
ਫਿਜ਼ਾ ਦੀ ਮੌਤ ਤੋਂ ਬਾਅਦ ਮੁੜ ਸੁਰਖ਼ੀਆ ਵਿੱਚ ਆਇਆ ਫਿਜ਼ਾ ਦੀ ਜਾਇਦਾਦ ਦਾ ਮਾਮਲਾ
ਉਤਰ ਪ੍ਰਦੇਸ਼ ਦੇ ਵਸਨੀਕ ਇਸਰਾਸ ਮੁਹੰਮਦ ਖਾਨ ਨੇ ਖ਼ੁਦ ਨੂੰ ਫਿਜ਼ਾ ਦਾ ਪਹਿਲਾ ਪਤੀ ਦੱਸਿਆ, ਅਗਲੀ ਸੁਣਵਾਈ 27 ਮਾਰਚ ਨੂੰ
ਇਸਰਾਸ ਮੁਹੰਮਦ ਖਾਨ ਨੇ ਅਦਾਲਤ ਵਿੱਚ ਪੇਸ਼ ਕੀਤਾ ਨਿਕਾਹਨਾਮਾ, ਵੋਟਰ ਆਈ ਕਾਰਡ ਤੇ ਹੋਰ ਜਰੂਰੀ ਦਸਤਾਵੇਜ਼
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਚੰਦਰ ਮੋਹਨ ਉਰਫ਼ ਚਾਂਦ ਮੁਹੰਮਦ ਨਾਲ ਧਰਮ ਪਰਿਵਰਤਨ ਕਰਕੇ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਚਰਚਾ ਵਿੱਚ ਆਈ ਇੱਥੋਂ ਦੇ ਸੈਕਟਰ-48 (ਸੀ) ਦੀ ਵਸਨੀਕ ਮਰਹੂਮ ਅਨੁਰਾਧਾ ਬਾਲੀ ਉਰਫ਼ ਫਿਜ਼ਾ ਖਾਨ ਉਰਫ਼ ਫਿਜ਼ਾ ਮੁਹੰਮਦ ਦੀ ਮੌਤ ਤੋਂ ਬਾਅਦ ਕਰੀਬ ਪੰਜ ਸਾਲ ਬਾਅਦ ਇਹ ਮਾਮਲਾ ਮੁੜ ਸੁਰਖ਼ੀਆ ਵਿੱਚ ਆ ਗਿਆ ਹੈ। ਉੱਤਰ ਪ੍ਰਦੇਸ਼ ਦੇ ਪਿੰਡ ਫਤਹਿਪੁਰ ਦੇ ਵਸਨੀਕ ਇਸਰਾਸ ਅਹਿਮਦ ਖਾਨ ਨੇ ਖ਼ੁਦ ਨੂੰ ਫਿਜ਼ਾ ਦਾ ਪਹਿਲਾ ਪਤੀ ਦੱਸਦਿਆਂ ਆਪਣੀ ਪਤਨੀ ਦੀ ਸਾਰੀ ਜਾਇਦਾਦ ’ਤੇ ਆਪਣਾ ਹੱਕ ਜਿਤਾਇਆ ਹੈ। ਇਸ ਸਬੰਧੀ ਉਨ੍ਹਾਂ ਮੁਹਾਲੀ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਫਿਜ਼ਾ ਦੇ ਗਹਿਣੇ ਨਗਦੀ ਅਤੇ ਤਮਾਮ ਜਾਇਦਾਦ ਉਸ ਦੇ ਸਪੁਰਦ ਕਰਨ ਦੀ ਮੰਗ ਕੀਤੀ ਹੈ।
ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ (ਏਸੀਜੇਐਮ) ਅਮਿਤ ਥਿੰਦ ਦੀ ਅਦਾਲਤ ਵਿੱਚ ਚਲ ਰਹੀ ਹੈ। ਅਹਿਮਦ ਖਾਨ ਨੇ ਆਪਣੀ ਸਿਵਲ ਰਿੱਟ ਪਟੀਸ਼ਨ ਵਿੱਚ ਕਿਹਾ ਹੈ ਕਿ ਉਹ ਫਿਜ਼ਾ ਦਾ ਪਤੀ ਹੈ ਅਤੇ ਉਸ ਦਾ ਸਾਲ 2010 ਵਿੱਚ ਫਿਜ਼ਾ ਨਾਲ ਨਿਕਾਅ ਹੋਇਆ ਸੀ ਅਤੇ ਹੁਣ ਤੱਕ ਉਨ੍ਹਾਂ ਦਾ ਤਲਾਕ ਵੀ ਨਹੀਂ ਹੋਇਆ ਹੈ, ਪ੍ਰੰਤੂ ਫਿਜ਼ਾ ਦੀ ਪਤਨੀ ਦੀ ਮੌਤ ਤੋਂ ਬਾਅਦ ਉਸ ਦੀਆਂ ਤਿੰਨ ਭੈਣਾਂ ਨੇ ਕਰੋੜਾਂ ਰੁਪਏ ਦੀ ਜਾਇਦਾਦ ਆਪਸ ਵਿੱਚ ਵੰਡ ਲਈ ਹੈ। ਜਦੋਂ ਕਿ ਫਿਜ਼ਾ ਦੀ ਤਮਾਮਾ ਜਾਇਦਾਦ ’ਤੇ ਉਸ ਦਾ ਹੱਕ ਹੈ। ਪਟੀਸ਼ਨਰ ਦੇ ਵਕੀਲ ਨਵਦੀਪ ਸਿੰਘ ਬਿੱਟਾ ਨੇ ਦੱਸਿਆ ਕਿ ਇਸ ਸਬੰਧੀ ਇਸਰਾਸ ਖਾਨ ਨੇ ਫਿਜ਼ਾ ਦਾ ਪਤੀ ਹੋਣ ਦੇ ਸਬੂਤ ਵਜੋਂ ਅਦਾਲਤ ਵਿੱਚ ਨਿਕਾਅਨਾਮਾ, ਵੋਟਰ ਆਈ ਕਾਰਡ, ਆਧਾਰ ਕਾਰਡ ਅਤੇ ਕੁੱਝ ਹੋਰ ਜਰੂਰੀ ਦਸਤਾਵੇਜ਼ ਵੀ ਪੇਸ਼ ਕੀਤੇ ਹਨ। ਖਾਨ ਨੇ ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਗਮਾਡਾ ਤੇ ਉਸ ਦੀਆਂ ਭੈਣਾਂ ਨੂੰ ਪਾਰਟੀ ਬਣਾਇਆ ਗਿਆ ਹੈ। ਇਸ ਸਬੰਧੀ ਅਦਾਲਤ ਨੇ ਫਿਜ਼ਾ ਦੀਆਂ ਤਿੰਨ ਭੈਣਾਂ ਮੋਨਿਕਾ ਸ਼ਰਮਾ, ਅੰਜਲੀ ਰਾਮ ਸੂਦਨ ਅਤੇ ਅਦਿੱਤਿਆ ਆਰਿਆ ਨੂੰ ਜ਼ੀਰਕਪੁਰ ਦੇ ਪਤੇ ’ਤੇ ਸੰਮਨ ਜਾਰੀ ਕਰਕੇ ਅਦਾਲਤ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਆਖਿਆ ਸੀ ਲੇਕਿਨ ਮੋਨਿਕਾ ਸ਼ਰਮਾ ਤੋਂ ਬਿਨਾਂ ਦੂਜੀਆਂ ਭੈਣਾਂ ਨੇ ਸੰਮਨ ਨਹੀਂ ਲਏ ਹਨ ਅਤੇ ਨਾ ਹੀ ਉਹ ਅਦਾਲਤ ਵਿੱਚ ਪੇਸ਼ ਹੋਈਆਂ ਹਨ। ਜਿਸ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਐਕਸ ਪਾਰਟੀ ਘੋਸ਼ਿਤ ਕੀਤਾ ਜਾ ਚੁੱਕਾ ਹੈ।
ਉਧਰ, ਫਿਜ਼ਾ ਦੀ ਭੈਣ ਮੋਨਿਕਾ ਸ਼ਰਮਾ ਦੇ ਵਕੀਲ ਨੇ ਬੁੱਧਵਾਰ ਨੂੰ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਖ਼ੁਦ ਨੂੰ ਫਿਜ਼ਾ ਦਾ ਪਹਿਲਾ ਪਤੀ ਦੱਸਣ ਵਾਲੇ ਵਿਅਕਤੀ ਵੱਲੋਂ ਅਦਾਲਤ ਵਿੱਚ ਪੇਸ਼ ਕੀਤੀਆਂ ਦਲੀਲਾਂ ਅਤੇ ਦਸਤਾਵੇਜ਼ਾਂ ਦੀ ਤਸਦੀਕ ਸੁਦਾ ਇੱਕ ਇੱਕ ਕਾਪੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ 27 ਮਾਰਚ ’ਤੇ ਅੱਗੇ ਪਾ ਦਿੱਤੀ ਹੈ। ਇਥੇ ਇਹ ਦੱਸਣਯੋਗ ਹੈ ਕਿ 27 ਨਵੰਬਰ 2014 ਨੂੰ ਮੁਹਾਲੀ ਅਦਾਲਤ ਨੇ ਫਿਜ਼ਾ ਦੀ ਮੌਤ ਤੋਂ ਬਾਅਦ ਉਸ ਦੀ ਤਮਾਮ ਜਾਇਦਾਦ ਅਤੇ ਪੁਲੀਸ ਨੂੰ ਘਟਨਾ ਦੌਰਾਨ ਘਰ ਅਤੇ ਬੈਂਕ ਖਾਤਿਆਂ ਤੇ ਲਾਕਰਾਂ ’ਚੋਂ ਮਿਲੇ ਕਰੋੜਾਂ ਰੁਪਏ ਅਤੇ ਵਾਹਨ ਦੀ ਸਪੁਰਦਾਰੀ ਦਾ ਨਿਬੇੜਾ ਕਰਦਿਆਂ ਕਿਹਾ ਹੈ ਕਿ ਫਿਜ਼ਾ ਦੀ ਉਸ ਦੀਆਂ ਤਿੰਨ ਭੈਣਾਂ ਮੋਨਿਕਾ ਸ਼ਰਮਾ, ਅੰਜਲੀ ਰਾਮ ਸੂਦਨ ਅਤੇ ਅਦਿੱਤਿਆ ਆਰਿਆ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਉਕਤ ਸਾਰੀ ਜਾਇਦਾਦ ਬਾਰੇ ਤਿੰਨੇ ਭੈਣਾਂ ਵਿੱਚ ਬਰਾਬਰ ਵੰਡਣ ਦੇ ਹੁਕਮ ਜਾਰੀ ਕੀਤੇ ਸੀ।
(ਬਾਕਸ ਆਈਟਮ)
ਇੱਥੋਂ ਦੇ ਸੈਕਟਰ-48 (ਸੀ) ਦੀ ਵਸਨੀਕ ਅਨੁਰਾਧਾ ਬਾਲੀ ਉਰਫ਼ ਫ਼ਿਜ਼ਾ ਮੁਹੰਮਦ ਦੀ 6 ਅਗਸਤ 2012 ਨੂੰ ਇੱਥੋਂ ਦੇ ਸੈਕਟਰ-48ਸੀ ਸਥਿਤ ਘਰ ’ਚੋਂ ਉਸ ਦੀ ਗਲੀ ਸੜੀ ਲਾਸ਼ ਮਿਲੀ ਸੀ। ਇਸ ਦੌਰਾਨ ਮੁਹਾਲੀ ਪੁਲੀਸ ਨੇ ਚੰਡੀਗੜ੍ਹ ਦੇ ਵੱਖ-ਵੱਖ ਬੈਂਕਾਂ ਵਿੱਚ ਸਥਿਤ 16 ਸੇਵਿੰਗ ਖਾਤਿਆਂ, ਲੱਖਾਂ ਰੁਪਏ ਦੀ ਐਫ.ਡੀਜ਼ ਅਤੇ ਤਿੰਨ ਲਾਕਰਾਂ ਸਮੇਤ ਫ਼ਿਜ਼ਾ ਦੇ ਘਰੋਂ ਪੁਲੀਸ ਨੂੰ ਕਰੀਬ ਸਾਢੇ 4 ਕਰੋੜ ਰੁਪਏ ਬਰਾਮਦ ਹੋਏ ਸਨ ਅਤੇ ਫਿਜ਼ਾ ਦਾ ਇਹ ਸਾਰਾ ਖਜ਼ਾਨਾ ਅਤੇ ਸੋਨੇ ਤੇ ਚਾਂਦੀ ਦੇ ਗਹਿਣੇ ਪੁਲੀਸ ਵੱਲੋਂ ਸਰਕਾਰੀ ਖਜਾਨੇ ਵਿੱਚ ਜਮ੍ਹਾਂ ਕਰਵਾਏ ਗਏ ਸੀ।