
ਪਟਵਾਰੀਆਂ, ਕਾਨੂੰਗੋ ਤੇ ਤਹਿਸੀਲਦਾਰਾਂ ਦੀਆਂ ਪੋਸਟਾਂ ਖਾਲੀ ਹੋਣ ਕਾਰਨ ਐਰੋਟਰੋਪਲਿਸ ਪ੍ਰਾਜੈਕਟ ਲਮਕਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਫਰਵਰੀ:
ਮੁਹਾਲੀ ਵਿੱਚ ਗਮਾਡਾ ਵੱਲੋਂ ਡਿਵੈਲਪ ਕੀਤੇ ਜਾ ਰਹੇ ਐਰੋਟਰੋਪਲਿਸ ਗਮਾਡਾ ਵਿੱਚ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਘਾਟ ਕਾਰਨ ਕਈ ਪਿੰਡਾਂ ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿੱਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਦੀਪ ਸਿੰਘ ਬਕਰਪੁਰ, ਕੁਲਵਿੰਦਰ ਸਿੰਘ ਬਕਰਪੁਰ, ਅਮਰੀਕ ਸਿੰਘ ਸਾਊ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਗਾਮਾਡਾ ਵਿੱਚ ਪਟਵਾਰੀਆਂ, ਕਾਨੋਗੋ ਅਤੇ ਨਾਇਬ ਤਹਿਸੀਲਦਾਰ ਦੀ ਘਾਟ ਕਾਰਨ ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਪਿੰਡਾਂ ਦੀ ਜ਼ਮੀਨ ਐਕੁਵਾਇਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿੱਛਲੇ ਲੰਮੇ ਸਮੇਂ ਤੋਂ 9 ਪਟਵਾਰੀਆਂ, 1 ਕਾਨੂੰਗੋ ਅਤੇ ਇਕ ਨਾਇਬ ਤਹਿਸੀਲਦਾਰ ਦੀ ਅਸਾਮੀ ਖਾਲੀ ਪਈ ਹੈ।
ਅਸਾਮੀ ਖਾਲੀ ਹੋਣ ਕਾਰਨ ਬਕਰਪੁਰ, ਮੱਟਰਾਂ, ਸੀਆਊ, ਚਾਊਂ ਮਾਜਰਾਂ ਆਦਿ ਪਿੰਡਾਂ ਦੇ ਜ਼ਿੰਮੇਦਾਰਾਂ ਦਾ ਕੰਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਗਮਾਡਾ ਦੀ ਐਲਏਸੀ ਮੈਡਮ ਜਸਲੀਨ ਕੌਰ ਵੱਲੋਂ ਆਪਣੀ ਸੀਟ ਉਤੇ ਇਮਾਨਦਾਰੀ ਦੇ ਨਾਲ ਚੰਗਾ ਕੰਮ ਕੀਤਾ ਜਾ ਰਿਹਾ ਹੈ, ਪ੍ਰੰਤੂ ਸਟਾਫ ਦੀ ਘਾਟ ਕਾਰਨ ਉਨ੍ਹਾਂ ਦੇ ਹੱਥ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਵਿੱਚ ਸਟਾਫ਼ ਦੀ ਘਾਟ ਪੂਰੀ ਕੀਤੀ ਜਾਵੇ ਤਾਂ ਜਿੰਨਾਂ ਲੋਕਾਂ ਨੇ ਆਪਣੀ ਜ਼ਮੀਨ ਬਦਲੇ ਆਪਣੇ ਪਲਾਟਾਂ ਦੀਆਂ ਐਲਓਆਈ ਹਨ ਉਨ੍ਹਾਂ ਨੂੰ ਪਲਾਟ ਵੀ ਸਮੇਂ ਸਿਰ ਮਿਲ ਜਾਣ ਅਤੇ ਪਿੰਡਾਂ ਦੇ ਜ਼ਿੰਮੇਦਾਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਈਮੇਲ ਕਰਕੇ ਇਹ ਮਾਮਲਾ ਧਿਆਨ ਵਿੱਚ ਲਿਆਂਦਾ ਹੈ, ਜਿੰਨਾਂ ਵਿਸ਼ਵਾਸ ਦਿਵਾਇਆ ਸੀ ਕਿ ਛੇਤੀ ਇਸ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਾਡੇ ਵੱਲੋਂ ਵਿਭਾਗੀ ਮੰਤਰੀ ਅਮਨ ਅਰੋੜਾ, ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਨ੍ਹਾਂ ਦੇ ਰੁਝਿਆਵਾਂ ਕਾਰਨ ਮੁਲਾਕਾਤ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਅਧਿਕਾਰੀਆਂ ਦੀਆਂ ਘਾਟ ਕਾਰਨ ਸਰਕਾਰ ਦਾ ਵੀ ਰਿਵਨਿਊ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਮਸਲਾ ਛੇਤੀ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਸਮੇਂ ਵਿੱਚ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਧਰਨਾ ਲਾਉਣ ਲਈ ਮਜ਼ਬੂਰ ਹੋਣਗੇ।