
‘ਆਪ’ ਸਰਕਾਰ ਵਿਰੁੱਧ ਸੜਕਾਂ ’ਤੇ ਉਤਰੇ ਖੋਖਾ ਮਾਰਕੀਟ ਦੇ ਪੀੜਤ ਦੁਕਾਨਦਾਰ ਅਤੇ ਭਾਜਪਾ ਵਰਕਰ
ਬਾਕੀ ਖੋਖਾ ਮਾਰਕੀਟਾਂ ਦੀ ਤਰਜ਼ ’ਤੇ ਫੇਜ਼-1 ਮਾਰਕੀਟ ਦੇ ਪੀੜਤ ਦੁਕਾਨਦਾਰਾਂ ਨੂੰ ਵੀ ਜ਼ਮੀਨ ਦੇਵੇ ਸਰਕਾਰ: ਵਸ਼ਿਸ਼ਟ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੂਨ
ਇੱਥੋਂ ਦੇ ਫੇਜ਼-1 ਸਥਿਤ ਮੁਹਾਲੀ ਪਿੰਡ ਦੇ ਬਾਹਰਵਾਰ ਬਣੀ ਖੋਖਾ ਮਾਰਕੀਟ ਨੂੰ ਜਿਸ ਨੂੰ ਕੁੱਝ ਦਿਨ ਪਹਿਲਾਂ ਗਮਾਡਾ ਨੇ ਨਾਜਾਇਜ਼ ਕਬਜ਼ਾ ਦੱਸ ਕੇ ਤੋੜ ਦਿੱਤਾ ਸੀ, ਦੇ ਪੀੜਤ ਦੁਕਾਨਦਾਰਾਂ ਅਤੇ ਭਾਜਪਾ ਵਰਕਰਾਂ ਨੇ ਅੱਜ ਭਾਜਪਾ ਆਗੂ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ਪੰਜਾਬ ਦੀ ਆਪ ਸਰਕਾਰ ਅਤੇ ਗਮਾਡਾ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਪੀੜਤ ਦੁਕਾਨਦਾਰਾਂ ਨੇ ਕਿਹਾ ਕਿ ਉਹ ਇੱਥੇ ਲਗਪਗ ਪਿਛਲੇ ਚਾਰ ਦਹਾਕੇ ਤੋਂ ਛੋਟਾ ਮੋਟਾ ਕਾਰੋਬਾਰ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਸੀ ਪ੍ਰੰਤੂ ਗਮਾਡਾ ਨੇ ਉਨ੍ਹਾਂ ਦੇ ਘਰਾਂ ਅਤੇ ਖੋਖਿਆਂ ’ਤੇ ਬੁਲਡੋਜ਼ਰ ਚਲਾ ਕੇ ਪੂਰੀ ਮਾਰਕੀਟ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ। ਜਿਸ ਕਾਰਨ ਉਹ ਬੇਰੁਜ਼ਗਾਰ ਹੋ ਕੇ ਸੜਕ ’ਤੇ ਅੱਗੇ ਆ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਆਗੂ ਸੰਜੀਵ ਵਸ਼ਿਸ਼ਟ ਨੇ ਆਪ ਸਰਕਾਰ ਨੂੰ ਗਰੀਬ ਵਿਰੋਧੀ ਦੱਸਦਿਆਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਰੁਜ਼ਗਾਰ ਤਾਂ ਕੀ ਦੇਣਾ ਸੀ, ਉਲਟਾ ਲੰਮੇ ਅਰਸੇ ਤੋਂ ਆਪਣਾ ਛੋਟਾ ਮੋਟਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਬੇਰੁਜ਼ਗਾਰ ਦੀ ਭੱਠੀ ਵਿੱਚ ਝੋਕ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਬਾਕੀ ਖੋਖਾ ਮਾਰਕੀਟਾਂ ਤਰਜ਼ ’ਤੇ ਖੋਖਾ ਮਾਰਕੀਟ ਫੇਜ਼-1 (ਮੁਹਾਲੀ ਪਿੰਡ) ਦੇ ਪੀੜਤ ਦੁਕਾਨਦਾਰਾਂ ਨੂੰ ਵੀ ਢੁਕਵੀਂ ਥਾਂ ’ਤੇ ਵੱਖਰੀ ਜ਼ਮੀਨ ਦਿੱਤੀ ਜਾਵੇ ਤਾਂ ਜੋ ਉਹ ਉੱਥੇ ਖੋਖਾ\ਬੂਥ ਬਣਾ ਸਕਣ। ਪੀੜਤ ਦੁਕਾਨਦਾਰ ਤਿੰਨ ਦਿਨਾਂ ਤੋਂ ਫੇਜ਼-3/5 ਦੇ ਟਰੈਫ਼ਿਕ ਲਾਈਟ ਪੁਆਇੰਟ ’ਤੇ ਸ਼ਾਂਤਮਈ ਧਰਨਾ ਦੇ ਰਹੇ ਹਨ। ਬੁੱਧਵਾਰ ਨੂੰ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸੰਜੀਵ ਵਸ਼ਿਸ਼ਟ ਨੇ ਧਰਨੇ ਵਿੱਚ ਪਹੁੰਚ ਕੇ ਪੀੜਤ ਦੁਕਾਨਦਾਰਾਂ ਦੇ ਸੰਘਰਸ਼ ਦੀ ਹਮਾਇਤ ਕੀਤੀ।
ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰ ਬਦਲੇ ਦੀ ਨੀਤੀ ਤਹਿਤ ਉਨ੍ਹਾਂ ’ਤੇ ਜੁਲਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੀੜਤ ਦੁਕਾਨਦਾਰਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਲੜੀਵਾਰ ਧਰਨਾ ਜਾਰੀ ਰਹੇਗਾ। ਇਸ ਮੌਕੇ ਭਾਜਪਾ ਆਗੂ ਓਮਾ ਕਾਂਤ ਤਿਵਾੜੀ, ਵਿਵੇਕ ਕ੍ਰਿਸ਼ਨ ਜੋਸ਼ੀ, ਰਮਨ ਸ਼ੈਲੀ, ਟੀਆਰ ਪੁਰੀ ਅਤੇ ਖੋਖਾ ਮਾਰਕੀਟ ਦੇ ਪੀੜਤ ਦੁਕਾਨਦਾਰ ਵੱਡੀ ਗਿਣਤੀ ਵਿੱਚ ਮੌਜੂਦ ਸਨ।