ਸਿੱਧੂ ਵੱਲੋਂ ਵਿਸ਼ੇਸ਼ ਟਾਸਕ ਫੋਰਸ ਦੀ ਕਮਾਨ ਸੰਭਾਲਣ ਮਗਰੋਂ ਨਸ਼ਿਆਂ ਵਿਰੱੁਧ ਜੰਗ ਛੇੜੀ ਜਾਵੇਗੀ: ਕੈਪਟਨ ਅਮਰਿੰਦਰ

ਅਮਰਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਮਾਰਚ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਏ.ਡੀ.ਜੀ.ਪੀ ਸ੍ਰੀ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਨਸ਼ਿਆਂ ਵਿਰੋਧੀ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ) ਛੇਤੀ ਹੀ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਵਿਰੁੱਧ ਜੰਗ ਵਿੱਢਣ ਲਈ ਸ੍ਰੀ ਸਿੱਧੂ ਨੂੰ ਆਪਣੀ ਟੀਮ ਦਾ ਗਠਨ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ੍ਰੀ ਸਿੱਧੂ ਵੱਲੋਂ ਸ਼ੁਕਰਵਾਰ ਨੂੰ ਕਮਾਨ ਸੰਭਾਲਣ ਤੋਂ ਤੁਰੰਤ ਬਾਅਦ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਦਾ ਮਿਸ਼ਨ ਚਲਾਉਣ ਲਈ ਵਿਸ਼ੇਸ਼ ਟਾਸਕ ਫੋਰਸ ਆਪਣੇ ਪੂਰੇ ਜਲੌਅ ਵਿੱਚ ਆ ਜਾਵੇਗੀ।
ਉਨ੍ਹਾਂ ਕਿਹਾ ਕਿ ਵਿਸ਼ੇਸ਼ ਟਾਸਕ ਫੋਰਸ ਦੇ ਮੁੱਖੀ ਸ੍ਰੀ ਸਿੱਧੂ ਸੂਬੇ ਵਿੱਚੋਂ ਨਸ਼ਿਆਂ ਨੂੰ ਜੜ੍ਹੋਂ ਪੁਟਣ ਲਈ ਅੰਤਿਮ ਅਥਾਰਟੀ ਹੋਣਗੇ ਜਿਨ੍ਹਾਂ ਨਸ਼ਿਆਂ ਨੇ ਸਾਡੇ ਹਜ਼ਾਰਾਂ ਬੇਗੁਨਾਹ ਨੌਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਨਸ਼ਿਆਂ ਵਿਰੁੱਧ ਮੁਹਿਮ ਦੌਰਾਨ ਕਿਸੇ ਨੂੰ ਵੀ ਗੈਰਜ਼ਰੂਰੀ ਪ੍ਰੇਸ਼ਾਨ ਨਹੀ ਕੀਤਾ ਜਾਵੇਗਾ, ਸਿਰਫ਼ ਨਸ਼ੇ ਦਾ ਧੰਦਾ ਚਲਾਉਣ ਵਾਲੇ ਅਸਲ ਦੋਸ਼ੀਆਂ ਨੂੰ ਹੀ ਨੱਥ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਵਪਾਰ ਅਤੇ ਤਸਕਰੀ ਵਿੱਚ ਲੱਗੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿੰਨਾ ਹੀ ਪ੍ਰਭਾਵੀ ਜਾਂ ਉੱਚ ਰੁਤਬੇ ਵਾਲਾ ਹੀ ਕਿਉਂ ਨਾ ਹੋਵੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਸ਼ੇਸ਼ ਟਾਸਕ ਫੋਰਸ ਨਸ਼ਿਆਂ ਨਾਲ ਜੁੜੇ ਸਾਰੇ ਪੱਖਾਂ ਦੀ ਤਹਿ ਤੱਕ ਜਾਵੇਗੀ। ਨਜ਼ਾਇਜ ਅਤੇ ਗੈਰ ਕਾਨੂੰਨੀ ਡਰੱਗ ਵੇਚਣ ਵਾਲੇ ਫਾਰਮਾਸਿਸਟਾਂ ਅਤੇ ਦਵਾਇਆਂ ਦੀ ਦੁਕਾਨਾਂ ਤੇ ਵੀ ਡਰੱਗ ਵਿਭਾਗ ਵੱਲੋਂ ਨਿਗਰਾਨੀ ਰੱਖੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਸ਼ੇ ਖਾਣ ਵਾਲੇ ਲੋਕਾਂ ਪ੍ਰਤੀ ਉਨ੍ਹਾਂ ਦੀ ਸਰਕਾਰ ਮਾਨਵਵਾਦੀ ਪਹੁੰਚ ਅਪਣਾਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿੱਚ ਸ਼ਾਮਿਲ ਬੱਚੇ ਨਸ਼ਾ ਛਡਾਊ ਅਤੇ ਮੁੜਵਸੇਬਾ ਕੇਂਦਰਾਂ ਹਵਾਲੇ ਕੀਤੇ ਜਾਣਗੇ ਜਿੱਥੇ ਉਨ੍ਹਾਂ ਦੀ ਇਹ ਆਦਤ ਛਡਾ ਕੇ ਉਨ੍ਹਾਂ ਨੂੰ ਵਾਪਸ ਮੁੱਖ ਧਾਰਾ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਉਹ ਖੁਸ਼ੀਆਂ ਭਰਪੂਰ ਆਮ ਜ਼ਿੰਦਗੀ ਜਿਊ ਸਕਣ। ਉਨ੍ਹਾਂ ਕਿਹਾ ਕਿ ਨਸ਼ੇੜੀ ਬੱਚਿਆਂ ਦੇ ਮਾਪਿਆਂ ਨੂੰ ਪ੍ਰੇਰਿਤ ਕਰਨ ਲਈ ਸਮਾਜਿਕ ਕੌਂਸਲਰਾਂ ਦੀ ਮੱਦਦ ਲਈ ਜਾਵੇਗੀ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਕੇਂਦਰਾਂ ਵਿੱਚ ਇਲਾਜ ਲਈ ਦਾਖ਼ਲ ਕਰਾਉਣ ਕਿਉਂਕਿ ਬਹੁਤ ਸਾਰੇ ਲੋਕ ਸਮਾਜਿਕ ਕਲੰਕ ਕਰਕੇ ਅਜਿਹਾ ਕਰਨ ਤੋਂ ਟਾਲਾਂ ਵੱਟਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਵਿਰੋਧੀ ਪਹੁੰਚ ਵਿਆਪਕ ਰੂਪ ’ਚ ਚਲਾਈ ਜਾਵੇਗੀ। ਇਕ ਪਾਸੇ ਨਸ਼ਿਆਂ ਵਿਰੁੱਧ ਹੱਲਾ ਬੋਲਿਆ ਜਾਵੇਗਾ ਅਤੇ ਦੂਜੇ ਪਾਸੇ ਮੁੜਵਸੇਬੇ ਦੀ ਗਤੀਵਿਧੀ ਚਲਾਈ ਜਾਵੇਗੀ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…