
ਗਰਮੀ ਦੀਆਂ ਛੁੱਟੀਆਂ ਖ਼ਤਮ ਹੋਣ ’ਤੇ ਸਰਕਾਰੀ ਸਕੂਲਾਂ ਵਿੱਚ ਲਾਏ ਜਾਣਗੇ ‘ਸਮਰ ਕੈਂਪ’: ਡਾ. ਗਿੰਨੀ ਦੁੱਗਲ
3 ਜੁਲਾਈ ਤੋਂ 15 ਜੁਲਾਈ ਤੱਕ ਸਮਰ ਕੈਂਪਾਂ ਵਿੱਚ ਹੋਣਗੀਆਂ ਸਿੱਖਿਆਦਾਇਕ ਗਤੀਵਿਧੀਆਂ
ਨਬਜ਼-ਏ-ਪੰਜਾਬ, ਮੁਹਾਲੀ, 1 ਜੁਲਾਈ:
ਜ਼ਿਲ੍ਹਾ ਮੁਹਾਲੀ ਦੇ ਸਰਕਾਰੀ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਖ਼ਤਮ ਹੋਣ ’ਤੇ ਤਿੰਨ ਜੁਲਾਈ ਤੋਂ ਸਮਰ ਕੈਂਪ ਲਗਾਏ ਜਾਣਗੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਤਿੰਨ ਜੁਲਾਈ ਤੋਂ 15 ਜੁਲਾਈ ਤੱਕ ‘ਸਮਰ ਕੈਂਪ’ ਲਗਾਏ ਜਾਣਗੇ। ਇਹ ਸਮਰ ਕੈਂਪ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਸਵੇਰੇ 8 ਤੋਂ ਸਾਢੇ 11 ਤੱਕ ਹੋਣਗੇ। ਜਿਸ ਵਿੱਚ ਵਿਦਿਆਰਥੀਆਂ ਨੂੰ ਰੋਜ਼ਾਨਾ ਗਤੀਵਿਧੀਆਂ ’ਤੇ ਆਧਾਰਿਤ ਸਿੱਖਿਆ ਦਿੱਤੀ ਜਾਵੇਗੀ ਜੋ ਕਿ ਮੁੱਖ ਦਫ਼ਤਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਮੂਹ ਬਲਾਕ ਨੋਡਲ ਅਫ਼ਸਰ, ਪ੍ਰਿੰਸੀਪਲਾਂ ਅਤੇ ਸਕੂਲ ਮੁਖੀਆਂ ਨਾਲ ਆਨਲਾਈਨ ਵਿਧੀ ਰਾਹੀਂ ਕੀਤੀ ਮੀਟਿੰਗ ਵਿੱਚ ਹਦਾਇਤਾਂ ਜਾਰੀ ਕੀਤੀਆਂ ਕਿ ਹਰੇਕ ਸਰਕਾਰੀ ਸਕੂਲ ਵਿੱਚ ਸਮਰ ਕੈਂਪ ਦੀਆਂ ਤਿਆਰੀਆਂ ਬਾਰੇ ਯੋਜਨਾਵਾਂ ਬਣਾਉਣ ਅਤੇ ਸਮਰ ਕੈਂਪ ਬਾਰੇ ਮਾਪਿਆਂ ਤੱਕ ਸੁਨੇਹਾ ਪਹੁੰਚਾਉਣ ਅਤੇ ਸਮਰ ਕੈਂਪ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।
ਉਨ੍ਹਾਂ ਦੱਸਿਆ ਕਿ ਛੁੱਟੀਆਂ ਖ਼ਤਮ ਹੋ ਰਹੀਆਂ ਹਨ। ਇਸ ਲਈ ਸਕੂਲਾਂ ਦੀ ਸਾਫ਼-ਸਫ਼ਾਈ ਦਾ ਕੰਮ ਪਹਿਲਾਂ ਹੀ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਸਕੂਲ ਖੁੱਲ੍ਹਦੇ ਹੀ ਸਮਰ ਕੈਂਪਾਂ ਅਤੇ ਪੜ੍ਹਾਈ ਦੌਰਾਨ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਡਿਪਟੀ ਡੀਈਓ ਅੰਗਰੇਜ਼ ਸਿੰਘ ਨੇ ਵੀ ਸਮਰ ਕੈਂਪਾਂ ਦੇ ਆਯੋਜਨ ਬਾਰੇ ਜਾਣਕਾਰੀ ਸਾਂਝੀ ਕੀਤੀ। ਮੀਟਿੰਗ ਵਿੱਚ ਪ੍ਰਿੰਸੀਪਲ ਹਰਿੰਦਰ ਕੌਰ, ਸੁਹਿੰਦਰ ਕੌਰ, ਬੰਦਨਾ ਪੁਰੀ, ਮੁਹੰਮਦ ਸ਼ਰੀਫ਼, ਸੰਤੋਸ਼ ਗੱਖੜ, ਨਵਜੋਤ ਕੌਰ, ਬਲਵਿੰਦਰ ਸਿੰਘ, ਗੁਰਵਿੰਦਰ ਕੌਰ ਅਤੇ ਸੰਜੀਵ ਕੁਮਾਰ ਸਮੇਤ ਸਮੂਹ ਪ੍ਰਿੰਸੀਪਲ ਅਤੇ ਸਕੂਲ ਮੁਖੀਆਂ ਨੇ ਭਾਗ ਲਿਆ।