nabaz-e-punjab.com

ਅਗਨੀ ਕਾਂਡ: ਪਸ਼ੂ ਪਾਲਣ ਮੰਤਰੀ ਸਿੱਧੂ ਨੇ ਲਖਨੌਰ ਫਰਨੀਚਰ ਮਾਰਕੀਟ ਦਾ ਦੌਰਾ ਕਰਕੇ ਲਿਆ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਕਤੂਬਰ:
ਇੱਥੋਂ ਦੇ ਨੇੜਲੇ ਪਿੰਡ ਲਖਨੌਰ ਸਥਿਤ ਫਰਨੀਚਰ ਮਾਰਕੀਟ ਵਿੱਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਪੀੜਤ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਇਸ ਅੌਖੀ ਘੜੀ ਵਿੱਚ ਪ੍ਰਭਾਵਿਤ ਦੁਕਾਨਦਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਫਰਨੀਚਰ ਮਾਰਕੀਟਾਂ ’ਚ ਵਾਰ-ਵਾਰ ਅੱਗ ਲੱਗਣ ਨਾਲ ਦੁਕਾਨਦਾਰਾਂ ਦਾ ਕਾਫੀ ਮਾਲੀ ਨੁਕਸਾਨ ਹੋ ਜਾਂਦਾ ਹੈ ਤੇ ਇਨ੍ਹਾਂ ਦੁਕਾਨਦਾਰਾਂ ਅਤੇ ਹੋਰਨਾਂ ਕਈ ਮਾਰਕੀਟਾਂ ਦੇ ਦੁਕਾਨਦਾਰਾਂ ਨੂੰ ਅਜਿਹੀਆਂ ਮੁਸ਼ਕਲਾਂ ਤੋਂ ਨਿਜਾਤ ਦਿਵਾਉਣ ਲਈ ਐਸ.ਏ.ਐਸ ਨਗਰ ’ਚ ਇੱਕ ਢੁੱਕਵੀਂ ਥਾਂ ਮੁਹੱਈਆ ਕਰਵਾਈ ਜਾਵੇਗੀ, ਜਿਥੇ ਅਜਿਹੇ ਹਾਦਸਿਆਂ ਤੋਂ ਬਚਾਅ ਦੇ ਪੂਰੇ ਪ੍ਰਬੰਧ ਹੋਣਗੇ।
ਸ੍ਰੀ ਸਿੱਧੂ ਨੇ ਕਿਹਾ ਕਿ ਤਿਉਹਾਰਾਂ ਦੇ ਦਿਨਾਂ ’ਚ ਜਦੋਂ ਵੱਡੇ ਪੱਧਰ ’ਤੇ ਫਰਨੀਚਰ ਦੀ ਖਰੀਦੋ-ਫਰੋਖਤ ਹੁੰਦੀ ਹੈ, ਉਸ ਸਮੇਂ ਉਨ੍ਹਾਂ ਦੇ ਹਲਕੇ ਅੰਦਰ ਅੱਗ ਨਾਲ ਹੋਏ ਇੰਨੇ ਵੱਡੇ ਨੁਕਸਾਨ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ ਅਤੇ ਉਹ ਪ੍ਰਭਾਵਿਤ ਦੁਕਾਨਦਾਰਾਂ ਦੇ ਨਾਲ ਖੜ੍ਹੇ ਹਨ। ਇਸ ਮੌਕੇ ਪ੍ਰੀਤ ਫਰਨੀਚਰ ਦੇ ਮਾਲਕ ਹਰਿੰਦਰ ਸਿੰਘ ਚੁੰਨੀ ਸਮੇਤ ਹੋਰਨਾਂ ਦੁਕਾਨਦਾਰਾਂ ਨੇ ਸ੍ਰੀ ਸਿੱਧੂ ਨੂੰ ਦੱਸਿਆ ਕਿ ਇਹ ਮਾਰਕੀਟ ਤਕਰੀਬਨ ਸਾਢੇ ਤਿੰਨ ਏਕੜ ਵਿੱਚ ਬਣੀ ਹੋਈ ਸੀ, ਜਿਸ ਵਿੱਚ ਤਕਰੀਬਨ 10 ਕਰੋੜ ਰੁਪਏ ਤੋਂ ਵੱਧ ਦਾ ਫਰਨੀਚਰ ਪਿਆ ਸੀ। ਉਨ੍ਹਾਂ ਦੱਸਿਆ ਕਿ ਅੱਗ ਨਾਲ ਮਾਲੀ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੀੜਤ ਦੁਕਾਨਦਾਰਾਂ ਨੂੰ ਯੋਗ ਮੁਆਵਜਾ ਦੇਣ ਲਈ ਸਰਕਾਰ ਨੂੰ ਸਿਫਾਰਸ਼ ਭੇਜੀ ਜਾਵੇਗੀ ਤਾਂ ਜੋ ਦੁਕਾਨਦਾਰ ਮੁੜ ਆਪਣੇ ਪੈਰਾਂ ’ਤੇ ਖੜੇ ਹੋ ਸਕਣ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…