Nabaz-e-punjab.com

ਦਾਖ਼ਲਾ ਮੁਹਿੰਮ: ਸਰਕਾਰੀ ਸਕੂਲਾਂ ’ਚ ਪ੍ਰੀ ਪ੍ਰਾਇਮਰੀ ਕਲਾਸਾਂ ਵਿੱਚ ਮਾਪਿਆਂ ਤੇ ਬੱਚਿਆਂ ’ਚ ਚਾਅ

ਪੰਜਾਬ ਭਰ ’ਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਅਗਵਾਈ ਹੇਠ ਸ਼ੁਰੂ ਹੋਈ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਦਾਖ਼ਲਾ ਮੁਹਿੰਮ

ਸਕੂਲ ਕਮੇਟੀਆਂ ਦੇ ਮੈਂਬਰ ਤੇ ਅਧਿਆਪਕ ਘਰ-ਘਰ ਦੇ ਰਹੇ ਹਨ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਬਾਰੇ ਹੋਕਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਦਸੰਬਰ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਚੁੱਕੇ ਗਏ ਠੋਸ ਕਦਮਾਂ ਦੇ ਪਹਿਲੇ ਹੀ ਪੜਾਅ ਵਿੱਚ ਚੰਗੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਅੱਜ ਪੰਜਾਬ ਭਰ ਵਿੱਚ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਬਾਰ੍ਹਵੀਂ ਸ਼੍ਰੇਣੀ ਵਿੱਚ ਵਿਦਿਆਰਥੀਆਂ ਨੂੰ ਦਾਖ਼ਲ ਕਰਵਾਉਣ ਲਈ ਮਾਪਿਆਂ ਅਤੇ ਬੱਚਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋਣ ਆਏ ਬੱਚਿਆਂ ਦੇ ਚਿਹਰਿਆਂ ’ਤੇ ਚਾਅ ਸਾਫ਼ ਝਲਕ ਰਿਹਾ ਸੀ। ਦਾਖ਼ਲ ਮੁਹਿੰਮ ਦਾ ਸੂਬਾ ਪੱਧਰੀ ਰਸਮੀ ਆਗਾਜ਼ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਜ਼ਿਲ੍ਹਾ ਮੁਹਾਲੀ ਤੋਂ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਨਗਲਾ ਸਮੇਤ ਮੁਹਾਲੀ ਦੇ ਹੋਰਨਾਂ ਸਕੂਲਾਂ ਦਾ ਦੌਰਾ ਕਰਕੇ ਦਾਖ਼ਲਾ ਮੁਹਿੰਮ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖ਼ਲ ਕਰਵਾਉਣ ਦੀ ਅਪੀਲ ਕੀਤੀ। ਸਕੱਤਰ ਨੇ ਸਕੂਲ ਪੱਧਰ ’ਤੇ ਕੀਤੇ ਇੰਤਜ਼ਾਮਾਂ ’ਤੇ ਤਸੱਲੀ ਪ੍ਰਗਟਾਉਂਦੇ ਹੋਏ ਅਧਿਆਪਕਾਂ ਨੂੰ ਸ਼ਾਬਾਸ਼ ਦਿੱਤੀ।
ਸ੍ਰੀ ਕ੍ਰਿਸ਼ਨ ਕੁਮਾਰ ਨੇ ਮਾਪਿਆਂ ਨੂੰ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰਾਜੈਕਟ ਤਹਿਤ ਗੁਣਾਤਮਿਕ ਸਿੱਖਿਆ ਦੇ ਨਾਲ-ਨਾਲ ਸਹਿ-ਅਕਾਦਮਿਕ ਕਿਰਿਆਵਾਂ, ਖੇਡਾਂ ਤੇ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਲਈ ਯੋਗ, ਤਜ਼ਰਬੇਕਾਰ ਤੇ ਮਿਹਨਤੀ ਅਧਿਆਪਕ ਸਿੱਖਿਆ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲਗਭਗ 20 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਅੱਜ ਦਾਖ਼ਲਾ ਮੁਹਿੰਮ ਨੂੰ ਅਧਿਆਪਕ ਤੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰ, ਸਮਾਜ ਸੇਵੀ ਸੰਸਥਾਵਾਂ ਅਤੇ ਮੋਹਤਬਰ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਸਫ਼ਲ ਬਣਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਫੋਨ ਅਤੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਮਿਲ ਰਹੀ ਸੀ ਕਿ ਸਕੂਲ ਮੁਖੀਆਂ ਨੇ ਆਪਣੇ ਸਕੂਲਾਂ ਤੇ ਵਿਦਿਆਰਥੀਆਂ ਦੀਆਂ ਅਕਾਦਮਿਕ ਤੇ ਸਹਿ-ਅਕਾਦਮਿਕ ਪ੍ਰਾਪਤੀਆਂ ਨੂੰ ਸਕੂਲਾਂ ਤੇ ਪਿੰਡਾਂ ਵਿੱਚ ਪ੍ਰਦਰਸ਼ਿਤ ਕਰ ਰਹੇ ਹਨ।
ਸਿੱਖਿਆ ਸਕੱਤਰ ਨੇ ਕਿਹਾ ਕਿ ਜਿਹੜੇ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਕਲਾਸਾਂ ਵਿੱਚ ਨਵੇਂ ਬੱਚੇ ਦਾਖ਼ਲ ਹੋ ਰਹੇ ਹਨ। ਇਹ ਪਹਿਲਾਂ ਆਂਗਨਵਾੜੀ ਦੇ ਸਨ। ਹੁਣ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਇਨ੍ਹਾਂ ਨੂੰ ਸਿੱਖਿਆ ਪੱਖੋਂ ਮਜ਼ਬੂਤੀ ਵਾਲਾ ਆਧਾਰ ਪ੍ਰਦਾਨ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਆਂਗਨਵਾੜੀ ਵਰਕਰ ਅਧਿਆਪਕਾਂ ਨੂੰ ਸਹਿਯੋਗ ਦੇ ਰਹੇ ਹਨ। ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ਦੌਰਾਨ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੇ ਕੋਰੀਓਗ੍ਰਾਫ਼ੀਆਂ, ਕਵਿਤਾਵਾਂ ਤੇ ਖੇਡ ਕਿਰਿਆਵਾਂ ਕਰਕੇ ਦਿਖਾਈਆਂ ਅਤੇ ਛੋਟੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਅੰਗਰੇਜ਼ੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਖ਼ਬਰਾਂ ਨੂੰ ਵਧੀਆ ਢੰਗ ਨਾਲ ਪੜ੍ਹ ਕੇ ਸੁਣਾਈਆਂ।
ਇਸ ਮੌਕੇ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ, ਜ਼ਿਲ੍ਹਾ ਕੋਆਰਡੀਨੇਟਰ ਡਾ. ਹਰਪਾਲ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕ੍ਰਿਸ਼ਨ ਪੁਰੀ, ਰਜਿੰਦਰ ਸਿੰਘ ਚਾਨੀ, ਸਕੂਲ ਮੁਖੀ ਬਲਜਿੰਦਰ ਕੌਰ, ਸੀਐੱਮਸੀ ਪੂਜਾ ਰਾਣੀ, ਚਰਨ ਸਿੰਘ, ਗੁਰਮੁੱਖ ਸਿੰਘ, ਮਨਦੀਪ ਸਿੰਘ, ਸਿਮਰਨਜੀਤ ਸਿੰਘ, ਸੁੱਚਾ ਸਿੰਘ, ਮੋਨਿਕਾ, ਮਧੂ, ਰੀਨਾ ਦੇਵੀ ਆਂਗਨਵਾੜੀ ਵਰਕਰ, ਜਸਵਿੰਦਰ ਸਿੰਘ ਗਾਜ਼ੀਪੁਰ, ਵੰਦਨਾ ਸਿੰਗਲਾ ਢਕੌਲੀ, ਸੁਖਵੰਤਜੀਤ ਕੌਰ ਢਕੌਲਾ, ਰੀਮਾ ਮਲਿਕ ਸਨੌਲੀ, ਪੂਨਮ ਸੂਦ ਪੀਰ ਮੁਛੱਲਾ, ਮਨਜੀਤ ਕੌਰ ਬਾਜੀਗਰ ਬਸਤੀ, ਸੋਨੀਆ ਸੂਦ ਹਰਮਿਲਾਪ ਨਗਰ, ਗੁਰਪ੍ਰੀਤ ਸਿੰਘ ਬੀਐਮਟੀ, ਸੁਖਵੰਤ ਕੌਰ ਸੀਐੱਮਟੀ, ਮਨਦੀਪ ਸਿੰਘ ਗੀਗੇਮਾਜਰਾ, ਵਿਦਿਆਰਥੀਆਂ ਦੇ ਮਾਪੇ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…