
ਭਾਜਪਾ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਜਾਖੜ ਦਾ ਵਿਰੋਧ ਸ਼ੁਰੂ
ਨਬਜ਼-ਏ-ਪੰਜਾਬ, ਮੁਹਾਲੀ, 5 ਜੁਲਾਈ:
ਪੰਜਾਬ ਦੇ ਪ੍ਰਮੁੱਖ ਹਿੰਦੂ ਚਿਹਰੇ ਸੁਨੀਲ ਜਾਖੜ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਪੰਜਾਬ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਪਾਰਟੀ ਵਿੱਚ ਬਗਾਵਤੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਜਿੱਥੇ ਬੀਤੇ ਕੱਲ੍ਹ ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਰੋਸ ਪ੍ਰਗਟਾਇਆ ਸੀ, ਉੱਥੇ ਅੱਜ ਮੁਹਾਲੀ ਦੇ ਸਰਗਰਮ ਵਰਕਰ ਅਤੇ ਸਾਬਕਾ ਕੌਂਸਲਰ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਨੇ ਵੀ ਪਾਰਟੀ ਦੇ ਇਸ ਫ਼ੈਸਲੇ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੂੰ ਪਾਰਟੀ ਪ੍ਰਧਾਨ ਬਣਾਉਣ ਦਾ ਮਤਲਬ ਭਾਜਪਾ ਲਈ ਕਾਲੇ ਦਿਨ ਤੋਂ ਘੱਟ ਨਹੀਂ ਹੈ।
ਸ੍ਰੀ ਬੌਬੀ ਕੰਬੋਜ ਅੱਜ ਇੱਥੋਂ ਦੇ ਸੈਕਟਰ-70 ਤੋਂ ਆਪਣੇ ਸਿਰ ’ਤੇ ਕਾਲੇ ਰੰਗ ਦਾ ਪਟਕਾ ਬੰਨ੍ਹ ਕੇ ਅਤੇ ਗਲੇ ਵਿੱਚ ਕਾਲਾ ਸਿਰੋਪਾਓ ਪਾ ਕੇ ਪਾਰਟੀ ਦਫ਼ਤਰ ਚੰਡੀਗੜ੍ਹ ਪਹੁੰਚੇ ਅਤੇ ਆਪਣੇ ਕੱਪੜੇ ਫਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗਊਸ਼ਾਲਾ ਮਟੌਰ ਵਿੱਚ ਗਊ ਮਾਤਾ ਨੂੰ ਆਟੇ ਦਾ ਪੇੜਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੌਬੀ ਕੰਬੋਜ ਨੇ ਸੁਨੀਲ ਜਾਖੜ ਵਿਰੁੱਧ ਰੱਜ ਕੇ ਭੜਾਸ ਕੱਢੀ। ਉਨ੍ਹਾਂ ਜਾਖੜ ਨੂੰ ਘਮੰਡੀ ਅਤੇ ਲੋਕਾਂ ਦਾ ਨਕਾਰਿਆਂ ਹੋਇਆ ਆਗੂ ਦੱਸਦਿਆਂ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਕਾਂਗਰਸ ਦਾ ਬੇੜਾ ਗਰਕ ਕੀਤਾ ਅਤੇ ਹੁਣ ਭਾਜਪਾ ਨੂੰ ਡੁਬਾਉਣ ਚਲੇ ਆਏ। ਉਨ੍ਹਾਂ ਹਾਈ ਕਮਾਂਡ ਨੂੰ ਆਪਣੇ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਵਰਕਰਾਂ ਦੇ ਖੂਨ ਪਸੀਨੇ ਨਾਲ ਬਣੀ ਭਾਜਪਾ ਦੀ ਵਾਗਡੋਰ ਦੂਜੀਆਂ ਪਾਰਟੀਆਂ ਛੱਡ ਕੇ ਆ ਰਹੇ ਆਗੂਆਂ ਦੇ ਹੱਥ ਵਿੱਚ ਨਾ ਦਿੱਤੀ ਜਾਵੇ।
ਸ੍ਰੀ ਬੌਬੀ ਕੰਬੋਜ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਆੜ ਵਿੱਚ ਭਾਜਪਾ ਦੇ ਤਤਕਾਲੀ ਵਿਧਾਇਕ ਅਰੁਣ ਨਾਰੰਗ ਨੂੰ ਜਨਤਕ ਤੌਰ ’ਤੇ ਬੇਇੱਜ਼ਤ ਕਰਨ ਵਾਲੇ ਨੂੰ ਪਾਰਟੀ ਦੀ ਅਹਿਮ ਜ਼ਿੰਮੇਵਾਰ ਦੇਣ ਨਾਲ ਵਰਕਰਾਂ ਦੇ ਹਿਰਦੇ ਵਲੰੂਧਰੇ ਗਏ ਹਨ। ਉਨ੍ਹਾਂ ਸਾਬਕਾ ਵਿਧਾਇਕ ਨਾਰੰਗ ਸਮੇਤ ਹੋਰਨਾਂ ਆਗੂਆਂ ਅਤੇ ਸਰਗਰਮ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਭਾਵੁਕ ਹੋ ਕੇ ਪਾਰਟੀ ਨਾ ਛੱਡਣ ਸਗੋਂ ਉਨ੍ਹਾਂ (ਜਾਖੜ) ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ। ਉਂਜ ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਹਰੇਕ ਵਿਅਕਤੀ ਅਤੇ ਆਗੂ ਦਾ ਸਤਿਕਾਰ ਹੈ ਪ੍ਰੰਤੂ ਦੂਜੀਆਂ ਪਾਰਟੀਆਂ ’ਚੋਂ ਆਉਣ ਵਾਲਿਆਂ ਨੂੰ ਅਹਿਮ ਜ਼ਿੰਮੇਵਾਰੀਆਂ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਰਖ ਲਿਆ ਜਾਵੇ ਕਿਉਂਕਿ ਜਿਹੜਾ ਵਿਅਕਤੀ ਆਪਣੇ ਸਿਆਸੀ ਫ਼ਾਇਦੇ ਲਈ ਆਪਣੀ ਮਾਂ ਪਾਰਟੀ ਨੂੰ ਛੱਡ ਸਕਦਾ ਹੈ, ਉਹ ਭਲਾ ਸਾਡਾ ਕਿੱਥੋਂ ਸਗਾ ਬਣ ਸਕਦਾ ਹੈ।