nabaz-e-punjab.com

ਸਾਧਵੀ ਰੇਪ ਕੇਸ: ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਕਰਾਰ ਦੇਣ ਮਗਰੋਂ ਬਾਕੀ ਡੇਰਿਆ ਵਿੱਚ ਛਾਇਆ ਸ਼ਨਾਟਾ

ਬਿਆਸ, ਦਿੱਲੀ, ਨਿਰੰਕਾਰੀ ਡੇਰਿਆਂ ਦੀਆਂ ਬ੍ਰਾਂਚਾਂ ਦੇ ਪ੍ਰਬੰਧਕਾਂ ਵੱਲੋਂ ਐਤਵਾਰ ਨੂੰ ਸਤਿਸੰਗ ਘਰਾਂ ਨੂੰ ਜੜੇ ਤਾਲੇ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਅਗਸਤ:
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬੀਤੇ ਰੋਜ਼ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਦੋਸ਼ੀ ਐਲਾਨੇ ਜਾਣ ਉਪਰੰਤ ਵੱਡੀ ਗਿਣਤੀ ਵਿਚ ਸੌਦਾ ਸਾਧ ਦੇ ਚੇਲਿਆਂ ਨੇ ਸਾੜ ਫੂਕ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। ਇਸ ਘਟਨਾਕ੍ਰਮ ਉਪਰੰਤ ਇਲਾਕੇ ਵਿਚ ਸਥਿਤ ਰਾਧਾਸੁਆਮੀਆਂ ਡੇਰਿਆਂ ਦੀਆਂ ਬ੍ਰਾਂਚਾਂ ਵਿਚ ਐਤਵਾਰ ਸਵੇਰ ਦੇ ਸਮੇਂ ਹੋਣ ਵਾਲੇ ਸਤਿਸੰਗ ਘਬਰਾਏ ਪ੍ਰਬੰਧਕਾਂ ਵੱਲੋਂ ਰੱਦ ਕਰ ਦੇਣ ਦਾ ਸਮਾਚਾਰ ਮਿਲਿਆ ਹੈ। ਪੱਤਰਕਾਰਾਂ ਦੀ ਟੀਮ ਵੱਲੋਂ ਕੁਰਾਲੀ ਵਿਚ ਸਥਿਤ ਡੇਰਾ ਬਿਆਸ, ਡੇਰਾ ਦਿੱਲੀ (ਨਵਾਂ ਨਗਰ), ਨਿਰੰਕਾਰੀਆਂ ਡੇਰਿਆਂ ਦੀਆਂ ਬ੍ਰਾਂਚਾਂ ਦਾ ਦੌਰਾ ਕੀਤਾ ਜਿੱਥੇ ਐਤਵਾਰ ਨੂੰ ਹੋਣ ਵਾਲੇ ਪ੍ਰੋਗਰਾਮ ਐਨ ਮੌਕੇ ’ਤੇ ਰੱਦ ਕਰ ਦਿੱਤੇ ਗਏ ਅਤੇ ਪ੍ਰਬੰਧਕ ਲੋਕਾਂ ਨੂੰ ਵਾਪਸ ਮੋੜ ਰਹੇ ਸਨ। ਇਕੱਤਰ ਜਾਣਕਾਰੀ ਅਨੁਸਾਰ ਘਬਰਾਏ ਰਾਧਾਸੁਆਮੀ ਕਿਸੇ ਵੀ ਤਰ੍ਹਾਂ ਦਾ ਰਿਸਕ ਲੈਣ ਦੇ ਮੂਡ ਵਿਚ ਨਹੀਂ ਸਨ ਕਿਉਂਕਿ ਬੀਤੇ ਰੋਜ਼ ਸੂਬੇ ਅੰਦਰ ਹੋਏ ਘਟਨਾਕ੍ਰਮ ਨੇ ਉਨ੍ਹਾਂ ਦੇ ਸਾਹ ਸੂਤੇ ਹੋਏ ਸਨ।
ਇਸ ਸਬੰਧੀ ਗਲਬਾਤ ਕਰਦਿਆਂ ਡੇਰਾ ਬਿਆਸ ਦੇ ਸੇਵਕ ਰਿਟਾ. ਨਾਇਬ ਤਹਿਸੀਲਦਾਰ ਅਮਰ ਸਿੰਘ ਭੱਟੀ ਅਤੇ ਡੇਰਿਆਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜਿਲ੍ਹੇ ਵਿਚ ਲਗਾਈ ਧਾਰਾ 144 ਦੇ ਮੱਦੇਨਜ਼ਰ ਨਾਮ ਚਰਚਾ ਅਤੇ ਸਤਸੰਗ ਨਹੀਂ ਕੀਤਾ ਗਿਆ ਜਦਕਿ ਕਈਆਂ ਨੇ ਕਿਹਾ ਕਿ ਗਲਤ ਅਨਸਰ ਡੇਰਿਆਂ ਵਿਚ ਇਕੱਤਰ ਸੰਗਤ ਦਾ ਨੁਕਸਾਨ ਕਰ ਸਕਦੇ ਹਨ ਜਿਸ ਕਾਰਨ ਪ੍ਰੋਗਰਾਮ ਰੱਦ ਕੀਤੇ ਗਏ। ਸ਼ਹਿਰ ਦੇ ਸਿਸਵਾਂ ਰੋਡ ਸਥਿਤ ਡੇਰਾ ਬਿਆਸ ਦੀ ਬ੍ਰਾਂਚ ‘ਰਾਧਾ ਸੁਆਮੀ ਸਤਸੰਗ ਘਰ ਬਿਆਸ ਕੁਰਾਲੀ’, ਸ਼ਹਿਰ ਦੇ ਵਾਰਡ ਨੰਬਰ 9 ਵਿੱਚ ਸਥਿਤ ‘ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂਨਗਰ ਬ੍ਰਾਂਚ ਕੁਰਾਲੀ ’, ਸ਼ਹਿਰ ਦੇ ਬਡਾਲੀ ਰੋਡ ਤੇ ਸਥਿਤ ‘ਸੰਤ ਨਿਰੰਕਾਰੀ ਸਤਸੰਗ ਭਵਨ ਬ੍ਰਾਂਚ ਕੁਰਾਲੀ’ ਵਿਖੇ ਪ੍ਰਬੰਧਕਾਂ ਵੱਲੋਂ ਜਿੰਦਰੇ ਲਗਾ ਕੇ ਸਤਿਸੰਗ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਨੂੰ ਮੋੜਿਆ ਜਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਹਰੇਕ ਐਤਵਾਰ ਇਨ੍ਹਾਂ ਉਪਰੋਕਤ ਬਰਾਂਚਾਂ ਵਿੱਚ ਸਤਸੰਗ ਹੁੰਦੇ ਹਨ ਜਿਸ ਵਿਚ ਵੱਡੀ ਗਿਣਤੀ ਲੋਕ ਸ਼ਮੂਲੀਅਤ ਕਰਦੇ ਹਨ। ਬੇਸ਼ਕ ਇਨ੍ਹਾਂ ਡੇਰਿਆਂ ਦੀਆਂ ਬਰਾਂਚਾਂ ਦੇ ਪ੍ਰਬੰਧਕਾਂ ਨੇ ਡਰ ਕਾਰਨ ਅੱਜ ਸਤਸੰਗ ਕਰਨ ਤੋਂ ਪਾਸਾ ਵੱਟਿਆ ਜਾ ਰਿਹਾ ਪਰ ਅੰਦਰੋਂ ਖਾਤੇ ਕੁਝ ਹੋਰ ਹੀ ਡਰ ਸਤਾ ਰਿਹਾ ਹੈ। ਜੋ ਵੀ ਹੋਵੇਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਕਿ ਪ੍ਰਸ਼ਾਸਨ ਡੇਰਿਆਂ ਖਿਲਾਫ ਕਿਸ ਤਰ੍ਹਾਂ ਦਾ ਰੁੱਖ ਅਖਤਿਆਰ ਕਰਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਕੋਈ ਵੀ ਡੇਰਾ ਪ੍ਰੇਮੀ ਅਨਹੋਣੀਆਂ ਘਟਨਾਵਾਂ ਨੂੰ ਅੰਜਾਮ ਨਾ ਦੇ ਸਕਣ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…