
ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵੀ ਉਭਾਰ ਨੂੰ ਖੁੰਡਾਂ ਕਰਨ ਲਈ ਏਜੰਸੀਆਂ ਪੱਬਾਂ ਭਾਰ: ਪੁਰਖਾਲਵੀ
ਬਿਕਰਮ ਮਜੀਠੀਆ ਦਾ ਮਨੋਬਲ ਡੇਗਣ ਲਈ ‘ਆਪ’ ਸਰਕਾਰ ਨੇ ਸੁਰੱਖਿਆ ਵਾਪਸ ਲਈ: ਪੁਰਖਾਲਵੀ
ਨਬਜ਼-ਏ-ਪੰਜਾਬ, ਮੁਹਾਲੀ, 6 ਅਪਰੈਲ:
ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵੀ ਉਭਾਰ ਤੋਂ ਚਿੰਤਤ ਤਮਾਮ ਪੰਥ ਤੇ ਸਿੱਖ ਵਿਰੋਧੀ ਤਾਕਤਾਂ ਕੇਂਦਰੀ ਅਤੇ ਸੂਬੇ ਦੀਆਂ ਏਜੰਸੀਆਂ ਰਾਹੀਂ ਪਾਰਟੀ ਦੀ ਧਾਰ ਨੂੰ ਖੁੰਡਾਂ ਕਰਨ ਲਈ ਕੋਝੇ ਹੱਥਕੰਡੇ ਵਰਤ ਰਹੇ ਹਨ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸੀ ਵੀ ਇਸੇ ਲੜੀ ਦਾ ਹਿੱਸਾ ਹੈ। ਇਹ ਪ੍ਰਗਟਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਪੁਰਖਾ ਲਵੀ ਨੇ ਪੱਤਰਕਾਰਾਂ ਨਾਲ ਇੱਕ ਗੈਰ-ਰਸਮੀ ਗੱਲਬਾਤ ਦੌਰਾਨ ਕੀਤਾ।
ਪੁਰਖਾ ਲਵੀ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੀ ਅਕਾਲੀ ਸਰਕਾਰ ਸਮੇਂ ਹੋਏ ਵਿਕਾਸ ਤੇ ਤਰੱਕੀ ਨੂੰ ਆਪਣੀਆਂ ਅੱਖਾਂ ਸਾਹਮਣੇ ਉੱਜੜਦਾ ਦੇਖ ਅਤੇ ਸਿੱਖ ਸੰਸਥਾਵਾਂ ਉੱਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਨਾਲ-ਨਾਲ ਪੰਜਾਬੀਆਂ ਦੀ ਨਿੱਤ ਦਿਨ ਲਹਿੰਦੀ ਦਸਤਾਰ ਬਾਰੇ ਮਜੀਠੀਆ ਦੀ ਬੁਲੰਦ ਆਵਾਜ਼ ਨੂੰ ਕੁਚਲਨ ਲਈ ਉਨ੍ਹਾਂ ਵਿਰੁੱਧ ਅਨੇਕਾਂ ਹੋਰ ਵੀ ਕੋਝੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਹੀ ਨਹੀਂ ਪਾਰਟੀ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੂੰ ਸਰਕਾਰੀ ਮੁਲਾਜ਼ਮ ਵੱਲੋਂ ਕਥਿਤ ਤੌਰ ’ਤੇ ਸ਼ਰ੍ਹੇਆਮ ਜਾਨੋਂ-ਮਾਰਨ ਦੀਆਂ ਧਮਕੀਆਂ ਦੇਣਾ ਇਹ ਤਸਦੀਕ ਕਰਨ ਲਈ ਕਾਫ਼ੀ ਹਨ ਕਿ ਪੰਜਾਬ ਵਿੱਚ ਸਰਗਰਮ ਤਮਾਮ ਗੈਰ-ਸਮਾਜਿਕ ਤੱਤਾਂ ਨੂੰ ਸਰਕਾਰ ਸਰਪ੍ਰਸਤੀ ਹਾਸਲ ਹੈ।
ਅਕਾਲੀ ਆਗੂ ਪੁਰਖਾ ਲਵੀ ਨੇ ਕਿਹਾ ਕਿ ਪਾਰਟੀ ਨੂੰ ਮਿਲ ਰਹੇ ਭਾਰੀ ਸਮਰਥਨ ਦੀ ਬਦੌਲਤ ਪ੍ਰਧਾਨ ਦੀ ਚੋਣ ਦਾ ਅਮਲ ਨਿਰੰਤਰ ਜਾਰੀ ਹੈ, ਡੈਲੀਗੇਟਾਂ ਦੀ ਚੋਣਾਂ ਸਬੰਧੀ ਵਰਕਰਾਂ ਦੇ ਆਮ ਇਜਲਾਸ ਵਿੱਚ ਭਰਵੇਂ ਇਕੱਠ ਹੋ ਰਹੇ ਹਨ, ਜੋ ਪੰਜਾਬ ਅਤੇ ਪੰਥਕ ਹਲਕਿਆਂ ਵਿੱਚ ਅਕਾਲੀ ਦਲ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਸ ਮੌਕੇ ਕੈਪਟਨ ਰਮਨਦੀਪ ਸਿੰਘ ਬਾਵਾ, ਡਾ. ਹਰਪ੍ਰੀਤ ਸਿੰਘ ਮੌਜਪੁਰ, ਨੰਬਰਦਾਰ ਹਰਿੰਦਰ ਸਿੰਘ ਸੁੱਖਗੜ੍ਹ, ਅਜੀਤ ਸਿੰਘ ਮਟੌਰ, ਸੋਹਣ ਸਿੰਘ ਜੁਝਾਰ ਨਗਰ, ਗੁਰਜੰਟ ਸਿੰਘ ਮੁਹਾਲੀ, ਗੁਰਵਿੰਦਰ ਸਿੰਘ ਸ਼ੰਭੂ ਅਤੇ ਦੀਦਾਰ ਸਿੰਘ ਜਨਰਲ ਸਕੱਤਰ ਗੁਰਦੁਆਰਾ ਸਿੰਘ ਸਭਾ ਹਾਜ਼ਰ ਸਨ।