ਖੇਤੀ ਕਾਨੂੰਨ: ਚੰਦਾ ਇਕੱਠਾ ਕਰਨ ਤੇ ਰਾਹਤ ਕੈਂਪ ਕਿਸਾਨ ਜਥੇਬੰਦੀਆਂ ’ਚ ਵਿਵਾਦ ਭਖਿਆ

ਲੱਖੋਵਾਲ, ਸਿੱਧੂਪੁਰ, ਰਾਜੇਵਾਲ ਤੇ ਡਕੌਂਦਾ ਦੇ ਆਗੂਆਂ ਨੇ ਐਸਐਸਪੀ ਦਫ਼ਤਰ ’ਚ ਦਿੱਤੀ ਸ਼ਿਕਾਇਤ

ਪੰਜਾਬ ਕਿਸਾਨ ਯੂਨੀਅਨ ਦਾ ਫੇਜ਼-7 ਵਿੱਚ ਚੰਦਾ ਇਕੱਠਾ ਕਰਨ-ਕਮ-ਰਾਹਤ ਕੈਂਪ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਖੇਤੀਬਾੜੀ ਸੈਕਟਰ ਨਾਲ ਜੁੜੇ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਬੈਨਰ ਹੇਠ ਅੰਨਦਾਤਾ ਦਿੱਲੀ ਬਾਰਡਰਾਂ ਉੱਤੇ ਲੜੀਵਾਰ ਧਰਨੇ ’ਤੇ ਬੈਠੇ ਹਨ, ਉੱਥੇ ਮੁਹਾਲੀ ਦੇ ਫੇਜ਼-7 ਦੀ ਮਾਰਕੀਟ ਵਿੱਚ ਪੰਜਾਬ ਕਿਸਾਨ ਯੂਨੀਅਨ ਵੱਲੋਂ ਚੰਦਾ ਇਕੱਠਾ ਕਰਨ ਲਈ ਰਾਹਤ ਕੈਂਪ ਲਗਾਉਣ ਦਾ ਮਾਮਲਾ ਕਾਫੀ ਭਖ ਗਿਆ ਹੈ। ਇਸ ਕੈਂਪ ਵਿੱਚ ਧਰਨਾਕਾਰੀ ਕਿਸਾਨਾਂ ਦੀ ਮਦਦ ਲਈ ਚੰਦਾ ਅਤੇ ਹੋਰ ਸਮੱਗਰੀ ਇਕੱਠੀ ਕੀਤੀ ਜਾ ਰਹੀ ਹੈ।
ਉਧਰ, ਦੂਜੇ ਪਾਸੇ ਕਿਸਾਨ ਯੂਨੀਅਨ (ਲੱਖੋਵਾਲ), ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ), ਕਿਸਾਨ ਯੂਨੀਅਨ ਰਾਜੇਵਾਲ ਅਤੇ ਕਿਸਾਨ ਯੂਨੀਅਨ ਡਕੌਂਦਾ ਦੇ ਸੀਨੀਅਰ ਆਗੂਆਂ ਦਵਿੰਦਰ ਸਿੰਘ ਦੇਹਕਲਾਂ, ਰਵਿੰਦਰ ਸਿੰਘ ਦੇਹਕਲਾਂ, ਗੁਰਨਾਮ ਸਿੰਘ ਦਾਊਂ, ਕੁਲਵੰਤ ਸਿੰਘ ਤ੍ਰਿਪੜੀ, ਕਿਰਪਾਲ ਸਿੰਘ ਸਿਆਊ ਨੇ ਸ਼ੁੱਕਰਵਾਰ ਨੂੰ ਐਸਐਸਪੀ ਦਫ਼ਤਰ ਵਿੱਚ ਨਵੇਂ ਸਿਰਿਓਂ ਸ਼ਿਕਾਇਤ ਦੇ ਕੇ ਚੰਦਾ ਇਕੱਠਾ ਕਰਨ ਵਾਲੀ ਜਥੇਬੰਦੀ ਦੇ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਐਸਐਸਪੀ ਦੀ ਗੈਰ-ਮੌਜੂਦਗੀ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਮੁੱਚੇ ਘਟਨਾਕ੍ਰਮ ਬਾਰੇ ਜਾਣੂ ਕਰਵਾਇਆ। ਉਨ੍ਹਾਂ ਮੰਗ ਕੀਤੀ ਕਿ ਚੰਦਾ ਇਕੱਠਾ ਕਰਨ ਵਾਲੀ ਜਥੇਬੰਦੀ ਨੂੰ ਇੱਥੋਂ ਚਲਦਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਚੰਦਾ ਇਕੱਠਾ ਕਰਨ ਵਾਲੇ ਲੋਕਾਂ ਨੂੰ ਕਦੇ ਵੀ ਰੇਲ ਰੋਕੋ ਜਾਂ ਟੋਲ ਪਲਾਜ਼ਾ ਅਤੇ ਸੜਕਾਂ ’ਤੇ ਲੱਗੇ ਧਰਨਿਆਂ ’ਚ ਨਹੀਂ ਦੇਖਿਆ ਗਿਆ ਹੈ।
ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਮਾਰਕੀਟ ਵਿੱਚ ਟੈਂਟ ਲਗਾ ਕੇ ਇਕੱਠਾ ਕੀਤਾ ਜਾ ਰਿਹਾ ਚੰਦਾ ਤੇ ਸਮੱਗਰੀ ਹੁਣ ਤੱਕ ਸੰਘਰਸ਼ਸ਼ੀਲ 31 ਕਿਸਾਨ ਜਥੇਬੰਦੀਆਂ ’ਚੋਂ ਕਿਸੇ ਇੱਕ ਕੋਲ ਵੀ ਨਹੀਂ ਪਹੁੰਚਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵਿਸ਼ੇਸ਼ ਜਥੇਬੰਦੀ ਨੂੰ ਚੰਦਾ ਨਾ ਦੇਣ ਸਗੋਂ ਜੇਕਰ ਕੋਈ ਵਿਅਕਤੀ ਸੰਘਰਸ਼ਸ਼ੀਲ ਕਿਸਾਨਾਂ ਲਈ ਕੋਈ ਮਦਦ ਦੇਣਾ ਚਾਹੁੰਦਾ ਹੈ ਤਾਂ ਉਹ ਸਿੱਧੇ ਤੌਰ ’ਤੇ ਇਲਾਕੇ ਦੇ ਕਿਸਾਨ ਆਗੂ ਜਾਂ ਧਰਨੇ ’ਤੇ ਬੈਠੇ ਕਿਸਾਨਾਂ ਨਾਲ ਸਿੱਧੇ ਤੌਰ ’ਤੇ ਰਾਬਤਾ ਕਾਇਮ ਕਰ ਸਕਦਾ ਹੈ। ਉਂਜ ਉਨ੍ਹਾਂ ਇਹ ਵੀ ਕਿਹਾ ਕਿ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਬਾਹਰੋਂ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਅਗਲੇ ਛੇ ਮਹੀਨੇ ਦਾ ਖਾਣਪੀਣ ਦਾ ਸਮਾਨ ਆਪਣੇ ਨਾਲ ਲੈ ਕੇ ਗਏ ਹਨ ਅਤੇ ਧਰਨਾ ਕੈਂਪਾਂ ਵਿੱਚ ਵੱਡੀ ਮਾਤਰਾ ਸਮਾਨ ਪਿਆ ਹੋਣ ਕਾਰਨ ਕਿਸਾਨਾਂ ਨੂੰ ਉੱਥੇ ਬੈਠਣ, ਉਠਣ ਲਈ ਥਾਂ ਛੋਟੀ ਪੈ ਗਈ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਚੰਦਾ ਇਕੱਠਾ ਕਰਨ ਵਾਲੀ ਧਿਰ ਨੂੰ ਉੱਥੋਂ ਨਹੀਂ ਖਦੇੜਿਆਂ ਤਾਂ ਉਹ ਟੈਂਟ ਪੁੱਟਣ ਲਈ ਮਜਬੂਰ ਹੋਣਗੇ ਅਤੇ ਇਸ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਮੁਹਾਲੀ ਪ੍ਰਸ਼ਾਸਨ ਤੇ ਪੁਲੀਸ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ। ਇਸ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਸਿਹਤ ਮੰਤਰੀ ਦੇ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਵੀ ਮੁਲਾਕਾਤ ਕੀਤੀ।
ਇਸ ਮੌਕੇ ਬਲਾਕ ਪ੍ਰਧਾਨ ਜਸਵੀਰ ਸਿੰਘ ਘੋਗਾ, ਕਰਮ ਸਿੰਘ ਰਾਜੇਵਾਲ, ਸੋਹਨ ਸਿੰਘ ਖੂੰਨੀਮਾਜਰਾ, ਕੁਲਵੰਤ ਸਿੰਘ ਕੁਰੜੀ, ਮਲਕੀਤ ਸਿੰਘ ਦੁਬਾਲੀ, ਗੁਰਿੰਦਰ ਸਿੰਘ ਮਹਿਦੂਦਾਂ, ਕਰਤਾਰ ਸਿੰਘ ਨੰਡਿਆਲੀ, ਰਣਜੀਤ ਸਿੰਘ ਬਾਸੀਆ, ਸੁਰਿੰਦਰ ਸਿੰਘ ਸਿੱਧੂ, ਦਵਿੰਦਰ ਸਿੰਘ ਬਨੂੜ, ਅਮਰੀਕ ਸਿੰਘ ਕਰਾਲਾ, ਜਗਜੀਤ ਸਿੰਘ ਆਦਿ ਵੀ ਹਾਜ਼ਰ ਸਨ।
ਇਸ ਸਬੰਧੀ ਸੰਪਰਕ ਕਰਨ ’ਤੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਪੜਤਾਲ ਕਰ ਰਹੀ ਹੈ ਅਤੇ ਦੋਵੇਂ ਕਿਸਾਨ ਧਿਰਾਂ ਨਾਲ ਗੱਲ ਕਰਕੇ ਜਲਦੀ ਹੀ ਇਸ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ।
ਉਧਰ, ਦੂਜੇ ਪਾਸੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਕੰਵਲਜੀਤ ਸਿੰਘ, ਅਮਨਦੀਪ ਸਿੰਘ, ਗੱਬਰ ਸਿੰਘ ਸੰਗਰੂਰ ਅਤੇ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਵਿਸ਼ਵ ਵਿਆਪੀ ਕਿਸਾਨ ਅੰਦੋਲਨ ਵਿੱਚ ਡਟੇ ਕਿਸਾਨਾਂ ਦੀ ਮਦਦ ਲਈ ਰਾਹਤ ਕੈਂਪ ਲਗਾਇਆ ਗਿਆ ਹੈ ਅਤੇ ਇੱਥੋਂ ਕਿਸਾਨਾਂ ਦੇ ਹੱਕ ਵਿੱਚ ਅਤੇ ਕਾਲੇ ਕਾਨੂੰਨਾਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ, ਅਜਿਹਾ ਕਰਨਾ ਕੋਈ ਗੁਨਾਹ ਨਹੀਂ ਹੈ। ਪ੍ਰੰਤੂ ਪਿਛਲੇ ਦਿਨਾਂ ਤੋਂ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਇਸ ਕਾਰਜ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਝੂਠੀਆਂ ਸ਼ਿਕਾਇਤਾਂ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਰਾਹਤ ਕੈਂਪ ਵਿੱਚ ਦਾਨ ਪੁੰਨ ਦੇਣ ਵਾਲਿਆਂ ਦਾ ਪੂਰਾ ਵੇਰਵਾ ਰਜਿਸਟਰ ਵਿੱਚ ਦਰਜ ਕੀਤਾ ਜਾ ਰਿਹਾ ਹੈ। ਕੋਈ ਵੀ ਵਿਅਕਤੀ ਜਾਂ ਅਧਿਕਾਰੀ ਜਦੋਂ ਮਰਜ਼ੀ ਚੈੱਕ ਕਰ ਸਕਦਾ ਹੈ।

Load More Related Articles

Check Also

ਲੁੱਟਾਂ-ਖੋਹਾਂ ਦਾ ਮਾਮਲਾ: ਨਾਜਾਇਜ਼ ਅਸਲੇ ਸਣੇ ਗਰੋਹ ਦੇ ਮੁਖੀ ਸਣੇ ਚਾਰ ਮੈਂਬਰ ਗ੍ਰਿਫ਼ਤਾਰ

ਲੁੱਟਾਂ-ਖੋਹਾਂ ਦਾ ਮਾਮਲਾ: ਨਾਜਾਇਜ਼ ਅਸਲੇ ਸਣੇ ਗਰੋਹ ਦੇ ਮੁਖੀ ਸਣੇ ਚਾਰ ਮੈਂਬਰ ਗ੍ਰਿਫ਼ਤਾਰ ਮੁਲਜ਼ਮ ਯੂਪੀ ਤੋਂ …