ਅਧਿਕਾਰੀਆਂ ਦੇ ਲਿਖਤੀ ਭਰੋਸੇ ਮਗਰੋਂ ਜਲ ਸਪਲਾਈ ਵਿਭਾਗ ਦੇ ਇੰਜੀਨੀਅਰਾਂ ਨੇ ਧਰਨਾ ਚੁੱਕਿਆ

ਨਬਜ਼-ਏ-ਪੰਜਾਬ, ਮੁਹਾਲੀ, 31 ਜਨਵਰੀ:
ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜੀਨੀਅਰਾਂ ਵੱਲੋਂ ਮੁਹਾਲੀ ਦੇ ਫੇਜ਼-2 ਸਥਿਤ ਚੰਡੀਗੜ੍ਹ ਸਰਕਲ ਦੇ ਬਾਹਰ ਸ਼ੁਰੂ ਕੀਤਾ ਲੜੀਵਾਰ ਧਰਨਾ ਅੱਜ ਖ਼ਤਮ ਹੋ ਗਿਆ। ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਜਲਦੀ ਮੰਗਾਂ ਮੰਨਣ ਦਾ ਲਿਖਤੀ ਭਰੋਸਾ ਦੇਣ ਤੋਂ ਬਾਅਦ ਇੰਜੀਨੀਅਰਾਂ ਨੇ ਫਿਲਹਾਲ ਕੁਝ ਸਮੇਂ ਲਈ ਧਰਨਾ ਮੁਲਤਵੀ ਕਰਨ ਦਾ ਐਲਾਨ ਕੀਤਾ।
ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਚੰਡੀਗੜ੍ਹ ਜ਼ੋਨ ਦੇ ਪ੍ਰਧਾਨ ਇੰਜੀਨੀਅਰ ਦੀਪਾਂਸ਼ ਗੁਪਤਾ ਨੇ ਦੱਸਿਆ ਕਿ ਪ੍ਰਮੁੱਖ ਸਕੱਤਰ ਨੂੰ ਜਥੇਬੰਦੀ ਦੀਆਂ ਜਾਇਜ਼ ਮੰਗਾਂ ਅਤੇ ਪਿਛਲੇ ਸਮੇਂ ਵਿੱਚ ਵਿਭਾਗ ਦੇ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਹੋਈਆਂ ਸਕਾਰਾਤਮਿਕ ਗੱਲਾਂ ਨੂੰ ਦਰਸਾਉਂਦਾ ਇੱਕ ਮੰਗ ਪੱਤਰ ਨਿਗਰਾਨ ਇੰਜੀਨੀਅਰ ਰਾਹੀਂ ਸਰਕਾਰ ਨੂੰ ਭੇਜਿਆ ਗਿਆ। ਜਥੇਬੰਦੀ ਦੇ ਜਨਰਲ ਸਕੱਤਰ ਇੰਜੀਨੀਅਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਮੁੱਖ ਇੰਜੀਨੀਅਰ (ਸੈਂਟਰਲ) ਨੇ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ ਹੈ ਕਿ ਉਪ ਮੰਡਲ ਇੰਜੀਨੀਅਰ ਦੀ ਪਦ-ਉੱਨਤੀ ਦੇ ਕੇਸ ਲਈ ਫਰਵਰੀ ਵਿੱਚ ਡੀਪੀਸੀ ਕਰਾਉਣ ਦੇ ਉਪਰਾਲੇ ਕੀਤੇ ਜਾਣਗੇ ਅਤੇ ਬਾਕੀ ਹੋਰ ਲੰਬਿਤ ਜਾਇਜ਼ ਮੰਗਾਂ ਵਿਭਾਗੀ ਮੁਖੀ ਦੇ ਟਰੇਨਿੰਗ ਤੋਂ ਵਾਪਸ ਆਉਣ ਉਪਰੰਤ ਦ੍ਰਿੜਤਾ ਨਾਲ ਹੱਲ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀ ਦੇ ਲਿਖਤੀ ਭਰੋਸੇ ਮਗਰੋਂ ਫਿਲਹਾਲ ਇੰਜੀਨੀਅਰਾਂ ਨੇ ਪਿਛਲੇ 3 ਦਿਨਾਂ ਤੋਂ ਚੱਲ ਰਿਹਾ ਸ਼ਾਂਤਮਈ ਧਰਨਾ 20 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਹੈ। ਜ਼ੋਨ ਦੇ ਵਿੱਤ ਸਕੱਤਰ ਇੰਜ. ਗਗਨਦੀਪ ਸਿੰਘ ਨੇ ਦੱਸਿਆ ਕਿ ਸੂਬਾ ਕਮੇਟੀ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਜੇਕਰ ਇਸ ਦੌਰਾਨ ਪੰਜਾਬ ਸਰਕਾਰ ਜਾਂ ਵਿਭਾਗ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਉੱਚ ਅਧਿਕਾਰੀਆਂ ਵਿਰੁੱਧ ਦੁਬਾਰਾ ਲੜੀਵਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਬੁਲਾਰਿਆਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਦਸੰਬਰ 2023 ਵਿੱਚ ਪੱਤਰ ਜਾਰੀ ਕਰਕੇ ਹਰੇਕ ਵਿਭਾਗ ਨੂੰ 2 ਮਹੀਨਿਆਂ ਵਿੱਚ ਵਿਭਾਗੀ ਤਰੱਕੀਆਂ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਪ੍ਰੰਤੂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਅਜੇ ਤੱਕ ਤਰੱਕੀਆਂ ਨਹੀਂ ਕੀਤੀਆਂ ਹਨ। ਇਸ ਮੌਕੇ ਉਪ ਮੰਡਲ ਇੰਜੀਨੀਅਰ ਰਜਿੰਦਰ ਸਚਦੇਵਾ, ਇੰਜ. ਅੰਮ੍ਰਿਤਪਾਲ, ਕੁਲਦੀਪ ਸਿੰਘ, ਯਾਦਵਿੰਦਰ ਧਨੋਆ, ਸੁਖਵਿੰਦਰ ਸਿੰਘ, ਕੰਵਰਪਾਲ, ਜਸਵਿੰਦਰ ਸਿੰਘ, ਗੁਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਹਰਦੀਪ ਸਿੰਘ ਅਤੇ ਹੋਰ ਸਾਥੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ ਮੁਲਜ਼ਮਾਂ ਨੇ ਕੁਲਹਾੜੀ …