nabaz-e-punjab.com

ਅਖ਼ਬਾਰ ਵੰਡਣ ਲਈ ਏਜੰਟਾਂ ਨੇ ਲੋਕਾਂ ਤੋਂ ਸਹਿਯੋਗ ਮੰਗਿਆ, ਹਾਕਰਾਂ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ

ਹਾਕਰਾਂ ਨੂੰ ਅਖ਼ਬਾਰਾਂ ਦੇ ਬਿੱਲਾਂ ਦਾ ਡਿਜੀਟਲ ਭੁਗਤਾਨ ਕਰਨ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ:
ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਲੱਗਣ ਕਾਰਨ ਮੁਹਾਲੀ ਸਮੇਤ ਸਮੁੱਚੇ ਟਰਾਈਸਿਟੀ ਵਿੱਚ ਨਾਗਰਿਕ ਮੌਜੂਦਾ ਸਮੇਂ ਵਿੱਚ ਆਪਣੇ ਮਨਪਸੰਦ ਦੇ ਪੂਰੇ ਅਖ਼ਬਾਰ ਪੜ੍ਹਨ ਨੂੰ ਤਰਸ ਗਏ ਹਨ। ਕਿਉਂਕਿ ਅਖ਼ਬਾਰਾਂ ਨੇ ਵੀ ਅਖ਼ਬਾਰੀ ਪੰਨੇ ਘਟਾ ਦਿੱਤੇ ਹਨ। ਜਦੋਂਕਿ ਕਾਫੀ ਲੋਕਾਂ ਨੇ ਇਸ ਮਹਾਮਾਰੀ ਦਾ ਵਾਇਰਸ ਫੈਲਣ ਦੇ ਡਰੋਂ ਖ਼ੁਦ ਹੀ ਅਖ਼ਬਾਰ ਬੰਦ ਕਰਵਾ ਦਿੱਤੇ ਗਏ ਹਨ। ਇਸ ਸਬੰਧੀ ਸਮਾਚਾਰ ਪੱਤਰ ਵਿਕਰੇਤਾ ਸੰਘ ਪੰਚਕੂਲਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਨੇ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਹਾਕਰ ਉਨ੍ਹਾਂ ਦੇ ਘਰਾਂ ਵਿੱਚ ਅਖ਼ਬਾਰ ਸਪਲਾਈ ਕਰ ਰਹੇ ਹਨ। ਇੱਥੋਂ ਤੱਕ ਹਾਕਰ ਤੇਜ਼ ਬਾਰਿਸ਼ ਅਤੇ ਹਨੇਰੀ ਝੱਖੜ ਚੱਲਣ ਦੌਰਾਨ ਵੀ ਲੋਕਾਂ ਦੇ ਘਰਾਂ ਵਿੱਚ ਅਖ਼ਬਾਰ ਪਾਉਂਦੇ ਰਹੇ ਹਨ। ਉਨ੍ਹਾਂ ਪਾਠਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੇ ਚੱਲਦਿਆਂ ਅਖ਼ਬਾਰ ਪੜ੍ਹਨ ਤੋਂ ਬਿਲਕੁਲ ਵੀ ਨਾ ਘਬਰਾਉਣ ਕਿਉਂਕਿ ਸਾਰੇ ਅਖ਼ਬਾਰਾਂ ਦਾ ਕਾਗਜ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਪ੍ਰਧਾਨ ਮੰਤਰੀ ਅਤੇ ਨਾਮੀ ਡਾਕਟਰ ਵੀ ਇਸ ਗੱਲ ’ਤੇ ਆਪਣੀ ਮੋਹਰ ਲਗਾ ਚੁੱਕੇ ਹਨ ਕਿ ਅਖ਼ਬਾਰ ਹੱਥ ਵਿੱਚ ਚੁੱਕਣ, ਫੜ ਕੇ ਪੜ੍ਹਨ ਨਾਲ ਕੋਈ ਵਾਇਰਸ ਨਹੀਂ ਫੈਲਦਾ ਹੈ।
ਮੁਹਾਲੀ ਸਮਾਚਾਰ ਪੱਤਰ ਵਿਕਰੇਤਾ ਵਿਜੈ ਕੁਮਾਰ ਨੇ ਕਿਹਾ ਕਿ ਪਾਠਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਘਰਾਂ ਵਿੱਚ ਸਪਲਾਈ ਕਰਨ ਵਾਲੇ ਹਾਕਰਾਂ ਨੂੰ ਅਖ਼ਬਾਰਾਂ ਵੰਡਣ ਲਈ ਉਤਸ਼ਾਹਿਤ ਕਰਨ ਅਤੇ ਪਹਿਲਾਂ ਵਾਂਗ ਹਰੇਕ ਮਹੀਨੇ ਅਖ਼ਬਾਰਾਂ ਦੇ ਬਿੱਲਾਂ ਦਾ ਭੁਗਤਾਨ ਕੀਤਾ ਜਾਵੇ। ਉਨ੍ਹਾਂ ਪਾਠਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਹਾਕਰਾਂ ਨੂੰ ਨਗਦ ਰਾਸ਼ੀ ਦੀ ਥਾਂ ਡਿਜੀਟਲ ਭੁਗਤਾਨ ਕਰਨ।
ਸਮਾਚਾਰ ਵਿਕਰੇਤਾ ਸੰਘ ਚੰਡੀਗੜ੍ਹ ਦੇ ਪ੍ਰਧਾਨ ਮਦਨ ਸ਼ਰਮਾ ਅਤੇ ਨਿਊਜ਼ ਪੇਪਰ ਵੈਂਡਰਜ਼ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਪਾਠਕਾਂ ਨੂੰ ਚੇਤੇ ਕਰਵਾਇਆ ਕਿ ਅਜੋਕਾ ਸਮਾਂ ਅਖ਼ਬਾਰਾਂ ਦੇ ਏਜੰਟਾਂ, ਹਾਕਰਾਂ ਅਤੇ ਆਮ ਲੋਕਾਂ ਲਈ ਪ੍ਰੀਖਿਆ ਦੀ ਘੜੀ ਹੈ। ਇਸ ਲਈ ਸਾਨੂੰ ਭੈਅਭੀਤ ਹੋਣ ਦੀ ਕੋਈ ਲੋੜ ਨਹੀਂ ਹੈ, ਸਗੋਂ ਇਸ ਮੁਸ਼ਕਲ ਘੜੀ ਵਿੱਚ ਇਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਇਨ੍ਹਾਂ ਦੋਵਾਂ ਨੇ ਵੀ ਆਮ ਲੋਕਾਂ ਨੂੰ ਹਾਕਰਾਂ ਦਾ ਹੌਸਲਾ ਵਧਾਉਣ ਅਤੇ ਹਰੇਕ ਮਹੀਨੇ ਅਖ਼ਬਾਰਾਂ ਦੇ ਪੈਸੇ ਹਾਕਰਾਂ ਨੂੰ ਦੇਣ ਦੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…