
ਭਾਜਪਾ ਕੌਂਸਲਰ ਸੈਹਬੀ ਆਨੰਦ ਵੱਲੋਂ ਮੁਹਾਲੀ ਵਿੱਚ ਭਰੂਣ ਹੱਤਿਆ ਵਿਰੁੱਧ ਲਾਮਬੰਦ ਹੋਣ ਦਾ ਹੋਕਾ
ਫੇਜ਼-7 ਦੇ ਵਾਰਡ ਨੰਬਰ-20 ਵਿੱਚ ਨਵ-ਜੰਮੀਆਂ ਧੀਆਂ ਨੂੰ 5100 ਰੁਪਏ ਸ਼ਗਨ ਦੇਣ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਦਸੰਬਰ:
ਦੇਸ਼ ਭਰ ਵਿੱਚ ਆਏ ਦਿਨ ਭਰੂਣ ਹੱਤਿਆ ਦੇ ਖ਼ਿਲਾਫ਼ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਬਿਆਨਬਾਜ਼ੀ ਤਾਂ ਬਹੁਤ ਹੁੰਦੀ ਹੈ ਪ੍ਰੰਤੂ ਇਹ ਵੀ ਇੱਕ ਅਟੱਲ ਸੱਚਾਈ ਹੈ ਕਿ ਇਸ ਸਮੱਸਿਆ ਦੇ ਮੂਲ ਕਾਰਨਾਂ ਨੂੰ ਸਮਝੇ ਬਿਨਾਂ ਇਸ ਦਾ ਅਤਿ ਨਿੰਦਣਯੋਗ ਕੁਰੀਤੀ ਦਾ ਖਾਤਮਾ ਨਹੀਂ ਕੀਤਾ ਜਾ ਸਕਦਾ ਹੈ। ਇਸ ਸਬੰਸੀ ਇੱਥੋਂ ਦੇ ਫੇਜ਼-7 ਸਥਿਤ ਵਾਰਡ ਨੰਬਰ-20 ਤੋਂ ਭਾਜਪਾ ਦੇ ਯੁਵਾ ਕੌਂਸਲਰ ਸੈਹਬੀ ਆਨੰਦ ਨੇ ਭਰੂਣ ਹੱਤਿਆ ਦੇ ਖ਼ਿਲਾਫ਼ ਉਸਾਰੂ ਮੁਹਿੰਮ ਚਲਾਉਣ ਦਾ ਸੰਕਲਪ ਲੈਂਦਿਆਂ ਆਪਣੇ ਵਾਰਡ ਵਿੱਚ ਨਵ-ਜੰਮੀਆਂ ਧੀਆਂ ਨੂੰ 5100 ਰੁਪਏ ਸ਼ਗਨ ਦੇਣ ਦਾ ਐਲਾਨ ਕੀਤਾ ਹੈ। ਸੈਹਬੀ ਨੇ ਕਿਹਾ ਕਿ ਵਾਰਡ ਨੰਬਰ-20 ਦੇ ਕਿਸੇ ਵੀ ਘਰ ਬੱਚੀ ਦੇ ਜਨਮ ਮੌਕੇ ਉਸ ਦੇ ਨਾਂ ਉੱਤੇ 5100 ਰੁਪਏ ਦੀ ਐਫ਼ਡੀ ਕਰਵਾਈ ਜਾਵੇਗੀ।
ਇਸ ਸਬੰਧੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਸੈਹਬੀ ਵੱਲੋਂ ਘਰ ਘਰ ਵੰਡੇ ਜਾਣ ਵਾਲਾ ਪਰਚਾ ਵੀ ਜਾਰੀ ਕਰਦਿਆਂ ਆਪਣੇ ਹੋਣਹਾਰ ਸ਼ਗੀਰਦ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੇਟੀਆਂ ਘਰ ਦੀ ਰੌਣਕ ਹਨ। ਉਨ੍ਹਾਂ ਕਿਹਾ ਕਿ ਬੇਟੀਆਂ ਨੂੰ ਲੜਕਿਆਂ ਤੋਂ ਵੱਧ ਸਤਿਕਾਰ ਅਤੇ ਬਰਾਬਰੀ ਦੇ ਹੱਕ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਧਾਰਨਾ ਬਣਾਉਣ ਤੋਂ ਬਿਨਾਂ ਭਰੂਣ ਹੱਤਿਆ ਦਾ ਖਾਤਮਾ ਸੰਭਵ ਨਹੀਂ ਹੈ। ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ ਵੀ ਹਾਜ਼ਰ ਸਨ। ਉਨ੍ਹਾਂ ਨੇ ਵੀ ਯੁਵਾ ਆਗੂ ਦੇ ਇਸ ਉਦਮ ਦੀ ਭਰਵੀਂ ਸ਼ਲਾਘਾ ਕਰਦਿਆਂ ਹੋਰਨਾਂ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਅੱਗੇ ਆਉਣ ਦਾ ਸੱਦਾ ਦਿੱਤਾ ਹੈ।
ਸ੍ਰੀ ਸੈਹਬੀ ਆਨੰਦ ਦਾ ਕਹਿਣਾ ਹੈ ਕਿ ਭਰੂਣ ਹੱਤਿਆ ਦੇ ਮੁੱਖ ਕਾਰਣ ਸਮਾਜਿਕ ਅਤੇ ਆਰਥਿਕ ਹਨ ਅਤੇ ਲੋਕਾਂ ਵੱਲੋਂ ਇਸੇ ਕਰਕੇ ਲੜਕੀ ਦੇ ਜਨਮ ਤੋਂ ਪਹਿਲਾਂ ਹੀ ਉਸ ਨੂੰ ਖਤਮ ਕਰਨ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਲੜਕੀ ਉਨ੍ਹਾਂ ਉਪਰ ਬੋਝ ਬਣ ਜਾਵੇਗੀ ਇਸ ਲਈ ਅੱਜ ਲੋੜ ਹੈ ਕਿ ਲੜਕੀਆਂ ਨੂੰ ਚੰਗੀ ਸਿੱਖਿਆਂ ਅਤੇ ਪਾਲਣ ਪੋੈਣ ਦੇ ਕੇ ਆਪਣੇ ਪੈਰਾਂ ਤੇ ਖੜ੍ਹਾ ਕਰਨ ਦੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਹ ਵੀ ਸੋਚ ਹੁੰਦੀ ਹੈ ਕਿ ਜੇਕਰ ਲੜਕੀ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜ੍ਹੀ ਹੋ ਗਈ ਤਾਂ ਵੀ ਉਸ ਦਾ ਫਾਇਦਾ ਤਾਂ ਸਹੁਰੇ ਪਰਿਵਾਰ ਨੂੰ ਹੀ ਮਿਲਣਾ ਹੈ ਜਦੋਂਕਿ ਅਸਲੀਅਤ ਇਹ ਹੈ ਕਿ ਲੜਕੀਆਂ ਆਪਣੇ ਮਾਪਿਆ ਤੋਂ ਪੁਤਰਾਂ ਤੋਂ ਵੀ ਵੱਧ ਧਿਆਨ ਰੱਖਦੀਆਂ ਹਨ।
ਸ੍ਰੀ ਸੈਹਬੀ ਜਿਹੜੇ ਪੰਜਾਬ ਦੇ ਪਹਿਲੇ ਅਜਿਹੇ ਕੌਂਸਲਰ ਹਨ ਜਿਨ੍ਹਾਂ ਵੱਲੋਂ ਆਪਣੇ ਪੱਲਿਓਂ ਆਪਣੇ ਵਾਰਡ ਵਿੱਚ ਪੈਦਾ ਹੋਣ ਵਾਲੀਆਂ ਬੱਚੀਆਂ ਵਾਸਤੇ ਐਫ਼ਡੀਕਰਵਾਉਣ ਦਾ ਅਮਲ ਆਰੰਭਿਆ ਗਿਆ ਹੈ, ਕਹਿੰਦੇ ਹਨ ਕਿ ਜੇਕਰ ਸਰਕਾਰ ਵੱਲੋਂ ਲੜਕੀ ਦੇ ਪਾਲਣ ਅਤੇ ਸਿੱਖਿਆ ਆਦਿ ਤੇ ਹੋਣ ਵਾਲੇ ਖਰਚੇ ਦੀ ਜ਼ਿੰਮੇਵਾਰੀ ਲੈ ਲਈ ਜਾਵੇ ਤਾਂ ਭਰੂਣ ਹੱਤਿਆਂ ਦੀ ਇਸ ਲਾਹਨਤ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਇਹ ਛੋਟਾ ਉਪਰਾਲਾ ਆਰੰਭ ਕੀਤਾ ਗਿਆ ਹੈ ਅਤੇ ਉਹ ਚਾਹੁੰਦੇ ਹਨ ਕਿ ਹੋਰ ਸਮਰਥ ਵਿਅਕਤੀ ਵੀ ਇਸ ਸਬੰਧੀ ਅੱਗੇ ਆਉਣ ਤਾਂ ਜੋ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ।