ਐਡਵੋਕੇਟ ਕਤਲ ਕਾਂਡ: ਜ਼ਿਲ੍ਹਾ ਅਦਾਲਤ ਨੇ ਮੁਲਜ਼ਮ ਸਨਵੀਰ ਦੀ ਮੰਗੇਤਰ ਲੜਕੀ ਨੂੰ ਗਵਾਹੀ ਦੇਣ ਲਈ ਦਿੱਤਾ ਆਖਰੀ ਮੌਕਾ

ਮ੍ਰਿਤਕ ਵਕੀਲ ਦੇ ਗੁਆਂਢੀ ਅਤੇ ਬਚਾਅ ਪੱਖ ਦੇ ਗਵਾਹ ਸੰਜੀਵ ਮਹਿਤਾ ਦੇ ਬਿਆਨ ’ਤੇ ਹੋਈ ਭਖਵੀਂ ਕਰਾਸ ਬਹਿਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ
ਇੱਥੋਂ ਦੇ ਫੇਜ਼-3ਏ ਵਿੱਚ ਹੋਏ ਨੌਜਵਾਨ ਐਡਵੋਕੇਟ ਅਮਰਪ੍ਰੀਤ ਸਿੰਘ ਸੇਠੀ ਉਰਫ਼ ਲੱਕੀ ਦੇ ਕਤਲ ਕਾਂਡ ਦੇ ਮਾਮਲੇ ਵਿੱਚ ਜ਼ਿਲ੍ਹਾ ਕੋਰਟ ਵਿੱਚ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਅਰਚਨਾ ਪੁਰੀ ਦੀ ਅਦਾਲਤ ਵਿੱਚ ਬਚਾਅ ਪੱਖ ਦੇ ਗਵਾਹ ਸੰਜੀਵ ਮਹਿਤਾ ਵੱਲੋਂ ਰਿਕਾਰਡ ਕਰਵਾਈ ਗਈ ਪਹਿਲੀ ਗਵਾਹੀ ਅਤੇ ਅੱਜ ਦਰਜ ਕਰਵਾਏ ਬਿਆਨਾਂ ’ਤੇ ਸਰਕਾਰੀ ਧਿਰ ਵੱਲੋਂ ਕਰਾਸ ਐਕਜਾਮਿਨ ਕਰਦਿਆਂ ਸਵਾਲ ਪੁੱਛੇ ਗਏ। ਸੰਜੀਵ ਮਹਿਤਾ ਵੱਲੋਂ ਇਸ ਸਬੰਧੀ ਬੀਤੇ ਕੱਲ੍ਹ ਆਪਣਾ ਬਿਆਨ ਰਿਕਾਰਡ ਕਰਵਾਇਆ ਗਿਆ ਸੀ। ਇਸ ਮੌਕੇ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਬਚਾਅ ਪੱਖ ਦੀ ਗਵਾਹ ਸੁਮਿਤ ਬਾਜਵਾ (ਜੋ ਇੱਕ ਮੁਲਜ਼ਮ ਸਨਵੀਰ ਦੀ ਮੰਗੇਤਰ ਹੈ) ਨੂੰ ਵੀ 9 ਮਈ ਨੂੰ ਆਪਣਾ ਬਿਆਨ ਰਿਕਾਰਡ ਕਰਵਾਉਣ ਲਈ ਆਖਰੀ ਮੌਕਾ ਦਿੱਤਾ ਗਿਆ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ 27 ਫਰਵਰੀ 2013 ਨੂੰ ਫੇਜ਼3ਏ ਵਿੱਚ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਇੱਕ ਝਗੜੇ ਵਿੱਚ ਕੁੱਝ ਪੀਜੀ ਨੌਜਵਾਨਾਂ ਨੇ ਸ਼ਰ੍ਹੇਆਮ ਗੋਲੀਆਂ ਚਲਾ ਕੇ ਇੱਥੋਂ ਦੇ ਵਸਨੀਕ ਐਡਵੋਕੇਟ ਅਮਰਪ੍ਰੀਤ ਸਿੰਘ ਸੇਠੀ ਦੀ ਹੱਤਿਆ ਕਰ ਦਿੱਤੀ ਸੀ। ਅਮਰਪ੍ਰੀਤ ਦੇ ਚਾਚਾ ਅਤੇ ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ (ਜਿਨ੍ਹਾਂ ਵੱਲੋਂ ਇਸ ਮਾਮਲੇ ਦੀ ਪੈਰਵੀ ਕੀਤੀ ਜਾ ਰਹੀ ਹੈ) ਨੇ ਦੱਸਿਆ ਕਿ ਇਸ ਮਾਮਲੇ ਵਿੱਚ 9 ਨੌਜਵਾਨਾਂ ਸਨਵੀਰ ਸਿੰਘ, ਓਂਕਾਰ ਸਿੰਘ, ਜਸਵਿੰਦਰ ਸਿੰਘ ਖੱਟੂ, ਧਰਮਿੰਦਰ ਸਿੰਘ ਗੁਗਨੀ, ਸੁਨੀਲ ਭਨੋਟ, ਰਜਤ ਸ਼ਰਮਾ, ਵਿਸ਼ਾਲ ਸ਼ੇਰਾਵਤ, ਕੇਵਨ ਸੁਸ਼ਾਂਤ ਉਰਫ ਰਿਚੀ ਅਤੇ ਦੀਪਕ ਕੌਸ਼ਲ ਦੇ ਖਿਲਾਫ ਆਈਪੀਸੀ ਦੀ ਧਾਰਾ 302,307,148,149,120ਬੀ, ਆਰਮਜ ਐਕਟ ਦੀ ਧਾਰਾ 25,54,59 ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਸੀ। ਜਿਨ੍ਹਾਂ ਵਿੱਚ ਜਸਵਿੰਦਰ ਸਿੰਘ ਖੱਟੂ ਲੁਧਿਆਣਾ ਦਿਹਾਤੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਮੰਗਲੀ ਦਾ ਸਪੁੱਤਰ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਕਤੂਬਰ 2015 ਤੱਕ ਸਰਕਾਰੀ ਧਿਰ ਵੱਲੋਂ ਕੁੱਲ 42 ਗਵਾਹਾਂ ਦੇ ਬਿਆਨ ਰਿਕਾਰਡ ਕੀਤੇ ਗਏ ਸਨ ਜਦੋਂ ਕਿ ਬਚਾਅ ਪੱਖ ਵੱਲੋਂ ਦਿੱਤੇ 7 ਗਵਾਹਾਂ ’ਚੋਂ 6 ਗਵਾਹਾਂ ਦੇ ਬਿਆਨ ਰਿਕਾਰਡ ਹੋਏ ਹਨ ਅਤੇ ਅਦਾਲਤ ਵੱਲੋਂ ਸੱਤਵੇਂ ਗਵਾਹ ਨੂੰ 9 ਮਈ ਨੂੰ ਆਪਣਾ ਬਿਆਨ ਰਿਕਾਰਡ ਕਰਨ ਦਾ ਆਖਰੀ ਮੌਕਾ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਸਨਵੀਰ ਸਿੰਘ ਅਤੇ ਜਸਵਿੰਦਰ ਸਿੰਘ ਖੱਟੂ ਜ਼ਮਾਨਤ ’ਤੇ ਚਲ ਰਹੇ ਹਨ ਜਦੋਂ ਕਿ ਵਿਸ਼ਾਲ ਸ਼ੇਰਾਵਤ ਅਤੇ ਦੀਪਕ ਕੌਸ਼ਲ ਦੀ ਜ਼ਮਾਨਤ ਦੀ ਅਰਜ਼ੀ ’ਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ 16 ਮਈ ਨੂੰ ਸੁਣਵਾਈ ਹੋਣੀ ਹੈ। ਇੱਕ ਹੋਰ ਮੁਲਜ਼ਮ ਕੇਵਨ ਸੁਸ਼ਾਂਤ ਦੀ ਜ਼ਮਾਨਤ ਦੀ ਅਰਜੀ ’ਤੇ ਸੁਣਵਾਈ ਲਈ 18 ਜੁਲਾਈ ਦਾ ਦਿਨ ਨਿਰਧਾਰਿਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…