੱਚ ਜਮ੍ਹਾ ਹੋਏ ਮੀਂਹ ਦੇ ਪਾਣੀ ਵਿੱਚ ਛੋਟੇ ਛੋਟੇ ਬੱਚੇ ਗੋਤੇ ਲਗਾ ਰਹੇ ਹਨ ਅਤੇ ਖੂਬ ਮੌਜ ਮਸਤੀ ਕਰ ਰਹੇ ਹਨ ਪ੍ਰੰਤੂ ਮੁਹਾਲੀ ਪ੍ਰਸ਼ਾਸਨ ਅਤੇ ਪੁਲੀਸ ਇਸ ਗੱਲੋਂ ਬਿਲਕੁਲ ਬੇਖ਼ਬਰ ਹੇ। ਜਿਸ ਕਾਰਨ ਇੱਥੇ ਕਿਸੇ ਵੀ ਵੇਲੇ ਵੱਡਾ ਦੁਖਾਂਤ ਵਾਪਰਨ ਸਕਦਾ ਹੈ।
ਇੱਥੋਂ ਦੇ ਸਪਾਈਸ ਚੌਂਕ ਤੋਂ ਫੇਜ਼-11 (ਬਾਵਾ ਵਾਈਟ ਹਾਊਸ) ਤੱਕ ਪਾਈ ਜਾਣ ਵਾਲੀ ਇਸ ਸੀਵਰੇਜ ਲਾਈਨ ਲਈ ਕੁੰਭੜਾ ਤੋਂ ਫੇਜ਼-11 ਤੱਕ ਮੁੱਖ ਸੜਕ ’ਤੇ ਆਵਾਜਾਈ ਬੰਦ ਕਰਕੇ ਜ਼ਮੀਨ ਦੀ ਖੁਦਾਈ ਕੀਤੀ ਜਾ ਰਹੀ ਹੈ। ਸੀਵਰੇਜ ਦੇ ਵੱਡੇ ਪਾਈਪ ਪਾਉਣ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਅਤੇ ਬਾਕੀ ਰਹਿੰਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਪਿਛਲੇ ਦਿਨੀਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਪ੍ਰਗਤੀ ਦਾ ਜਾਇਜ਼ਾ ਲਿਆ ਸੀ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਇਹ ਕੰਮ ਜਲਦੀ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਸੀ।
ਜਾਣਕਾਰੀ ਅਨੁਸਾਰ ਜਿਸ ਥਾਂ ’ਤੇ ਸੀਵਰੇਜ ਦੀਆਂ ਪਾਈਪਾਂ ਪਾਈਆਂ ਗਈਆਂ ਹਨ, ਉੱਥੇ ਮਿੱਟੀ ਪਾ ਕੇ ਖੱਡਿਆਂ ਨੂੰ ਬੰਦ ਨਾ ਕੀਤੇ ਜਾਣ ਕਾਰਨ ਪਾਈਪਲਾਈਨ ਵਾਲੀ ਥਾਂ ਨੇ ਗੰਦੇ ਨਾਲੇ ਦਾ ਰੂਪ ਧਾਰ ਲਿਆ ਹੈ। ਇੱਥੇ ਜਮ੍ਹਾ ਬਰਸਾਤੀ ਪਾਣੀ ਵਿੱਚ ਪ੍ਰਵਾਸੀ ਪਰਿਵਾਰਾਂ ਦੇ ਬੱਚੇ ਡੁਬਕੀਆਂ ਲਗਾ ਕੇ ਮਸਤੀ ਕਰ ਰਹੇ ਹਨ ਅਤੇ ਸਾਰਾ ਦਿਨ ਖਾਈ ਵਿੱਚ ਖੜੇ ਗੰਦੇ ਪਾਣੀ ਵਿੱਚ ਨਹਾਉਣ ਅਤੇ ਤੈਰਨ ਲਈ ਬੱਚਿਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ।
ਅਕਾਲੀ ਦਲ ਦੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਪਾਈਪ ਪਾਉਣ ਤੋਂ ਉਸ ਨੂੰ ਮਿੱਟੀ ਪਾ ਕੇ ਬੰਦ ਨਾ ਕੀਤੇ ਜਾਣ ਕਾਰਨ ਇੱਥੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਕਿਉਂਕਿ ਇੱਥੇ ਜਮ੍ਹਾ ਬਰਸਾਤੀ ਪਾਣੀ ਵਿੱਚ ਛੋਟੇ ਛੋਟੇ ਬੱਚੇ ਗੋਤੇ ਲਗਾਉਂਦੇ ਦੇਖੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਹ ਨਾਈਪਰ ਸੜਕ ’ਤੇ ਸੀਵਰੇਜ ਲਾਈਨ ਦਾ ਜਾਇਜ਼ਾ ਲੈਣ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਉੱਥੇ ਪਾਣੀ ਵਿੱਚ ਕੁੱਝ ਗੋਤੇ ਲਗਾ ਕੇ ਮਸਤੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਨਗਰ ਨਿਗਮ ਦੀ ਹੋਵੇਗੀ।
ਇਸ ਸਬੰਧੀ ਨਗਰ ਨਿਗਮ ਦੇ ਐਕਸੀਅਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੀਵਰੇਜ ਲਾਈਨ ਪਾਉਣ ਵਾਲੀ ਥਾਂ ’ਤੇ ਪੁੱਟੀ ਜ਼ਮੀਨ ਵਿੱਚ ਬਰਸਾਤੀ ਪਾਣੀ ਭਰ ਗਿਆ ਹੈ। ਜਿਸ ਕਾਰਨ ਖੁੱਡਿਆਂ ਨੂੰ ਮਿੱਟੀ ਨਾਲ ਭਰਨ ਦਾ ਕੰਮ ਫਿਲਹਾਲ ਰੁਕ ਗਿਆ ਹੈ। ਉਨ੍ਹਾਂ ਕਿਹਾ ਕਿ ਗੰਦਾ ਪਾਣੀ ਕੱਢਣ ਤੋਂ ਬਾਅਦ ਇੱਥੇ ਮਿੱਟੀ ਪਾਈ ਜਾਵੇਗੀ। ਗੰਦੇ ਪਾਣੀ ਵਿੱਚ ਬੱਚਿਆਂ ਵੱਲੋਂ ਡੁਬਕੀਆਂ ਲਗਾਉਣ ਬਾਰੇ ਪੁੱਛੇ ਜਾਣ ’ਤੇ ਅਧਿਕਾਰੀ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਅਤੇ ਪੁੱਟੀ ਗਈ ਡੂੰਘੀ ਖਾਈ ਦੇ ਦੋਵੇਂ ਪਾਸੇ ਰੋਕ ਲਗਾ ਕੇ ਬੱਚਿਆਂ ਨੂੰ ਇੱਥੇ ਪਾਣੀ ਵਿੱਚ ਡੁਬਕੀਆਂ ਲਗਾਉਣ ਤੋਂ ਸਖ਼ਤੀ ਨਾਲ ਰੋਕਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…