ਹਾਈ ਕੋਰਟ ਦੀ ਸਖ਼ਤੀ ਤੋਂ ਬਾਅਦ ਨਗਰ ਨਿਗਮ ਨੂੰ ਟੋਭੇ ਦੀ ਸਫ਼ਾਈ ਦਾ ਚੇਤਾ ਆਇਆ

ਸੰਯੁਕਤ ਕਮਿਸ਼ਨਰ ਕਿਰਨ ਸ਼ਰਮਾ ਦੀ ਨਿਗਰਾਨੀ ’ਚ ਆਰੰਭਿਆ ਟੋਭੇ ਦੀ ਸਫ਼ਾਈ ਦਾ ਕੰਮ

ਨਬਜ਼-ਏ-ਪੰਜਾਬ, ਮੁਹਾਲੀ, 30 ਅਗਸਤ:
ਮੁਹਾਲੀ ਨਗਰ ਨਿਗਮ ਨੇ ਆਖ਼ਰਕਾਰ ਹਾਈ ਕੋਰਟ ਦੀ ਸਖ਼ਤੀ ਤੋਂ ਬਾਅਦ ਇੱਥੋਂ ਦੇ ਇਤਿਹਾਸਕ ਪਿੰਡ ਸੋਹਾਣਾ ਦੇ ਟੋਭੇ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਦੋਂਕਿ ਇਸ ਤੋਂ ਪਹਿਲਾਂ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਨੇ ਇਸ ਦਿਸ਼ਾ ਵਿੱਚ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਇਹੀ ਨਹੀਂ ਮੌਜੂਦਾ ਆਪ ਸਰਕਾਰ ਨੇ ਵੀ ਸੋਹਾਣਾ ਨੂੰ ਅਣਗੌਲਿਆ ਕੀਤਾ ਹੋਇਆ ਹੈ। ਜਿਸ ਕਾਰਨ ਦਵਿੰਦਰ ਸਿੰਘ ਅਤੇ ਹੋਰਨਾਂ ਲੋਕਾਂ ਨੂੰ ਉੱਚ ਅਦਾਲਤ ਦਾ ਬੂਹਾ ਖੜਕਾਉਣ ਲਈ ਮਜਬੂਰ ਹੋਣਾ ਪਿਆ। ਹਾਈ ਕੋਰਟ ਨੇ ਨਿਗਮ ਕਮਿਸ਼ਨਰ ਨੂੰ 6 ਸਤੰਬਰ ਨੂੰ ਸੁਣਵਾਈ ਮੌਕੇ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਹਾਈ ਕੋਰਟ ਦੇ ਸਖ਼ਤ ਰੁੱਖ ਨੂੰ ਦੇਖਦਿਆਂ ਅੱਜ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਕਿਰਨ ਸ਼ਰਮਾ, ਅਸਿਸਟੈਂਟ ਕਮਿਸ਼ਨਰ ਮਨਪ੍ਰੀਤ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਜੇਸੀਬੀ ਮਸ਼ੀਨ ਰਾਹੀਂ ਪਿੰਡ ਸੋਹਾਣਾ ਦੇ ਟੋਭੇ ਦੀ ਸਫ਼ਾਈ ਅਤੇ ਆਲੇ-ਦੁਆਲੇ ਝਾੜੀਆਂ ਕੱਟਣ ਦਾ ਕੰਮ ਸ਼ੁਰੂ ਕੀਤਾ ਗਿਆ।
ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਨਛੱਤਰ ਸਿੰਘ ਬੈਦਵਾਨ ਨੇ ਨਗਰ ਨਿਗਮ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਟੋਭੇ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੀ ਚਾਰਦੀਵਾਰੀ ਕਰਵਾਈ ਜਾਵੇ ਅਤੇ ਟੋਭੇ ਨੇੜਲੀ ਗਲੀ ’ਤੇ ਹੋਏ ਕਥਿਤ ਨਾਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ। ਉਨ੍ਹਾਂ ਮੰਗ ਕੀਤੀ ਕਿ ਟੋਭੇ ਦੇ ਆਲੇ ਦੁਆਲੇ ਵਾਲੀ ਜ਼ਮੀਨ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇ ਅਤੇ ਗਲੀ ਨੂੰ ਨਵੇਂ ਸਿਰਿਓਂ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਟੋਭੇ ਦੀ ਸਫ਼ਾਈ ਨਾ ਕਰਵਾਏ ਜਾਣ ਕਾਰਨ ਪਿੰਡ ਵਾਸੀਆਂ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਦੀ ਸੁਣਵਾਈ 6 ਸਤੰਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਉੱਚ ਅਦਾਲਤ ਦੀ ਝਾੜ-ਝੰਬ ਤੋਂ ਬਚਨ ਲਈ ਨਗਰ ਨਿਗਮ ਨੇ ਟੋਭੇ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਵੀ ਉਕਤ ਮਾਮਲੇ ਵਿੱਚ ਮੀਡੀਆ ਵਿੱਚ ਉਛਾਲਿਆ ਸੀ ਅਤੇ ਨਗਰ ਨਿਗਮ ’ਤੇ ਅਣਦੇਖੀ ਦਾ ਦੋਸ਼ ਲਾਇਆ ਸੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …