
ਹਵਾਈ ਫਾਇਰਿੰਗ: ਡੀਸੀ ਵੱਲੋਂ ਮਾਮਲੇ ਦੀ ਨਿਆਇਕ ਜਾਂਚ ਦੇ ਹੁਕਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਗਸਤ:
ਮੁਹਾਲੀ ਵਿੱਚ ਪੰਜਾਬੀ ਗਾਇਕ ਅਤੇ ਉਸ ਦੇ ਦੋਸਤ ਵੱਲੋਂ ਕਾਰ ਵਿੱਚ ਸਫਰ ਕਰਦੇ ਸਮੇਂ ਹਵਾਈ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਨੂੰ ਆਧਾਰ ਬਣਾ ਕੇ ਮਸ਼ਹੂਰ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਘਾ ਵਾਸੀ ਅਮਰਗੜ੍ਹ (ਸੰਗਰੂਰ) ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਧਾਰਾ 336 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਗਾਇਕ ਸਿੰਘਾ ਦੇ ਦੋਸਤ ਜਗਪ੍ਰੀਤ ਸਿੰਘ ਉਰਫ਼ ਜੱਗੀ ਵਾਸੀ ਮਾਹਲਪੁਰ (ਹੁਸ਼ਿਆਰਪੁਰ) ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਦੋਵੇਂ ਜਣੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੀ ਇਕ ਨਾਮੀ ਹਾਊਸਿੰਗ ਸੁਸਾਇਟੀ ਦੇ ਬਾਹਰ ਹਵਾਈ ਫਾਇਰਿੰਗ ਕਰਦੇ ਹੋਏ ਵਿਅਕਤੀਆਂ ਦੀ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਗਾਇਕ ਸਿੰਘਾ ਅਤੇ ਉਸ ਦਾ ਦੋਸਤ ਜਗਪ੍ਰੀਤ ਸਿੰਘ ਕਾਰ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸੀ ਕਿ ਰਸਤੇ ਵਿੱਚ ਉਹ ਕਾਰ ਵਿੱਚ ਆਪਣੇ ਚਰਚਿਤ ਗੀਤ ਸੁਣਦੇ ਹੋਏ ਕਲੋਲਾਂ ਕਰ ਰਹੇ ਸੀ। ਇਸ ਦੌਰਾਨ ਗੱਡੀ ਚਲਾ ਰਿਹਾ ਨੌਜਵਾਨ ਵਾਰ ਵਾਰ ਆਪਣੇ ਹੱਥ ਵਿੱਚ ਪਿਸਤੌਲ ਫੜ ਕੇ ਲਹਿਰਾ ਰਿਹਾ ਸੀ ਅਤੇ ਇਸ ਦੌਰਾਨ ਨੌਜਵਾਨ ਨੇ ਹਵਾ ਵਿੱਚ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਉਧਰ, ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਹੋਏ ਨਿਆਇਕ ਜਾਂਚ ਦੇ ਆਦੇਸ਼ ਦਿੱਤੇ ਹਨ।