
ਅਗਨੀਪਥ ਯੋਜਨਾ: ਦੇਸ਼ ਦੇ ਨੌਜਵਾਨਾਂ ਤੇ ਫੌਜ ਨਾਲ ਵੱਡਾ ਧੋਖਾ: ਕੁਲਜੀਤ ਬੇਦੀ
ਕੇਂਦਰ ਸਰਕਾਰ ਤੁਰੰਤ ਵਾਪਸ ਲਵੇ ਅਗਨੀਪਥ ਸਕੀਮ, ਫੌਜ ਵਿੱਚ ਰੈਗੂਲਰ ਭਰਤੀ ਕਰਨ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਦੀ ਚਾਰ ਸਾਲ ਲਈ ਫੌਜ ਵਿੱਚ ਭਰਤੀ ਲਈ ਕੱਢੀ ਅਗਨੀਪਥ ਭਰਤੀ ਸਕੀਮ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਦੇਸ਼ ਦੇ ਨੌਜਵਾਨਾਂ ਨਾਲ ਵੱਡਾ ਧੋਖਾ ਦੱਸਣ ਦੇ ਨਾਲ ਨਾਲ ਨੌਜਵਾਨਾਂ ਅਤੇ ਭਾਰਤੀ ਫੌਜ ਦੀ ਬੇਇੱਜ਼ਤੀ ਦੱਸਦੇ ਹੋਏ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਅੱਜ ਇੱਥੇ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਪਹਿਲਾਂ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਜਬਰੀ ਕਿਸਾਨਾਂ ਦੇ ਨਵੇਂ ਕਾਨੂੰਨ ਲਿਆਂਦੇ ਗਏ, ਜਿਨ੍ਹਾਂ ਦਾ ਕਿਸਾਨਾਂ ਵੱਲੋਂ ਹੀ ਵਿਰੋਧ ਕੀਤਾ ਗਿਆ ਅਤੇ ਇਕ ਸਾਲ ਤੋਂ ਵੀ ਵੱਧ ਵਕਫ਼ਾ ਕਿਸਾਨ ਦਿੱਲੀ ਦੇ ਬਾਰਡਰ ਤੇ ਸਰਦੀ ਗਰਮੀ ਸਹਿੰਦੇ ਹੋਏ ਧਰਨੇ ਤੇ ਬੈਠੇ ਰਹੇ ਅਤੇ ਸੱਤ ਸੌ ਤੋਂ ਵੱਧ ਕਿਸਾਨ ਮੌਤ ਦਾ ਸ਼ਿਕਾਰ ਹੋ ਕੇ ਸ਼ਹੀਦ ਹੋਏ।
ਉਨ੍ਹਾਂ ਕਿਹਾ ਕਿ ਹੁਣ ਭਾਜਪਾ ਦੀ ਇਸੇ ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਨਾਲ ਧੋਖਾ ਕਰਦੇ ਹੋਏ ਇਹ ਅਗਨੀਪਥ ਭਰਤੀ ਸਕੀਮ ਲਿਆਂਦੀ ਗਈ ਹੈ ਜਿਸ ਦਾ ਪੂਰੇ ਮੁਲਕ ਵਿਚ ਨੌਜਵਾਨਾਂ ਵੱਲੋਂ ਹੀ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਹਾਲਾਂਕਿ ਕੁਲਜੀਤ ਸਿੰਘ ਬੇਦੀ ਨੇ ਨੌਜਵਾਨਾਂ ਨੂੰ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਾਂਤੀਪੂਰਨ ਢੰਗ ਨਾਲ ਆਪਣਾ ਰੋਸ ਮੁਜ਼ਾਹਰਾ ਕਰਨ ਜਿਸ ਦਾ ਉਨ੍ਹਾਂ ਨੂੰ ਪੂਰਾ ਹੱਕ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਤੁਰੰਤ ਇਸ ਸਕੀਮ ਨੂੰ ਵਾਪਸ ਲਿਆ ਜਾਵੇ ਅਤੇ ਰੈਗੂਲਰ ਭਰਤੀ ਵੱਲ ਧਿਆਨ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਸਭ ਤੋਂ ਵੱਡਾ ਨੁਕਸ ਇਹ ਹੈ ਕਿ ਚਾਰ ਸਾਲ ਦੀ ਨੌਕਰੀ ਤੋਂ ਬਾਅਦ ਬੇਰੁਜ਼ਗਾਰ ਹੋਇਆ ਨੌਜਵਾਨ ਕਿਹੜਾ ਕੰਮ ਕਰਨ ਦੇ ਯੋਗ ਹੋਵੇਗਾ। ਉਨ੍ਹਾਂ ਕਿਹਾ ਕਿ ਇਹੀ ਨਹੀਂ ਸਿਰਫ਼ ਛੇ ਮਹੀਨੇ ਦੀ ਟਰੇਨਿੰਗ ਨਾਲ ਤੁਸੀਂ ਕਿਹੜੇ ਆਧਾਰ ਤੇ ਨੌਜਵਾਨਾਂ ਨੂੰ ਬਾਰਡਰ ਉੱਤੇ ਜੰਗ ਵਾਲੀ ਸਥਿਤੀ ਦਾ ਸਾਹਮਣਾ ਕਰਨ ਲਈ ਛੱਡ ਸਕਦੇ ਹੋ। ਉਨ੍ਹਾਂ ਇਹ ਵੀ ਸੁਆਲ ਕੀਤਾ ਕਿ ਇੰਨੇ ਘੱਟ ਸਮੇਂ ਦੀ ਨੌਕਰੀ ਦੇ ਕੇ ਤੁਸੀਂ ਕਿਵੇਂ ਨੌਜਵਾਨਾਂ ਵਿੱਚ ਦੇਸ਼ ਭਗਤੀ ਜਾਂ ਦੇਸ਼ ਲਈ ਸ਼ਹੀਦ ਹੋਣ ਦਾ ਜਜ਼ਬਾ ਪੈਦਾ ਕਰ ਸਕਦੇ ਹੋ?
ਡਿਪਟੀ ਮੇਅਰ ਨੇ ਕਿਹਾ ਕਿ ਜਦੋਂ ਫ਼ੌਜ ਵਿੱਚ ਵੈਸੇ ਹੀ ਤਿੰਨ ਲੱਖ ਦੇ ਲਗਪਗ ਭਰਤੀਆਂ ਪੁਰਾਣੀਆਂ ਰੁਕੀਆਂ ਹੋਈਆਂ ਹਨ ਤਾਂ ਉਨ੍ਹਾਂ ਨੂੰ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਦੋ ਸਾਲ ਕੋਵਿਡ ਦਾ ਬਹਾਨਾ ਲਾ ਕੇ ਇਹ ਭਰਤੀਆਂ ਬੰਦ ਰੱਖੀਆਂ ਪਰ ਹੁਣ ਤਾਂ ਸਭ ਕੁਝ ਖੁੱਲ੍ਹ ਚੁੱਕਾ ਹੈ ਪਰ ਰੈਗੂਲਰ ਭਰਤੀ ਕਿਉਂ ਨਹੀਂ ਖੋਲ੍ਹੀ ਜਾ ਰਹੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਇਹ ਸਿਰਫ਼ ਚੋਣ ਸਟੰਟ ਹੈ ਅਤੇ 2024 ਵਿੱਚ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਇਹ ਸਕੀਮ ਲਿਆਂਦੀ ਗਈ ਹੈ ਪਰ ਇਸ ਪੂਰੀ ਯੋਜਨਾ ਨੂੰ ਨੌਜਵਾਨਾਂ ਨੇ ਖ਼ੁਦ ਹੀ ਨਕਾਰ ਦਿੱਤਾ ਹੈ ਤਾਂ ਫੌਰੀ ਤੌਰ ’ਤੇ ਕੇਂਦਰ ਸਰਕਾਰ ਨੂੰ ਇਹ ਸਕੀਮ ਵਾਪਸ ਲੈ ਲੈਣੀ ਚਾਹੀਦੀ ਹੈ ਤਾਂ ਜੋ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਬੰਦ ਹੋ ਸਕੇ ਅਤੇ ਰੈਗੂਲਰ ਭਰਤੀ ਖੋਲ੍ਹ ਕੇ ਨੌਜਵਾਨਾਂ ਨੂੰ ਸਨਮਾਨਜਨਕ ਢੰਗ ਨਾਲ ਫੌਜ ਵਿੱਚ ਭਰਤੀ ਕੀਤਾ ਜਾਵੇ।