ਜੇਲ੍ਹਾਂ ਵਿੱਚ ਜਾਂਚ ਮਗਰੋਂ ਐੱਚਆਈਵੀ ਤੇ ਹੈਪੇਟਾਈਟਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਵਿੱਚ ਜਾਂਚ ਸ਼ੁਰੂ

ਸਿਹਤਮੰਦ ਜੀਵਨ ਲਈ ਵਿਆਹ ਤੋਂ ਪਹਿਲਾਂ ਐੱਚਆਈਵੀ ਤੇ ਹੈਪੇਟਾਈਟਸ ਟੈੱਸਟ ਕਰਵਾਉਣ ਦੀ ਲੋੜ ’ਤੇ ਜ਼ੋਰ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁਹਾਲੀ ਤੋਂ ਜਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਨਬਜ਼-ਏ-ਪੰਜਾਬ, ਮੁਹਾਲੀ, 23 ਜਨਵਰੀ:
ਤੰਦਰੁਸਤ ਅਤੇ ਰੰਗਲਾ ਪੰਜਾਬ ਤਹਿਤ ਸੂਬਾ ਸਰਕਾਰ ਨੇ ਜੇਲ੍ਹਾਂ, ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਵਿੱਚ ਸਿਹਤ ਜਾਂਚ ਤੋਂ ਉਤਸ਼ਾਹਜਨਕ ਨਤੀਜੇ ਪ੍ਰਾਪਤ ਹੋਣ ਮਗਰੋਂ ਹੁਣ ਐੱਚਆਈਵੀ ਅਤੇ ਹੈਪੇਟਾਈਟਸ ‘ਬੀ’ ਅਤੇ ‘ਸੀ’ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਭਰ ਵਿੱਚ ਸਕਰੀਨਿੰਗ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੈਡੀਕਲ ਕਾਲਜ ਮੁਹਾਲੀ ਤੋਂ ਜਨ ਜਾਗਰੂਕਤਾ ਮੁਹਿੰਮ ਤਹਿਤ ਸੂਬੇ ਵਿੱਚ ਐੱਚਆਈਵੀ ਏਡਜ਼ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਐੱਚਆਈਵੀ, ਹੈਪੇਟਾਈਟਸ ‘ਬੀ’ ਅਤੇ ‘ਸੀ’ ਤੋਂ ਪੀੜਤ ਨੌਜਵਾਨਾਂ ਦੀ ਜਾਂਚ, ਇਲਾਜ ਅਤੇ ਕੌਂਸਲਿੰਗ ਲਈ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪਹਿਲੇ ਪੜਾਅ ਵਿੱਚ ਮੋਗਾ, ਮੁਕਤਸਰ, ਬਠਿੰਡਾ, ਫਰੀਦਕੋਟ ਅਤੇ ਫਿਰੋਜ਼ਪੁਰ ਨੂੰ ਕਵਰ ਕੀਤਾ ਜਾਵੇਗਾ।
ਸਿਹਤ ਮੰਤਰੀ ਨੇ ਵਿਆਹ ਤੋਂ ਪਹਿਲਾਂ ਐੱਚਆਈਵੀ, ਹੈਪੇਟਾਈਟਸ ‘ਬੀ’ ਅਤੇ ‘ਸੀ’ ਦੀ ਜਾਂਚ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਸੁਖਦ ਅਤੇ ਤੰਦਰੁਸਤ ਜ਼ਿੰਦਗੀ ਲਈ ਰਾਹ ਪੱਧਰਾ ਹੋਵੇਗਾ। ਇਸ ਲਈ ਕਿਸੇ ਨੂੰ ਵੀ ਆਪਣੀ ਬਿਮਾਰੀ ਨੂੰ ਛੁਪਾਉਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ਅਤੇ ਸਮਾਜ ਅਤੇ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਬੇ-ਝਿਜਕ ਟੈੱਸਟ ਕਰਵਾਉਣਾ ਚਾਹੀਦਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਏਡਜ਼ ਕੰਟਰੋਲ ਸੁਸਾਇਟੀ ਪੰਜਾਬ ਦੀ ਅਗਵਾਈ ਹੇਠ ਅਤੇ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਸੂਬੇ ਵਿੱਚ ਸਕਰੀਨਿੰਗ ਅਤੇ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਵੈਨਾਂ ਇੱਕ ਮਹੀਨੇ ਵਿੱਚ 750 ਪਿੰਡਾਂ ਨੂੰ ਕਵਰ ਕਰਨਗੀਆਂ। ਉਨ੍ਹਾਂ ਕਿਹਾ ਕਿ ਐਲਈਡੀ ਨਾਲ ਲੈਸ ਇਨ੍ਹਾਂ ਵੈਨਾਂ ਵਿੱਚ ਸਾਂਝੀਆਂ ਸਰਿੰਜਾਂ/ਅਸੁਰੱਖਿਅਤ ਜਿਨਸੀ ਸਬੰਧਾਂ ਦੀ ਮਨਾਹੀ ਬਾਰੇ ਜਾਗਰੂਕਤਾ ਫ਼ਿਲਮਾਂ ਦਿਖਾਏ ਜਾਣ ਤੋਂ ਇਲਾਵਾ ਨੁੱਕੜ ਨਾਟਕ ਖੇਡੇ ਜਾਣਗੇ। ਹਰੇਕ ਵੈਨ ਵਿੱਚ ਐੱਚਆਈਵੀ/ਏਡਜ਼ ਦੀ ਮੁਫ਼ਤ ਜਾਂਚ ਲਈ ਇੱਕ ਲੈਬ ਟੈਕਨੀਸ਼ੀਅਨ ਅਤੇ ਸਲਾਹਕਾਰ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਰੱਖਣ ਲਈ ਸਵੈ-ਇੱਛਾ ਨਾਲ ਅੱਗੇ ਆਉਣ ਅਤੇ ਐਚਆਈਵੀ\ਏਡਜ਼ ਦੀ ਲਾਗ ਤੋਂ ਬਚਾਅ ਲਈ ਟੈੱਸਟ ਕਰਵਾਉਣ। ਪੰਜਾਬ ਵਿੱਚ 62044 ਐਚਆਈਵੀ ਮਰੀਜ਼ ਏਆਰਟੀ (ਐਂਟੀ ਰੈਟਰੋਵਾਇਰਲ ਥਰੈਪੀ) ਸੈਂਟਰਾਂ ਨਾਲ ਰਜਿਸਟਰਡ ਹਨ ਅਤੇ ਐਚਆਈਵੀ ਦੀ ਜਾਂਚ ਅਤੇ ਰੋਕਥਾਮ ਲਈ 115 ਏਕੀਕ੍ਰਿਤ ਕੌਂਸਲਿੰਗ ਅਤੇ ਟੈਸਟਿੰਗ ਕੇਂਦਰ ਹਨ।
ਐਚਆਈਵੀ\ਏਡਜ਼ ਅਤੇ ਹੋਰ ਜਿਨਸੀ ਰੋਗਾਂ ਵਿਰੁੱਧ ਜੇਲ੍ਹ ਬੰਦੀਆਂ, ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਵਿੱਚ ਦਾਖ਼ਲ ਮਰੀਜ਼ਾਂ ਦੀ ਜਾਂਚ ਲਈ ਪਿਛਲੇ ਦਿਨਾਂ ਵਿੱਚ ਸ਼ੁਰੂ ਕੀਤੀ ਗਈ ਮੁਹਿੰਮ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਜਾਂਚ ਬਾਅਦ ਸਾਰੇ ਮਰੀਜ਼ਾਂ ਨੂੰ ਸਿਹਤਮੰਦ ਬਣਾਉਣ ਲਈ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀ ਸਿੱਖਿਆ ਅਤੇ ਸਿਹਤ ਪ੍ਰਤੀ ਚਿੰਤਤ ਹਨ। ਇਸੇ ਕਰਕੇ ਕੇਂਦਰ ਸਰਕਾਰ ਦੇ ਨਾ-ਮਿਲਵਰਤਨ ਦੇ ਬਾਵਜੂਦ ਪੰਜਾਬ ਵਿੱਚ ਜਨਤਕ ਖੇਤਰ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਸੂਬੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ 800 ਨੂੰ ਪਾਰ ਕਰ ਜਾਵੇਗੀ। ਇਸ ਮੌਕੇ ਵਿਭਾਗ ਦੇ ਵਿਸ਼ੇਸ਼ ਸਕੱਤਰ ਤੇ ਪ੍ਰਾਜੈਕਟ ਡਾਇਰੈਕਟਰ ਵਰਿੰਦਰ ਸ਼ਰਮਾ ਅਤੇ ਵਧੀਕ ਪ੍ਰਾਜੈਕਟ ਡਾਇਰੈਕਟਰ ਡਾ. ਬੌਬੀ ਗੁਲਾਟੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਪ੍ਰਮੁੱਖ ਸਕੱਤਰ ਦੇ ਭਰੋਸੇ ਮਗਰੋਂ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਮੁਲਤਵੀ

ਵੈਟਰਨਰੀ ਡਾਕਟਰਾਂ ਨੇ ਪ੍ਰਮੁੱਖ ਸਕੱਤਰ ਦੇ ਭਰੋਸੇ ਮਗਰੋਂ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਮੁਲਤਵੀ ਪ…