ਖੇਤੀ ਕਾਨੂੰਨ: ਯੂਟੀ ਪੁਲੀਸ ਦੇ ਬੈਰੀਕੇਟ ਤੋੜ ਕੇ ਚੰਡੀਗੜ੍ਹ ਵਿੱਚ ਦਾਖ਼ਲ ਹੋਏ ਪੰਜਾਬ ਦੇ ਕਿਸਾਨ

ਚੰਡੀਗੜ੍ਹ ਪੁਲੀਸ ਵੱਲੋਂ ਕਿਸਾਨਾਂ ’ਤੇ ਲਾਠੀਚਾਰਜ, ਪਾਣੀ ਦੀਆਂ ਬੋਛਾੜਾਂ ਮਾਰੀਆਂ, ਕਈ ਕਿਸਾਨਾਂ ਦੀਆਂ ਪੱਗਾਂ ਲੱਥੀਆਂ

ਗੁਰਦੁਆਰਾ ਅੰਬ ਸਾਹਿਬ ਨੇੜਲੇ ਪੁੱਡਾ ਗਰਾਉਂਡ ’ਚੋਂ ਵੱਡੇ ਕਾਫ਼ਲੇ ਰਾਹੀਂ ਕਿਸਾਨਾਂ ਨੇ ਚੰਡੀਗੜ੍ਹ ਵੱਲ ਕੀਤਾ ਕੂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੂਨ:
ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਧੰਦੇ ਨੂੰ ਤਬਾਹ ਕਰਨ ਵਾਲੇ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਿੱਚ ਲਗਾਤਾਰ ਰੋਸ ਭਖਦਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ’ਤੇ ਅੱਜ ਖੇਤੀ ਬਚਾਓ ਲੋਕਤੰਤਰ ਬਚਾਓ ਦਿਵਸ ਮੌਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨ ਆਪੋ-ਆਪਣੇ ਰਾਜਾਂ ਦੇ ਰਾਜਪਾਲਾਂ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤੇ। ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਕਿਸਾਨ ਯੂਟੀ ਪੁਲੀਸ ਦੇ ਬੈਰੀਕੇਟ ਤੋੜ ਕੇ ਚੰਡੀਗੜ੍ਹ ਵਿੱਚ ਦਾਖ਼ਲ ਹੋ ਗਏ। ਹਾਲਾਂਕਿ ਯੂਟੀ ਪੁਲੀਸ ਨੇ ਕਿਸਾਨਾਂ ਨੂੰ ਖਦੇੜਨ ਲਈ ਲਾਠੀਚਾਰਜ ਕੀਤਾ ਅਤੇ ਜਲ ਤੋਪਾਂ ਵੀ ਵਰਤੀਆਂ ਗਈਆਂ। ਜਿਸ ਕਾਰਨ ਕਈ ਕਿਸਾਨਾਂ ਦੀਆਂ ਪੱਗਾਂ ਲੱਥ ਗਈਆਂ ਅਤੇ ਕਈ ਜਣਿਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਪ੍ਰੰਤੂ ਇਸ ਸਭ ਦੇ ਬਾਵਜੂਦ ਕਿਸਾਨ ਇਹ ਸਾਰੀਆਂ ਰੋਕਾਂ ਨੂੰ ਤੋੜਦੇ ਹੋਏ ਅੱਗੇ ਵਧਣ ਵਿੱਚ ਸਫਲ ਹੋ ਗਏ। ਜਿਸ ਕਾਰਨ ਬੇਬੱਸ ਹੋਈ ਚੰਡੀਗੜ੍ਹ ਪੁਲੀਸ ਨੂੰ ਪੁੱਠੇ ਪੈਰੀ ਪਿੱਛੇ ਹਟਣਾ ਪਿਆ ਅਤੇ ਕਿਸਾਨ ਨਾਅਰੇ ਲਗਾਉਂਦੇ ਹੋਏ ਅੱਗੇ ਵਧਦੇ ਗਏ।
ਜਾਣਕਾਰੀ ਅਨੁਸਾਰ ਪੰਜਾਬ ਭਰ ’ਚੋਂ ਵੱਡੀ ਗਿਣਤੀ ਵਿੱਚ ਕਿਸਾਨ, ਬੀਬੀਆਂ ਅਤੇ ਨੌਜਵਾਨ ਅੱਜ ਸਵੇਰੇ 10 ਵਜੇ ਹੀ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਨੇੜੇ ਪੁੱਡਾ ਗਰਾਉਂਡ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਅਤੇ ਦੁਪਹਿਰ ਸਾਢੇ 12 ਵਜੇ ਤੱਕ ਕਿਸਾਨਾਂ ਦੀ ਵੱਡੀ ਭੀੜ ਜਮ੍ਹਾ ਹੋ ਗਈ। ਇੱਥੇ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਇੰਡੀਅਨ ਫਾਰਮਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ, ਕਿਸਾਨ ਯੂਨੀਅਨ ਏਕਤਾ (ਸਿੱਧੂ) ਦੇ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ, ਰੁਲਦੂ ਸਿੰਘ ਮਾਨਸਾ, ਬਲਦੇਵ ਸਿੰਘ ਸਿਰਸਾ, ਪਰਵਿੰਦਰ ਸਿੰਘ ਬੈਦਵਾਨ, ਕੁਲਵੰਤ ਸਿੰਘ ਤ੍ਰਿਪੜੀ, ਕਿਰਪਾਲ ਸਿੰਘ ਸਿਆਊ, ਸਤਵਿੰਦਰ ਸਿੰਘ ਚੈੜੀਆਂ ਅਤੇ ਹੋਰਨਾਂ ਆਗੂਆਂ ਨੇ ਖੇਤੀ ਕਾਨੂੰਨਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਅਤੇ ਮੋਦੀ ਸਰਕਾਰ ਵਿਰੁੱਧ ਜੰਮ ਕੇ ਭੜਾਕ ਕੱਢੀ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਭਾਜਪਾ ਨੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਕੁੱਝ ਫਰਜ਼ੀ ਕਿਸਾਨ ਜਥੇਬੰਦੀਆਂ ਬਣਾ ਕੇ ਗੁੰਮਰਾਹਕੁਨ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਜਿਸ ਤੋਂ ਦੇਸ਼ ਦੇ ਕਿਸਾਨਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਤੇ ਸਿਰਫ਼ ਕਿਸਾਨ ਸੰਯੁਕਤ ਮੋਰਚੇ ਦੇ ਪ੍ਰੋਗਰਾਮ ’ਤੇ ਹੀ ਅਮਲ ਕਰਨ। ਆਗੂਆਂ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਕਿਸਾਨ ਇਕਜੁੱਟ ਰਹੇ ਤਾਂ ਕੇਂਦਰ ਸਰਕਾਰ ਨੂੰ ਕਾਲੇ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਜਾਵੇਗਾ ਅਤੇ ਉਹ ਦਿੱਲੀ ਤੋਂ ਜਿੱਤ ਕੇ ਹੀ ਵਾਪਸ ਵਾਪਸ ਮੁੜਨਗੇ।
ਇਸ ਦੌਰਾਨ ਜਿਵੇਂ ਹੀ ਮੰਚ ਤੋਂ ਰਾਜਪਾਲ ਨੂੰ ਮੰਗ ਪੱਤਰ ਦੇਣ ਜਾਣ ਦਾ ਐਲਾਨ ਕੀਤਾ ਗਿਆ ਤਾਂ ਕਿਸਾਨਾਂ ਪੰਜਾਬ ਰਾਜ ਭਵਨ ਵੱਲ ਪੈਦਲ ਹੀ ਕੂਚ ਕਰ ਦਿੱਤਾ। ਹਾਲਾਂਕਿ ਪੁਲੀਸ ਨੇ ਰਸਤੇ ਵਿੱਚ ਬੈਰੀਕੇਟ ਲਗਾ ਕੇ ਕਿਸਾਨਾਂ ਦਾ ਰਾਹ ਡੱਕਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਕਿਸਾਨਾਂ ਦੇ ਜੋਸ਼ ਅੱਗੇ ਪੁਲੀਸ ਪ੍ਰਬੰਧ ਛੋਟੇ ਪੈ ਗਏ। ਸਭ ਤੋਂ ਪਹਿਲਾਂ ਕਿਸਾਨ ਵਾਈਪੀਐਸ ਚੌਕ ਨੇੜੇ ਪੁਲੀਸ ਬੈਰੀਕੇਟ ਤੋੜ ਕੇ ਅੱਗੇ ਵਧੇ। ਇੱਥੋਂ ਕਿਸਾਨਾਂ ਦਾ ਹੌਸਲਾ ਏਨਾ ਵੱਧ ਗਿਆ ਕਿ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਕੀਤੀ ਗਈ ਯੂਟੀ ਪੁਲੀਸ ਵੱਲੋਂ ਕੀਤੀ ਗਈ ਜ਼ਬਰਦਸਤ ਬੈਰੀਕੇਟਿੰਗ ਵੀ ਕਿਸਾਨਾਂ ਨੇ ਤੋੜ ਸੁੱਟੀ। ਹਾਲਾਂਕਿ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਪਾਣੀ ਦੀਆਂ ਬੋਛਾੜਾ ਮਾਰ ਕੇ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਕਿਸਾਨਾਂ ਨੇ ਪੁਲੀਸ ਦੀਆਂ ਸਾਰੀਆਂ ਰੋਕਾਂ ਤੋੜ ਦਿੱਤੀਆਂ ਅਤੇ ਚੰਡੀਗੜ੍ਹ ਵਿੱਚ ਦਾਖ਼ਲ ਹੋ ਗਏ। ਇਕ ਨੌਜਵਾਨ ਪੁਲੀਸ ਵਾਹਨ ਦੇ ਉੱਤੇ ਚੜ੍ਹ ਗਿਆ ਅਤੇ ਜਲ ਤੋਪ ਦਾ ਮੂੰਹ ਦੂਜੇ ਪਾਸੇ ਘੁੰਮਾ ਦਿੱਤਾ। ਇੰਜ ਹੀ ਕਿਸਾਨਾਂ ਨੇ ਨਾਕੇ ’ਤੇ ਖੜੀ ਫਾਇਰ ਬ੍ਰਿਗੇਡ ਦੀ ਗੱਡੀ ਦਾ ਪਾਣੀ ਸੜਕ ਦੇ ਡੋਲ ਕੇ ਟੈਂਕਰ ਖਾਲੀ ਕਰ ਦਿੱਤਾ।
ਇਸੇ ਦੌਰਾਨ ਕਿਸਾਨਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਮ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੂੰ ਮੰਗ ਪੱਤਰ ਦਿੱਤਾ। ਡੀਸੀ ਕਿਸਾਨਾਂ ਤੋਂ ਮੰਗ ਪੱਤਰ ਲੈ ਕੇ ਤੁਰੰਤ ਰਾਜਪਾਲ ਨੂੰ ਦੇਣ ਲਈ ਰਵਾਨਾ ਹੋ ਗਏ। ਇਸ ਮਗਰੋਂ ਕਿਸਾਨ ਸ਼ਾਂਤਮਈ ਵਾਪਸ ਮੁੜਨੇ ਸ਼ੁਰੂ ਹੋ ਗਏ ਹਨ। ਇਹ ਸਾਰੇ ਕਿਸਾਨ ਵਾਪਸ ਮੁਹਾਲੀ ਪਹੁੰਚੇ ਅਤੇ ਗੁਰਦੁਆਰਾ ਅੰਬ ਸਾਹਿਬ ਵਿਖੇ ਲੰਗਰ ਪਾਣੀ ਛਕਿਆ। ਇਸ ਉਪਰੰਤ ਸਾਰੇ ਕਿਸਾਨ ਆਪੋ ਆਪਣੇ ਵਾਹਨਾਂ ਵਿੱਚ ਸਵਾਰ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ।
ਇਸ ਮੌਕੇ ਦਵਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਨਿਆਮੀਆਂ, ਆਪ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਨਛੱਤਰ ਸਿੰਘ ਬੈਦਵਾਨ, ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਅਮਨ ਪੂਨੀਆ, ਨੰਬਰਦਾਰ ਹਰਵਿੰਦਰ ਸਿੰਘ ਸੋਹਾਣਾ, ਖੁਸ਼ਇੰਦਰ ਸਿੰਘ ਬੈਦਵਾਨ, ਓਮਿੰਦਰ ਓਮਾ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਬਿੰਦਰ ਸਿੰਘ ਸੈਣੀ, ਮਹਿਲਾ ਕੌਂਸਲਰ ਰਾਜਵੀਰ ਕੌਰ ਤੇ ਗੁਰਮੀਤ ਕੌਰ ਸਮੇਤ ਇਲਾਕੇ ਦੇ ਹੋਰ ਕਿਸਾਨ ਆਗੂ ਹਾਜ਼ਰ ਸਨ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ ਇਸ ਲਈ ਹੁਣ ਸਾਰੇ ਘਰ ਪਰਤ ਜਾਣ। ਚੰਡੀਗੜ੍ਹ ਵਿੱਚ ਦਾਖ਼ਲ ਹੋਣ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਪੁਲੀਸ ਨੇ ਜਾਣਬੁੱਝ ਕੇ ਕਿਸਾਨਾਂ ਨੂੰ ਉਕਸਾਇਆ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਪਹਿਲਾਂ ਹੀ ਐਲਾਨ ਕਰ ਚੁੱਕ ੇਸੀ ਕਿ ਉਨ੍ਹਾਂ ਦਾ ਮਾਰਚ ਸ਼ਾਤੀਪੂਰਨ ਰਹੇਗਾ ਫਿਰ ਚੰਡੀਗੜ੍ਹ ਪੁਲੀਸ ਨੇ ਪਾਣੀ ਦੀਆਂ ਬੁਛਾਰਾਂ ਕਿਉਂ ਸੁੱਟੀਆਂ।
ਸ੍ਰੀ ਰਾਜੇਵਾਲ ਨੇ ਕਿਹਾ ਕਿ ਸਾਡੀ ਰੈਲੀ ਸ਼ਾਂਤੀਪੂਰਨ ਚੱਲ ਰਹੀ ਸੀ। ਵਾਈਪੀਐਸ ਚੌਕ ਤੋਂ ਅੱਗੇ ਗੀਤਾ ਭਵਨ ਮੰਦਰ ਕੋਲ ਚੰਡੀਗੜ੍ਹ ਪੁਲੀਸ ਨੇ ਅਚਾਨਕ ਹੀ ਕਾਰਵਾਈ ਸ਼ੁਰੂ ਕਰ ਦਿੱਤੀ। ਰੈਲੀ ਦੌਰਾਨ ਕਈ ਵੱਡੇ ਆਗੂ ਕਿਸਾਨਾਂ ਤੋਂ ਪਿੱਛੇ ਚੱਲ ਰਹੇ ਸਨ। ਉਨ੍ਹਾਂ ਸਵਾਲ ਕੀਤਾ ਕਿ ਕਿਸਾਨਾਂ ਦੇ ਚੰਡੀਗੜ੍ਹ ਬਾਰਡਰ ਪਹੁੰਚਣ ’ਤੇ ਚੰਡੀਗੜ੍ਹ ਪੁਲੀਸ ਜਾਂ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੀ ਥਾਂ ਸਿੱਧੇ ਕਾਰਵਾਈ ਕਿਉਂ ਸ਼ੁਰੂ ਕਰ ਦਿੱਤੀ। ਸ੍ਰੀ ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਨੀਂਹ ਪੰਜਾਬ ਵਿੱਚ ਰੱਖੀ ਗਈ ਪਰ ਹੁਣ ਇਹ ਵਿਸ਼ਵ ਭਰ ਵਿਚ ਫੈਲ ਚੁੱਕਾ ਹੈ ਜਿਹੜੇ ਲੋਕ ਖੇਤੀ ਕਾਨੂੰਨਾਂ ਨੂੰ ਠੀਕ ਕਹਿ ਰਹੇ ਹਨ, ਉਹ ਆਪਣੇ ਬੱਚਿਆਂ ਦੇ ਆਗਾਮੀ ਭਵਿੱਖ ਦੇ ਨਾਲ ਧੋਖਾ ਕਰ ਰਹੇ ਹਨ ਅਤੇ ਬਾਅਦ ਵਿਚ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਕੋਸਣਗੀਆਂ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਰਵਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਨਹੀਂ ਹੋਣ ਦੇਣਾ ਸੀ ਤਾਂ ਬਾਰਡਰ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਗੱਲ ਕਰਨ ਲਈ ਕਿਉਂ ਨਹੀਂ ਸਨ। ਉਨ੍ਹਾਂ ਕਿਹਾ ਕਿ ਸਾਡੀਆਂ ਪੱਗਾਂ ਲਾਹੀਆਂ ਗਈਆਂ ਹਨ।

ਸੰਯੁਕਤ ਕਿਸਾਨ ਮੋਰਚੇ ਦੇ ਕਨਵੀਨਰ ਰੁਲਦੂ ਸਿੰਘ ਮਾਨਸਾ, ਸਤਨਾਮ ਸਿੰਘ ਬਹਿਰੂ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਕੇਂਦਰ ਵੱਲੋਂ ਗੈਰ-ਸੰਵਿਧਾਨਕ ਤੌਰ ’ਤੇ ਪਾਸ ਕੀਤੇ ਗਏ ਖੇਤੀ ਕਾਨੂੰਨ ਸੂਬੇ ਦੇ ਅਧਿਕਾਰਾਂ ਵਿੱਚ ਸਿੱਧਾ ਦਖ਼ਲ ਹੈ। ਉਨ੍ਹਾਂ ਕਿਹਾ ਕਿ ਚਾਹੇ ਸੰਘਰਸ਼ 2024 ਤੱਕ ਜਾਂ ਫਿਰ ਜੀਵਨ ਭਰ ਚੱਲੇ ਪਰ ਅੰਦੋਲਨ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਖਤਮ ਹੋਵੇਗਾ। ਕੇਂਦਰ ਚਾਹੇ ਕਿਸਾਨਾਂ ਨੂੰ ਗੋਲੀ ਮਾਰੇ ਜਾਂ ਫਿਰ ਜੇਲ੍ਹਾਂ ਵਿੱਚ ਬੰਦ ਕਰੇ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …