ਬਲੌਂਗੀ ਕਲੋਨੀਆਂ ਵਿੱਚ 20 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ

ਅੱਤ ਦੀ ਗਰਮੀ ਵਿੱਚ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ ਬਲੌਂਗੀ ਵਾਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ:
ਮੁਹਾਲੀ ਦੀ ਜੂਹ ਵਿੱਚ ਬਲੌਂਗੀ ਕਲੋਨੀ, ਆਜ਼ਾਦ ਨਗਰ ਸਮੇਤ ਹੋਰਨਾਂ ਇਲਾਕਿਆਂ ਵਿੱਚ ਪਿਛਲੇ 20 ਤੋਂ ਪੀਣ ਵਾਲੇ ਪਾਣੀ ਦੀ ਸਹੀ ਤਰੀਕੇ ਨਾਲ ਸਪਲਾਈ ਨਾ ਹੋਣ ਕਾਰਨ ਲੋਕਾਂ ਦੇ ਹਲਕ ਸੁੱਕ ਗਏ ਹਨ। ਆਜ਼ਾਦ ਨਗਰ ਦੇ ਪੰਚ ਲਾਲ ਬਹਾਦਰ ਨੇ ਦੱਸਿਆ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਪਾਣੀ ਦੀ ਸਪਲਾਈ ਬਹੁਤ ਘੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਪਿਛਲੇ ਦੋ ਮਹੀਨੇ ਤੋਂ ਹੀ ਪਾਣੀ ਦੀ ਭਾਰੀ ਕਿੱਲਤ ਚੱਲ ਰਹੀ ਹੈ, ਪਰ ਪਿਛਲੇ 20 ਦਿਨਾਂ ਤੋਂ ਪਾਣੀ ਦੀ ਸਪਲਾਈ ਦਾ ਬਹੁਤ ਬੁਰਾ ਹਾਲ ਹੈ ਅਤੇ ਕਈ ਵਾਰ ਲਗਾਤਾਰ ਪਾਣੀ ਦੀ ਸਪਲਾਈ ਨਹੀਂ ਹੁੰਦੀ।
ਕਲੋਨੀ ਵਾਸੀਆਂ ਨੇ ਦੱਸਿਆ ਕਿ ਅੱਤ ਦੀ ਗਰਮੀ ਵਿੱਚ ਪੀਣ ਵਾਲੇ ਪਾਣੀ ਦੀ ਲੋੜ ਅਨੁਸਾਰ ਸਪਲਾਈ ਨਾ ਮਿਲਣ ਕਾਰਨ ਸਥਾਨਕ ਲੋਕਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਵੀ ਉਹ ਟਿਊਬਵੈੱਲ ਅਪਰੇਟਰ ਨੂੰ ਪਾਣੀ ਦੀ ਸਪਲਾਈ ਨਾ ਹੋਣ ਬਾਰੇ ਸ਼ਿਕਾਇਤ ਕਰਦੇ ਹਨ ਤਾਂ ਉਹ ਮੋਟਰ ਚਲਾਉਣ ਦਾ ਝੂਠਾ ਲਾਰਾ ਗਲਾ ਕੇ ਟਾਲਾ ਵੱਟ ਜਾਂਦਾ ਹੈ। ਕਈ ਵਾਰ ਅਪਰੇਟਰ ਇਹ ਕਹਿ ਕੇ ਆਪਣਾ ਖਹਿੜਾ ਛੁਡਵਾ ਲੈਂਦਾ ਹੈ, ਕਿ ਉਹ ਤਾਂ ਪਾਣੀ ਛੱਡਦਾ ਹੈ ਪਰ ਕਿਸੇ ਕਲੋਨੀ ਵਿੱਚ ਪਾਣੀ ਸਪਲਾਈ ਨਹੀਂ ਹੋ ਰਿਹਾ ਤਾਂ ਉਹ ਕੀ ਕਰ ਸਕਦਾ ਹੈ। ਲੋਕਾਂ ਨੇ ਦੱਸਿਆ ਕਿ ਜੇਕਰ ਥੋੜ੍ਹਾ ਬਹੁਤ ਪਾਣੀ ਆਉਂਦਾ ਵੀ ਹੈ ਤਾਂ ਟੁੱਟੀਆਂ ’ਤੇ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ ਅਤੇ ਬਾਲਟੀ ਭਰਨ ਤੋਂ ਪਹਿਲਾਂ ਹੀ ਸਪਲਾਈ ਬੰਦ ਹੋ ਜਾਂਦਾ ਹੈ।
ਇਸ ਮੌਕੇ ਹਰਜੀਤ ਸਿੰਘ, ਮਾਨ ਸਿੰਘ, ਸਿਵ ਪੁਕਾਰ, ਜੈਪਾਲ ਸਿੰਘ, ਜਾਗੇਸ਼ਵਰ ਯਾਦਵ, ਦੀਪ ਨਰਾਇਣ ਯਾਦਵ, ਅਰੋੜਾ ਸਿੰਘ, ਰਮੇਸ਼, ਨਿਤਿਨ ਸ਼ਰਮਾ, ਸ੍ਰੀਰਾਮ ਸਿੰਘ, ਰਾਜੂ, ਜਗਜੀਤ ਸਿੰਘ ਨੇ ਕਿਹਾ ਕਿ ਲੋਕ ਟੁਲੂ ਪੰਪ ਵੀ ਨਹੀਂ ਲਗਾ ਸਕਦੇ ਹਨ ਕਿਉਂਕਿ ਵਿਭਾਗ ਨੇ ਪਾਈਪਲਾਈਨ ਤੋਂ ਪਾਣੀ ਖਿੱਚਣ ਲਈ ਟੁਲੂ ਪੰਪ ਲਗਾਉਣ ’ਤੇ ਪਾਬੰਦੀ ਲਾਈ ਗਈ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦਾ ਕੁਨੈਕਸ਼ਨ ਕੱਟਣ ਦੀ ਧਮਕੀ ਦਿੱਤੀ ਗਈ ਹੈ। ਇਨ੍ਹਾਂ ਹਾਲਾਤਾਂ ਵਿੱਚ ਕਲੋਨੀ ਵਾਸੀਆਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੀੜਤ ਲੋਕਾਂ ਨੇ ਕਿਹਾ ਕਿ ਕਈ ਵਾਰ ਇਹ ਮਾਮਲਾ ਪੇਂਡੂ ਜਲ ਸਪਲਾਈ ਦੇ ਚੇਅਰਮੈਨ ਅਤੇ ਬਲੌਂਗੀ ਦੇ ਸਰਪੰਚ ਬਹਾਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਪ੍ਰੰਤੂ ਫਿਰ ਵੀ ਪਾਣੀ ਦੀ ਸਪਲਾਈ ਵਿੱਚ ਕੋਈ ਸੁਧਾਰ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ‘ਆਪ’ ਵਿਧਾਇਕ ਕੁਲਵੰਤ ਸਿੰਘ ਵੱਲੋਂ ਬਲੌਂਗੀ ਵਿੱਚ ਤਿੰਨ ਟਿਊਬਵੈੱਲ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਸੀ ਪਰ ਇਲਾਕੇ ਵਿੱਚ ਪਾਣੀ ਦੀ ਸਪਲਾਈ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਜਬੂਰੀ ਵਿੱਚ ਪਾਣੀ ਦੇ ਟੈਂਕਰ ਮੰਗਵਾ ਕੇ ਬੁੱਤਾ ਸਾਰਨਾ ਪੈ ਰਿਹਾ ਹੈ। ਉਨ੍ਹਾਂ ਵਿਧਾਇਕ ਤੋਂ ਮੰਗ ਕੀਤੀ ਕਿ ਬਲੌਂਗੀ ਪਿੰਡ ਅਤੇ ਬਲੌਂਗੀ ਕਲੋਨੀਆਂ ਵਿੱਚ ਲੋੜ ਅਨੁਸਾਰ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …