
ਖੇਤੀ ਕਾਨੂੰਨ: ਕੇਂਦਰ ਸਰਕਾਰ ਨੂੰ ਝੁਕਾਉਣ ਲਈ ਕਿਸਾਨ-ਮਜ਼ਦੂਰ ਏਕਤਾ ’ਤੇ ਜ਼ੋਰ
ਕਿਸਾਨ ਮੋਰਚੇ ਦੇ ਹੱਕ ਵਿੱਚ ਲੜੀਵਾਰ ਭੁੱਖ-ਹੜਤਾਲ ਦੇ 105ਵੇਂ ਦਿਨ ਵਿੱਚ ਦਾਖ਼ਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਸਤੰਬਰ:
ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਪੁਆਧ ਇਲਾਕਾ (ਮੁਹਾਲੀ) ਦੇ ਸਹਿਯੋਗ ਨਾਲ ਸ਼ੁਰੂ ਕੀਤੀ ਲੜੀਵਾਰ ਭੁੱਖ-ਹੜਤਾਲ ਐਤਵਾਰ ਨੂੰ 105ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਅੱਜ ਬੈਦਵਾਨ ਸਪੋਰਟਸ ਕਲੱਬ ਸੋਹਾਣਾ ਦੇ ਪ੍ਰਧਾਨ ਦਿਨੇਸ਼ ਚੌਧਰੀ, ਮੀਤ ਪ੍ਰਧਾਨ ਸਰਬਜੀਤ ਸਿੰਘ, ਜਨਰਲ ਸਕੱਤਰ ਜਗਦੀਸ਼ ਸਿੰਘ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ, ਦਿਲਦਾਰ ਸਿੰਘ, ਜਗਦੀਸ਼ ਗਿੱਲ, ਸਤਵਿੰਦਰ ਸਿੰਘ, ਮੇਜਰ ਸਿੰਘ, ਦਿਲਜੋਤ ਸਿੰਘ ਭੁੱਖ-ਹੜਤਾਲ ’ਤੇ ਬੈਠੇ।
ਹਰਿਆਣਾ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਭਤੀਜੇ ਗੌਰਵ ਟਿਕੈਤ ਨੇ ਧਰਨੇ ਵਿੱਚ ਪਹੁੰਚ ਕੇ ਸੰਘਰਸ਼ਸ਼ੀਲ ਕਿਸਾਨਾਂ ਦਾ ਹੌਸ਼ਲਾ ਵਧਾਇਆ ਅਤੇ ਕੇਂਦਰ ਸਰਕਾਰ ਨੂੰ ਝੁਕਾਉਣ ਲਈ ਕਿਸਾਨ-ਮਜ਼ਦੂਰ ਏਕਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਹਰਿਆਣਾ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਨਾਲ ਆਖ਼ਰੀ ਦਮ ਤੱਕ ਡਟੇ ਰਹਿਣਗੇ। ਉਨ੍ਹਾਂ ਨੇ 27 ਸਤੰਬਰ ਦੇ ਭਾਰਤ ਬੰਦ ਨੂੰ ਕਾਮਯਾਬ ਬਣਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ, ਜਸਪਾਲ ਸਿੰਘ ਨਿਆਮੀਆਂ, ਪਹਿਲਵਾਨ ਅਮਨ ਪੂਨੀਆ, ਨੰਬਰਦਾਰ ਹਰਵਿੰਦਰ ਸਿੰਘ, ਮਿੰਦਰ ਸੋਹਾਣਾ, ਦਵਿੰਦਰ ਸਿੰਘ ਬ”ੌਬੀ, ਬੰਤ ਸਿੰਘ ਪੰਚ, ਅਮਰਜੀਤ ਸਿੰਘ ਨਰੈਣ, ਜੀਤ ਸਿੰਘ, ਪਾਠੀ ਸਿੰਘ ਪ੍ਰਤਾਪ ਸਿੰਘ, ਸੁਰਿੰਦਰ ਸਿੰਘ ਕੰਗ ਸਮੇਤ ਹੋਰਨਾਂ ਨੇ ਗੌਰਵ ਟਿਕੈਤ ਦਾ ਧਰਨੇ ਵਿੱਚ ਪਹੁੰਚਣ ’ਤੇ ਪੁਆਧੀ ਕਿਸਾਨ-ਮਜ਼ਦੂਰ ਸਭਾ ਵੱਲੋਂ ਭਰਵਾਂ ਸਵਾਗਤ ਕਰਦਿਆਂ ਸਨਮਾਨਿਤ ਕੀਤਾ। ਸਥਾਨਕ ਆਗੂਆਂ ਨੇ ਭਰੋਸਾ ਦਿੱਤਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਪੁਆਧ ਇਲਾਕੇ ਦੀ ਲੜੀਵਾਰ ਭੁੱਖ ਹੜਤਾਲ ਅਤੇ ਧਰਨਾ ਜਾਰੀ ਰੱਖਿਆ ਜਾਵੇਗਾ।