Share on Facebook Share on Twitter Share on Google+ Share on Pinterest Share on Linkedin ਪਹਿਲੇ ਮੀਂਹ ਨੇ ਖੋਲ੍ਹੀ ਮੁਹਾਲੀ ਪ੍ਰਸ਼ਾਸਨ ਦੇ ਪਾਣੀ ਨਿਕਾਸੀ ਦੇ ਸਰਕਾਰੀ ਦਾਅਵਿਆਂ ਦੀ ਪੋਲ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੂਨ: ਬੀਤੀ ਰਾਤ ਅਤੇ ਅੱਜ ਸਵੇਰੇ ਪਈ ਭਰਵੀਂ ਬਰਸਾਤ ਨੇ ਆਪਣੇ ਪਹਿਲੇ ਹੀ ਝਟਕੇ ਵਿੱਚ ਪਾਣੀ ਦੀ ਨਿਕਾਸੀ ਪ੍ਰਸ਼ਾਸ਼ਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਅਤੇ ਸ਼ਹਿਰ ਵਿੱਚ ਕਈ ਥਾਵਾਂ ਤੇ ਪਾਣੀ ਖੜ੍ਹਾ ਹੋ ਗਿਆ। ਮੁਹਾਲੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਪਾਰਕਾਂ ਵਿੱਚ ਹਰ ਪਾਸੇ ਹੀ ਪਾਣੀ ਖੜਾ ਨਜਰ ਆ ਰਿਹਾ ਸੀ, ਜਿਸ ਕਾਰਨ ਸੈਰ ਕਰਨ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਾਰਕਾਂ ਵਿੱਚੋੱ ਬਰਸਾਤੀ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਇਹ ਪਾਣੀ ਛੱਪੜ ਵਾਂਗ ਖੜਾ ਸੀ। ਹਰ ਵਾਰ ਹੀ ਬਰਸਾਤ ਪੈਣ ਕਾਰਨ ਪਾਰਕਾਂ ਵਿੱਚ ਕਈ ਕਈ ਦਿਨ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਵੱਡੀ ਮਾਤਰਾ ਵਿੱਚ ਮੱਖੀ ਮੱਛਰ ਪੈਦਾ ਹੋ ਜਾਂਦੇ ਹਨ। ਪਿੰਡ ਮਟੌਰ ਵਿੱਚ ਰਹਿੰਦੇ ਅਕਾਲੀ ਦਲ ਦੇ ਕੌਂਸਲਰ ਹਰਪਾਲ ਸਿੰਘ ਚੰਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਅਤੇ ਨੇੜਲੇ ਮੁਹੱਲਿਆਂ ਵਿੱਚ ਚੌਕ ਚੌਰਾਹੇ ਤਲਾਬ ਵਿੱਚ ਤਬਦੀਲ ਹੋਏ ਨਜ਼ਰ ਆਏ। ਜਿਸ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਪੇਂਡੂ ਸੰਘਰਸ਼ ਕਮੇਟੀ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਮਟੌਰ ਦੇ ਕਈ ਘਰਾਂ ਵਿੱਚ ਸੀਵਰੇਜ ਦਾ ਓਵਰਫਲੋ ਹੋਇਆ ਗੰਦਾ ਪਾਦੀ ਅਤੇ ਮੀਂਹ ਦਾ ਪਾਣੀ ਵੜ ਗਿਆ ਅਤੇ ਪੂਰੇ ਇਲਾਕੇ ਵਿੱਚ ਬਦਬੂ ਫੈਲ ਗਈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਲੰਮੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ ਲੇਕਿਨ ਹੁਣ ਤੱਕ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਕੀਤਾ ਜਾ ਸਕਿਆ ਹੈ। ਇਸੇ ਤਰ੍ਹਾਂ ਸ਼ਹਿਰ ਵਿੱਚ ਬਣੇ ਵੱਖ-ਵੱਖ ਗੋਲ ਚੱਕਰਾਂ ਦੁਆਲੇ ਵੀ ਬਰਸਾਤੀ ਪਾਣੀ ਖੜਾ ਹੋ ਗਿਆ। ਅਸਲ ਵਿੱਚ ਪੂਰੇ ਸ਼ਹਿਰ ਵਿੱਚ ਹੀ ਰੋਡ ਗਲੀਆਂ ਦੀ ਸਫਾਈ ਨਾ ਹੋਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ, ਜਿਸ ਕਾਰਨ ਇਹ ਗੰਦਾ ਪਾਣੀ ਸੜਕਾਂ ਉਪਰ ਹੀ ਖੜਾ ਰਹਿੰਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਸ਼ਹਿਰ ਦੇ ਵੱਖ-ਵੱਖ ਪਾਰਕਾਂ ਵਿੱਚ ਅਤੇ ਗੋਲ ਚੱਕਰਾਂ ਦੁਆਲੇ ਖੜੇ ਬਰਸਾਤੀ ਪਾਣੀ ਨੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਸ਼ਹਿਰ ਵਾਸੀ ਸਵਾਲ ਕਰ ਰਹੇ ਹਨ ਕਿ ਅਜੇ ਤਾਂ ਬਰਸਾਤਾਂ ਦਾ ਸੀਜਨ ਸ਼ੁਰੂ ਵੀ ਨਹੀੱ ਹੋਇਆ, ਹੁਣੇ ਹੀ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਹੈ। ਆਉਣ ਵਾਲੇ ਬਰਸਾਤਾਂ ਦੇ ਸੀਜਨ ਦੌਰਾਨ ਤਾਂ ਸ਼ਹਿਰ ਵਿੱਚ ਹਰ ਪਾਸੇ ਗੰਦਾ ਪਾਣੀ ਹੀ ਨਜਰ ਆਵੇਗਾ। ਮੀਂਹ ਤੇ ਹਨੇਰੀ ਨਾਲ ਰੁੱਖ ਡਿਗਿਆ ਸਥਾਨਕ ਫੇਜ਼ 3ਬੀ1 ਵਿਚ ਬੀਤੀ ਰਾਤ ਆਏ ਮੀਂਹ ਅਤੇ ਤੇਜ ਹਨੇਰੀ ਕਾਰਨ ਇਕ ਰੁਖ ਟੁੱਟ ਕੇ ਸੜਕ ਉਪਰ ਡਿੱਗ ਪਿਆ। ਇਹ ਰੁੱਖ ਫੇਜ਼ 3ਬੀ1 ਦੇ ਸਰਕਾਰੀ ਸਕੂਲ ਵਿੱਚ ਲਗਿਆ ਹੋਇਆ ਸੀ, ਜੋ ਕਿ ਬੀਤੀ ਰਾਤ ਤੇਜ ਹਨੇਰੀ ਅਤੇ ਮੀੱਹ ਕਾਰਨ ਡਿੱਗ ਪਿਆ। ਫੇਜ਼-10 ਵਿਖੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਬੀਤੀ ਰਾਤ ਪਈ ਬਰਸਾਤ ਕਾਰਨ ਫੇਜ਼-10 ਵਿੱਚ ਹਰ ਪਾਸੇ ਹੀ ਪਾਣੀ ਹੀ ਪਾਣੀ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਸ੍ਰੀ ਹਰਦੀਪ ਸਿੰਘ ਸਰਾਓ ਨੇ ਕਿਹਾ ਕਿ ਅਜੇ ਤਾਂ ਬਰਸਾਤ ਨੇ ਸਿਰਫ ਆਪਣਾ ਟ੍ਰੇਲਰ ਹੀ ਵਿਖਾਇਆ ਹੈ, ਜਿਸ ਦੇ ਬਾਵਜੂਦ ਫੇਜ਼-10 ਵਿੱਚ ਸੜਕਾਂ ਉੱਪਰ 6-6 ਇੰਚ ਪਾਣੀ ਖੜਾ ਹੋ ਗਿਆ ਹੈ। ਇਸ ਬਰਸਾਤੀ ਪਾਣੀ ਦੀ ਕਿਸੇ ਪਾਸੇ ਵੀ ਨਿਕਾਸੀ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਅਸਲ ਵਿੱਚ ਇਸ ਇਲਾਕੇ ਵਿੱਚ ਰੋਡ ਗਲੀਆਂ ਦੀ ਲੰਮੇ ਸਮੇਂ ਤੋਂ ਸਫਾਈ ਨਹੀਂ ਕੀਤੀ ਗਈ। ਜਿਸ ਕਾਰਨ ਇਸ ਇਲਾਕੇ ਵਿੱਚ ਥੋੜਾ ਜਿਹਾ ਮੀਂਹ ਪੈਣ ਕਾਰਨ ਹੀ ਪਾਣੀ ਖੜ ਜਾਂਦਾ ਹੈ। ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਮੰਗ ਕੀਤੀ ਕਿ ਇਸ ਇਲਾਕੇ ਦੀਆਂ ਰੋਡ ਗਲੀਆਂ ਦੀ ਜਲਦੀ ਤੋੱ ਜਲਦੀ ਸਫਾਈ ਕਰਵਾਈ ਜਾਵੇ ਤਾਂ ਕਿ ਆਉਣ ਵਾਲੀਆਂ ਬਰਸਾਤਾਂ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਹੋ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ