ਪਾਰਕਾਂ ਦੇ ਰੱਖ-ਰਖਾਓ ਲਈ ਐਸੋਸੀਏਸ਼ਨਾਂ ਨੂੰ ਦਿੱਤੇ ਜਾਂਦੇ ਪੈਸੇ ਵਧਾਉਣ ਦੀ ਵਕਾਲਤ
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਲਿਖਿਆ ਪੱਤਰ
ਡਿਪਟੀ ਮੇਅਰ ਨੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਕੰਮ ’ਤੇ ਤਸੱਲੀ ਪ੍ਰਗਟਾਈ
ਨਬਜ਼-ਏ-ਪੰਜਾਬ, ਮੁਹਾਲੀ, 5 ਦਸੰਬਰ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਕੰਮਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਸ਼ਹਿਰ ਵਿਚਲੀਆਂ ਪਾਰਕਾਂ ਦੇ ਰੱਖ-ਰਖਾਓ ਲਈ ਉਨ੍ਹਾਂ (ਐਸੋਸੀਏਸ਼ਨਾਂ) ਨੂੰ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਦਿੱਤੇ ਜਾਂਦੇ ਪੈਸੇ ਵਧਾਉਣ ਦੀ ਵਕਾਲਤ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਨੂੰ ਪਾਰਕਾਂ ਦੇ ਰੱਖ-ਰਖਾਓ ਲਈ 4.23 ਰੁਪਏ ਪ੍ਰਤੀ ਵਰਗ ਮੀਟਰ ਦੇ ਦਿੱਤੇ ਜਾਂਦੇ ਹਨ ਜੋ ਬਹੁਤ ਘੱਟ ਹਨ। ਉਨ੍ਹਾਂ ਕਿਹਾ ਕਿ ਇਹ ਰਾਸ਼ੀ 2019 ਤੋਂ ਦਿੱਤੀ ਜਾ ਰਹੀ ਹੈ, ਇਸ ਵਿੱਚ ਦੁਬਾਰਾ ਕੋਈ ਵਾਧਾ ਨਹੀਂ ਕੀਤਾ ਗਿਆ। ਜਦੋਂਕਿ ਦੂਜੇ ਪਾਸੇ ਪਾਰਕਾਂ ਦੇ ਰੱਖ-ਰਖਾਓ ਦੇ ਖ਼ਰਚੇ ਜ਼ਿਆਦਾ ਵੱਧ ਚੁੱਕੇ ਹਨ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਵੱਲੋਂ ਵਧੀਆ ਢੰਗ ਨਾਲ ਪਾਰਕਾਂ ਦਾ ਰੱਖ-ਰਖਾਓ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੇ ਕੰਮ ਪ੍ਰਤੀ ਕੋਈ ਸ਼ਿਕਾਇਤ ਵੀ ਨਹੀਂ ਆਉਂਦੀ। ਇਹੀ ਨਹੀਂ ਐਸੋਸੀਏਸ਼ਨਾਂ ਰਾਹੀਂ ਆਪਸੀ ਭਾਈਚਾਰਕ ਸਾਂਝ ਵੀ ਵਧਦੀ ਹੈ, ਕਿਉਂਕਿ ਸ਼ਹਿਰ ਵਾਸੀ ਇਕੱਠੇ ਹੋ ਕੇ ਸਾਂਝੇ ਤੌਰ ’ਤੇ ਅਜਿਹੇ ਸਮਾਜਿਕ ਕਾਰਜਾਂ ਨੂੰ ਨੇਪਰੇ ਚਾੜ੍ਹਦੇ ਹਨ। ਉਨ੍ਹਾਂ ਕਿਹਾ ਕਿ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਖ਼ੁਦ ਵੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲ ਕੇ ਪਾਰਕਾਂ ਦੇ ਰੱਖ-ਰਖਾਓ ਦਾ ਮਿਹਨਤਾਨਾ ਵਧਾਉਣ ਦੀ ਗੁਹਾਰ ਲਗਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਮਾਮੂਲੀ ਵਾਧਾ ਕਮਿਸ਼ਨਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਇਸ ਲਈ ਸਰਕਾਰੀ ਨੋਟੀਫ਼ਿਕੇਸ਼ਨ ਅਨੁਸਾਰ ਇਹ ਰਾਸ਼ੀ ਵਧਾਈ ਜਾਵੇ ਤਾਂ ਜੋ ਐਸੋਸੀਏਸ਼ਨਾਂ ਹੋਰ ਵੀ ਵਧੀਆ ਤਰੀਕੇ ਨਾਲ ਪਾਰਕਾਂ ਦਾ ਰੱਖ-ਰਖਾਓ ਕਰ ਸਕਣ।