ਖੇਤੀਬਾੜੀ ਵਿਭਾਗ ਨੇ ਵਿਸ਼ਵ ਦਾਲ ਦਿਵਸ ਮਨਾਇਆ: ਡਾ. ਗੁਰਮੇਲ ਸਿੰਘ
ਨਬਜ਼-ਏ-ਪੰਜਾਬ, ਮੁਹਾਲੀ, 10 ਫਰਵਰੀ:
ਵਿਸ਼ਵ ਦਾਲ ਦਿਵਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਸਿਆਲਬਾ, ਮਾਜਰੀ, ਖੇੜਾ, ਫਤਿਹਪੁਰ, ਬੂਥਗੜ੍ਹ, ਸੰਗਤਪੁਰਾ ਅਤੇ ਖਿਜਰਾਬਾਦ ਵਿਖੇ ਪੀਏਯੂ ਲੁਧਿਆਣਾ ਵੱਲੋਂ ਮਾਨਤਾ ਪ੍ਰਾਪਤ ਛੋਲੇ ਅਤੇ ਮਸਰ ਦੇ ਪ੍ਰਦਰਸ਼ਨੀ ਪਲਾਟਾਂ ਦਾ ਨਿਰੀਖਣ ਕੀਤਾ ਗਿਆ। ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਨੇ ਦਾਲਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਦੱਸਿਆ ਕਿ ਦਾਲਾਂ ਮਨੁੱਖੀ ਸਿਹਤ ਅਤੇ ਮਿੱਟੀ ਦੀ ਗੁਣਵੱਤਾ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਣ ਲਈ ਆਪਣੀ ਜ਼ਮੀਨ ਦਾ ਕੁਝ ਰਕਬਾ ਦਾਲਾਂ ਹੇਠ ਲਿਆਂਦਾ ਜਾਵੇ।
ਡਾ. ਰਮਨ ਕਰੋੜੀਆ ਖੇਤੀਬਾੜੀ ਅਫ਼ਸਰ ਮਾਜਰੀ ਨੇ ਗਰਮ ਰੁੱਤ ਅਤੇ ਸਾਉਣੀ ਰੁੱਤ ਵਿੱਚ ਮੂੰਗੀ ਅਤੇ ਮਾਂਹ ਦੀਆਂ ਬੀਜੀਆਂ ਜਾਣ ਵਾਲੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਬਲਾਕ ਖਰੜ ਦੇ ਪਿੰਡ ਰੁੜਕੀ ਪੁਖਤਾ ਅਤੇ ਬਲਾਕ ਡੇਰਾਬਸੀ ਦੇ ਪਿੰਡ ਬਾਕਰਪੁਰ ਵਿਖੇ ਵੀ ਵਿਸ਼ਵ ਦਾਲ ਦਿਵਸ ਮਨਾਇਆ ਗਿਆ।
ਵਿਸ਼ਵ ਦਾਲ ਦਿਵਸ ਮੌਕੇ ਡਾ. ਜਸਵਿੰਦਰ ਸਿੰਘ ਏਡੀਓ, ਸ੍ਰੀਮਤੀ ਸ਼ਿਖਾ ਸਿੰਗਲਾ, ਡੀਪੀਡੀ (ਆਤਮਾ) ਅੰਮ੍ਰਿਤਪਾਲ ਸਿੰਘ ਖੇਤੀਬਾੜੀ ਉਪ ਨਿਰੀਖਕ, ਪੁਨੀਤ ਗੁਪਤਾ ਬੀਟੀਐਮ ਮਨਜੀਤ ਸਿੰਘ, ਜਸਵੰਤ ਸਿੰਘ, ਕਮਲਦੀਪ ਸਿੰਘ, ਸ੍ਰੀਮਤੀ ਸਿਮਰਨਜੀਤ ਕੌਰ ਏਟੀਐਮ ਅਤੇ ਸੋਮਨਾਥ, ਪਰਮਜੀਤ ਸਿੰਘ, ਜਸਮੇਰ ਸਿੰਘ, ਰਾਜਵੀਰ ਸਿੰਘ, ਵਿਸਵਨਾਥ, ਪ੍ਰੇਮ ਸਿੰਘ, ਰਣਬੀਰ ਸਿੰਘ, ਬਲਜੀਤ ਸਿੰਘ, ਬਲਵਿੰਦਰ ਸਿੰਘ ਅਤੇ ਵੱਖ-ਵੱਖ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।