ਕਈ ਜਾਨਾਂ ਜਾਣ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਨੂੰ ਖੂਨੀ ਮੋੜ ਦਾ ਚੇਤਾ ਆਇਆ
ਡੀਸੀ ਵੱਲੋਂ ਐਸਡੀਐਮ ਨੂੰ ਗੁਰਦੁਆਰਾ ਸਾਹਿਬ ਸੜਕ ਨੂੰ ਚੌੜਾ ਕਰਨ ਦੇ ਆਦੇਸ਼
ਰੇਲਵੇ ਕਰਾਸਿੰਗ ਜੇਐਲਪੀਐਲ ਨੂੰ ਚੌੜਾ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਕੰਮ ਸ਼ੁਰੂ ਕਰਨ ’ਤੇ ਜ਼ੋਰ
ਸੈਮੀ-ਕੰਡਕਟਰ ਲਿਮਟਿਡ ਨੂੰ ਸਲਿੱਪ ਰੋਡ ਲਈ ਲੋੜੀਂਦੀ ਜ਼ਮੀਨ ਦਾ ਟੁਕੜਾ ਪ੍ਰਦਾਨ ਕਰਨ ਦੀ ਲਗਾਈ ਗੁਹਾਰ
ਨਬਜ਼-ਏ-ਪੰਜਾਬ, ਮੁਹਾਲੀ, 10 ਜਨਵਰੀ:
ਮੁਹਾਲੀ ਏਅਰਪੋਰਟ ਸੜਕ ’ਤੇ ਕਈ ਕੀਮਤੀ ਜਾਨਾਂ ਜਾਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਖੂਨੀ ਕੂਹਣੀ ਮੋੜ ਨੂੰ ਸਿੱਧਾ ਕਰਨ ਦਾ ਚੇਤਾ ਆਇਆ ਹੈ। ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਵੱਖ-ਵੱਖ ਵਿਭਾਗਾਂ ਨੂੰ ਟਰੈਫ਼ਿਕ ਵਿਵਸਥਾ ਹੋਰ ਖ਼ਰਾਬ ਹੋਣ ਤੋਂ ਪਹਿਲਾਂ ਜ਼ਮੀਨੀ ਪੱਧਰ ’ਤੇ ਠੋਸ ਕਦਮ ਚੁੱਕਣ ਲਈ ਕਿਹਾ ਹੈ। ਉਨ੍ਹਾਂ ਯੂਟੀ ਪ੍ਰਸ਼ਾਸਨ ਅਤੇ ਰੇਲਵੇ ਤੋਂ ਪ੍ਰਵਾਨਗੀ ਅਤੇ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਕੰਮ ਨੂੰ ਸਮਾਂ-ਸੀਮਾ ਤੈਅ ਕਰਕੇ ਪ੍ਰਮੁੱਖ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਐਸਡੀਐਮ ਦਮਨਦੀਪ ਕੌਰ ਨੂੰ ਕਿਹਾ ਕਿ ਗੁਰਦੁਆਰਾ ਸਾਹਿਬ ਸੜਕ ਨੂੰ ਨਿਯਮਤ ਰੂਪ ਵਿੱਚ ਚੌੜਾ ਕਰਨ ਅਤੇ ਇਸ ਨੂੰ ਬਦਲਣ ਲਈ ਮਸਲਾ ਹੱਲ ਕਰਵਾਉਣ ਲਈ ਚੰਡੀਗੜ੍ਹ ਨਾਲ ਰਾਬਤਾ ਰੱਖਣ। ਇਹ ਹਿੱਸਾ ਸੈਕਟਰ-48/65 ਤੋਂ ਦਾਰਾ ਸਟੂਡੀਓ ਤੱਕ ਕੰਮ ਨੂੰ ਪੂਰਾ ਕਰਨ ਵਿੱਚ ਰੁਕਾਵਟ ਬਣ ਰਹੀ ਹੈ।
ਗਮਾਡਾ ਅਤੇ ਟਰੈਫ਼ਿਕ ਪੁਲੀਸ ਨੂੰ ਗੁਰਦੁਆਰਾ ਮਾਤਾ ਸੁੰਦਰ ਕੌਰ ਸਾਹਿਬ ਨੇੜੇ ਤਿੱਖੇ ਮੋੜ ਨੂੰ ਹਟਾਉਣ ਦੀ ਤਜਵੀਜ਼ ਨੂੰ ਅਮਲੀ ਜਾਮਾ ਪਹਿਨਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪੀ.ਆਰ.7 ਰੋਡ ਐਨਐਚ-64 (ਛੱਤ ਲਾਈਟ ਪੁਆਇੰਟ) ਤੋਂ ਐਨਐਚ (ਗੋਪਾਲ ਸਵੀਟਸ) ਤੱਕ ਛੇਤੀ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੀਐਸਆਈਈਸੀ ਨਾਲ ਤਾਲਮੇਲ ਕਰਕੇ ਜੰਕਸ਼ਨ 72/73-74/75 (ਕੁਆਰਕ ਸਿਟੀ) ਅਤੇ ਜੰਕਸ਼ਨ 73/74 ਤੋਂ ਕੁਝ ਜ਼ਮੀਨ ਮੁਹੱਈਆ ਕਰਵਾਏਗਾ।
ਏਡੀਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਅਤੇ ਕਾਰਜਸਾਧਕ ਅਫ਼ਸਰ ਜ਼ੀਰਕਪੁਰ ਨੂੰ ਜ਼ੀਰਕਪੁਰ ਦੀ ਸੀਮਾ ਵਿੱਚ ਦਿਆਲਪੁਰਾ ਖੇਤਰ ਵਿੱਚ ਬਾਵਾ ਵਾਈਟ ਹਾਊਸ ਤੋਂ ਜ਼ੀਰਕਪੁਰ-ਪਟਿਆਲਾ (ਐਨਐਚ-64) ਹਾਈਵੇਅ ਨੂੰ ਜਲਦੀ ਮੁਕੰਮਲ ਕਰਨ, ਜ਼ਮੀਨ ਐਕਵਾਇਰ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਹਿੱਸੇ ਨੂੰ ਪੂਰਾ ਕਰਨ ਲਈ 20.64 ਏਕੜ ਜ਼ਮੀਨ ਦੀ ਲੋੜ ਹੈ। ਉਨ੍ਹਾਂ ਰੇਲਵੇ ਦੇ ਸੀਨੀਅਰ ਸਹਾਇਕ ਇੰਜੀਨੀਅਰ ਨੂੰ ਰੇਲਵੇ ਕਰਾਸਿੰਗ ਜੇਐਲਪੀਐਲ ਨੇੜੇ ਕੈਰੇਜ-ਵੇਅ ਦੀ ਚੌੜਾਈ, ਦੋਹਰੀ ਕੈਰੇਜ਼-ਵੇਅ ਬਣਾਉਣ ਦੇ ਪ੍ਰਸਤਾਵ ਨੂੰ ਅਮਲੀ ਰੂਪ ਦੇਣ ਵਿੱਚ ਸਹਾਇਤਾ ਕਰਨ ਦੀ ਗੁਹਾਰ ਲਗਾਈ ਹੈ। ਪਿੰਡ ਚਿੱਲਾ ਨੇੜੇ ਰੇਲਵੇ ਲਾਈਨ ਤੋਂ ਜੰਕਸ਼ਨ-75/76-90 ਉੱਤੇ ਰੇਲਵੇ ਅੰਡਰਪਾਸ ਦੋਹਰੀ ਆਵਾਜਾਈ ਲਈ ਅਤੇ ਰੇਲਵੇ ਲਾਈਨ ਦੇ ਨੇੜੇ ਜੰਕਸ਼ਨ-98/106-107 ਤੋਂ 100/104 ਤੱਕ ਰੇਲਵੇ ਅੰਡਰਪਾਸ ਲਈ ਸਹਾਇਤਾ ਕਰਨ ਲਈ ਕਿਹਾ।
ਡੀਸੀ ਨੇ ਪੇਂਡੂ ਵਿਕਾਸ ਵਿਭਾਗ ਨੂੰ ਹਦਾਇਤ ਕੀਤੀ ਕਿ ਸੈਕਟਰ-89/90 ਨੂੰ ਵੰਡਣ ਵਾਲੀ 8-ਮਾਰਗੀ ਦੋਹਰੀ ਕੈਰੇਜ਼-ਵੇਅ ਸੜਕ ਦੇ ਮੁਕੰਮਲ ਹੋਣ ਵਿੱਚ ਅੜਿੱਕਾ ਬਣ ਰਹੇ ਪਿੰਡ ਦੇ ਛੱਪੜ ਦਾ ਮੁੱਦਾ ਹੱਲ ਕੀਤਾ ਜਾਵੇ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਚੱਪੜਚਿੜੀ ਕਲਾਂ ਤੋਂ ਚੱਪੜਚਿੜੀ ਖ਼ੁਰਦ (ਲਾਂਡਰਾਂ-ਖਰੜ ਰੋਡ ਦਾ ਟਰੈਫ਼ਿਕ ਘੱਟ ਕਰਨ) ਨੂੰ ਅਪਗਰੇਡ ਕਰਨ ਅਤੇ ਭਬਾਤ-ਅਲੀਪੁਰ-ਨੰਡਿਆਲੀ-ਦਿਆਲਪੁਰਾ ਲਿੰਕ ਸੜਕ ਦੀ ਮੁਰੰਮਤ ਦੀ ਲੋੜ ਹੈ, ਲਈ ਪ੍ਰਸਤਾਵ ’ਤੇ ਤੁਰੰਤ ਕੰਮ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ।
ਮੀਟਿੰਗ ਵਿੱਚ ਏਡੀਸੀ ਵਿਰਾਜ ਐਸ ਤਿੜਕੇ, ਅਨਮੋਲ ਸਿੰਘ ਧਾਲੀਵਾਲ ਤੇ ਸ੍ਰੀਮਤੀ ਸੋਨਮ ਚੌਧਰੀ, ਨਗਰ ਨਿਗਮ ਕਮਿਸ਼ਨਰ ਟੀ ਬੈਨੀਥ, ਐਸ ਡੀ ਐਮਜ਼ ਦਮਨਦੀਪ ਕੌਰ ਮੁਹਾਲੀ ਅਤੇ ਗੁਰਮੰਦਰ ਸਿੰਘ ਖਰੜ, ਸਹਾਇਕ ਕਮਿਸ਼ਨਰ ਐਮ ਸੀ ਮੁਹਾਲੀ ਦੀਪਾਂਕਰ ਗਰਗ, ਡੀਐਸਪੀ ਟਰੈਫਿਕ ਕਰਨੈਲ ਸਿੰਘ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਐਚਐਸ ਭੁੱਲਰ ਅਤੇ ਸ਼ਿਵਪ੍ਰੀਤ ਸਿੰਘ, ਗਮਾਡਾ ਤੋਂ ਐਸ.ਈ ਨਿਤਿਨ ਕੰਬੋਜ ਅਤੇ ਟਾਊਨ ਪਲਾਨਿੰਗ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।