ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਸਾਂਝਾ ਅਧਿਆਪਕ ਮੋਰਚਾ ਨੇ ਸਿੱਖਿਆ ਭਵਨ ਦਾ ਘਿਰਾਓ

800 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੈਸਲਾ ਵਾਪਸ ਲੈਣ ਅਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਉਭਾਰੀ ਮੰਗ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਨਵੰਬਰ:
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਨੂੰ ਬਹਾਨਾ ਬਣਾ ਕੇ 800 ਪ੍ਰਾਇਮਰੀ ਸਕੂਲ ਬੰਦ ਕਰਨ ਦੇ ਕੀਤੇ ਫੈਸਲੇ ਅਤੇ ਠੇਕਾ ਅਧਾਰਿਤ ਤੇ ਸੁਸਾਇਟੀਆਂ ਅਧੀਨ ਅਧਿਆਪਕਾਂ ਨੂੰ ਰੈਗੂਲਰ ਕਰਨ ਵਿੱਚ ਕੀਤੀ ਜਾ ਰਹੀ ਦੇਰੀ ਖਿਲਾਫ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਹਜਾਰਾਂ ਅਧਿਆਪਕਾਂ ਨੇ ਮੁੱਖ ਸਿੱਖਿਆ ਦਫਤਰਾਂ ਅੱਗੇ ਸਰਕਾਰ ਅਤੇ ਸਿੱਖਿਆ ਅਧਿਕਾਰੀਆਂ ਦੀਆਂ ਨਿੱਜੀਕਰਨ ਪੱਖੀ ਨੀਤੀਆਂ ਵਿਰੁੱਧ ਰੋਹ ਭਰਪੂਰ ਪ੍ਰਦਰਸ਼ਨ ਕੀਤਾ।
ਇਸ ਮੌਕੇ ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਅਧਿਆਪਕ ਮੋਰਚੇ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਵੜੈਚ, ਸੁਖਵਿੰਦਰ ਸਿੰਘ ਚਾਹਲ, ਬਲਕਾਰ ਵਲਟੋਹਾ ਅਤੇ ਚਮਕੌਰ ਸਿੰਘ ਅਤੇ ਸੁਰਜੀਤ ਸਿੰਘ ਮੁਹਾਲੀ ਨੇ ਦੱਸਿਆ ਕਿ ਸਰਕਾਰ ਵੱਲੋਂ ਨਿੱਜੀਕਰਨ ਪੱਖੀ ਨਵੀਂ ਆਰਥਿਕ ਨੀਤੀ ਨੂੰ ਲਾਗੂ ਕਰਦਿਆਂ ਲੋਕ ਭਲਾਈ ਦੇ ਸਾਰੇ ਸਰਕਾਰੀ ਵਿਭਾਗ ਤੋੜਨ ਦੀ ਚਾਲ ਤਹਿਤ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਲੰਬਾਂ ਸਮਾਂ ਖਾਲੀ ਰੱਖਣ, ਸਹੂਲਤਾਂ ਦੀ ਤੋਟ ਝੱਲਦੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਵਿਸਾਰਨ ਅਤੇ ਸਰਕਾਰੀ ਨਾਕਾਮੀਆਂ ਨੂੰ ਲੁਕਾਉਣ ਲਈ ਸਕੂਲਾਂ ਤੇ ਅਧਿਆਪਕਾਂ ਨੂੰ ਬਦਨਾਮ ਕਰਨ ਦੇ ਰਾਹ ਪਿਆ ਜਾ ਰਿਹਾ ਹੈ।
ਆਗੂਆਂ ਦੋਸ਼ ਲਾਇਆ ਕੇ ਸਿੱਖਿਆ ਵਿਰੋਧੀ ਭਾਵਨਾ ਤਹਿਤ 800 ਪ੍ਰਾਇਮਰੀ ਸਕੂਲਾਂ ਨੂੰ ਵਿਦਿਆਰਥੀਆਂ ਦੀ ਘੱਟ ਗਿਣਤੀ ਬਹਾਨੇ ਬੰਦ ਕਰਨ ਦਾ ਫੈਸਲਾ ਕਰਦਿਆਂ ਵਿਦਿਆਰਥੀਆਂ ਤੋਂ ਸਿੱਖਿਆ ਦਾ ਅਧਿਕਾਰ ਅਤੇ ਮਿਡ ਡੇ ਮੀਲ ਕੁੱਕ ਵਰਕਰਾਂ ਤੋਂ ਉਨ੍ਹਾਂ ਦਾ ਰੁਜਗਾਰ ਵੀ ਖੋਹਿਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਸਕੂਲ ਬੰਦ ਕਰਨ ਦਾ ਫੈਸਲਾ ਤੁਰੰਤ ਰੱਦ ਕਰਨ ਅਤੇ ਕੱਚੇ ਅਧਿਆਪਕਾਂ ਸਮੇਤ ਐਸ.ਐਸ.ਏ, ਰਮਸਾ, ਸੀ.ਐਸ.ਐਸ, ਮਾਡਲ ਆਦਰਸ਼ ਸਕੂਲ, 5178 ਮਾਸਟਰ ਕਾਡਰ, ਏ.ਆਈ.ਈ, ਐਸ.ਟੀ.ਆਰ, ਈ.ਜੀ.ਐਸ, ਆਈ.ਈ.ਵੀ, ਆਈ.ਈ.ਆਰ.ਟੀ, 3442/7654 ਓ.ਡੀ.ਐਲ, ਸਿੱਖਿਆ ਪਰੋਵਾਇਡਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਅਤੇ ਪਿਕਟਸ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ਦੀ ਵਿਭਾਗੀ ਮਰਜਿੰਗ ਤੁਰੰਤ ਕਰਨ ਦੀ ਪੁਰਜੋਰ ਮੰਗ ਵੀ ਕੀਤੀ।
ਆਗੂਆਂ ਨੇ ਕਿਹਾ ਕੇ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਸਮੂਹ ਵਲੰਟੀਅਰ ਅਧਿਆਪਕਾਂ ਨੂੰ ਪ੍ਰੀ ਨਰਸਰੀ ਜਮਾਤਾਂ ਦੀ ਜਿੰਮੇਵਾਰੀ ਦੇਣ ਅਤੇ ਉਨ੍ਹਾਂ ਲਈ ਰੈਗੂਲਰ ਅਸਾਮੀ ਬਣਾਉਣ ਸਬੰਧੀ ਜਲਦ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਪ੍ਰੀ ਨਰਸਰੀ ਜਮਾਤਾਂ ਨੂੰ ਠੀਕ ਢੰਗ ਨਾਲ ਚਲਾਉਣ ਲਈ ਲੋੜੀਂਦੇ ਅਧਿਆਪਕ ਅਤੇ ਸਹਾਇਕ ਅਮਲੇ ਦਾ ਪ੍ਰੰਬਧ ਤੁਰੰਤ ਕੀਤਾ ਜਾਵੇ। ਰੈਲੀ ਉਪਰੰਤ ਧਰਨਾ ਦੇ ਰਹੇ ਅਧਿਆਪਕਾਂ ਨੇ ਵਿਧਾਨ ਸਭਾ ਵੱਲ ਮਾਰਚ ਸ਼ੁਰੂ ਕੀਤਾ ਤਾਂ ਪੁਲੀਸ ਨੇ ਉਨ੍ਹਾਂ ਨੂੰ ਵਾਈ.ਪੀ.ਐਸ. ਚੌਕ ਨੇੜੇ ਘੇਰ ਕੇ ਅੱਗੇ ਵਧਣ ਤੋਂ ਰਾਹ ਡੱਕ ਲਿਆ। ਇੱਥੇ ਹੀ ਐਸ.ਡੀ.ਐਮ ਡਾਕਟਰ ਆਰਪੀ ਸਿੰਘ ਵੱਲੋਂ ਸਾਂਝਾ ਮੋਰਚਾ ਆਗੂਆਂ ਤੋਂ ਮੰਗ-ਪੱਤਰ ਲੈਣ ਉਪਰੰਤ ਪਰਸੋਂ ਤੱਕ ਸਿੱਖਿਆ ਮੰਤਰੀ ਨਾਲ਼ ਮੋਰਚਾ ਆਗੂਆਂ ਦੀ ਮੀਟਿੰਗ ਦਾ ਭਰੋਸਾ ਦੇਣ ਤੇ ਮਾਰਚ ਸਮਾਪਤ ਕਰ ਦਿੱਤਾ ਗਿਆ। ਸਟੇਜ ਸਕੱਤਰ ਦੀ ਜਿੰਮੇਵਾਰੀ ਦਵਿੰਦਰ ਸਿੰਘ ਪੂਨੀਆ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਅਧਿਆਪਕ ਮੋਰਚੇ ਦੇ ਸੂਬਾ ਕੋ-ਕਨਵੀਨਰ ਗੁਰਵਿੰਦਰ ਸਿੰਘ ਤਰਨਤਾਰਨ, ਦੀਦਾਰ ਸਿੰਘ ਮੁੱਦਕੀ, ਸੁਖਰਾਜ ਸਿੰਘ ਕਾਹਲੋਂ, ਗੁਰਜਿੰਦਰ ਸਿੰਘ, ਅੰਮ੍ਰਿਤਪਾਲ ਸਿੱਧੂ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਕੁਲਦੀਪ ਸਿੰਘ ਦੌੜਕਾ, ਦਿਗਵਿਜੇਪਾਲ ਮੋਗਾ, ਸੁਰਿੰਦਰ ਪੁਆਰੀ, ਪ੍ਰੇਮ ਚਾਵਲਾ, ਗੁਰਵਿੰਦਰ ਸਸਕੌਰ, ਵਿਕਰਮਜੀਤ ਸਿੰਘ, ਮੰਗਲ ਟਾਂਡਾ, ਐਨ.ਡੀ. ਤਿਵਾੜੀ, ਜਰਮਨਜੀਤ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ, ਪ੍ਰਵੀਨ ਕੁਮਾਰ, ਹਰਜੀਤ ਸਿੰਘ ਬਸੋਤਾ, ਜਸਵਿੰਦਰ ਸਿੰਘ ਢਿੱਲੋਂ, ਵਿਰਕਮ ਦੇਵ ਸਿੰਘ ਅਤੇ ਤਲਵਿੰਦਰ ਸਿੰਘ ਵੀ ਮੌਜੂਦ ਰਹੇ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…